Close
Menu

ਫ਼ੌਜ ਵੱਲੋਂ ਅਤਿਵਾਦ ਨੂੰ ਜੜ੍ਹੋਂ ਪੁੱਟਣ ਦਾ ਤਹੱਈਆ: ਮੋਦੀ

-- 25 February,2019

ਨਵੀਂ ਦਿੱਲੀ, 25 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਫ਼ੌਜ ਨੇ ਅਤਿਵਾਦੀਆਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਦਾ ਸਫ਼ਾਇਆ ਕਰਨ ਦਾ ਤਹੱਈਆ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਵਿਚ ਸ਼ਹੀਦ ਜਵਾਨ ਹਮੇਸ਼ਾ ਮੁਲਕ ਦੇ ਲੋਕਾਂ ਨੂੰ ਅਤਿਵਾਦ ਨੂੰ ਜੜ੍ਹੋਂ ਪੁੱਟਣ ਲਈ ਪ੍ਰੇਰਿਤ ਕਰਦੇ ਰਹਿਣਗੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਵਜੋਂ ਆਪਣੇ 53ਵੇਂ ਤੇ ਆਖ਼ਰੀ ‘ਮਨ ਕੀ ਬਾਤ’ ਪ੍ਰੋਗਰਾਮ ਦਾ ਪ੍ਰਸਾਰਣ ਕਰਦਿਆਂ ਸ੍ਰੀ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਅਤਿਵਾਦ ਦੀ ਚੁਣੌਤੀ ਨਾਲ ਨਜਿੱਠਣ ਲਈ ਜਾਤ-ਪਾਤ, ਖੇਤਰਵਾਦ ਤੇ ਫ਼ਿਰਕਾਪ੍ਰਸਤੀ ਤੋਂ ਉਤਾਂਹ ਉੱਠਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਵਖ਼ਰੇਵੇਂ ਭੁਲਾ ਕੇ ਅਤਿਵਾਦ ਖ਼ਿਲਾਫ਼ ਪਹਿਲਾਂ ਨਾਲੋਂ ਵੱਧ ਫ਼ੈਸਲਾਕੁਨ ਤੇ ਸਖ਼ਤ ਹੋਣ ਦੀ ਲੋੜ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੁਲਵਾਮਾ ਹਮਲੇ ਲਈ ਜ਼ਿੰਮੇਵਾਰ ਜੈਸ਼-ਏ-ਮੁਹੰਮਦ ਦਾ ਸਿੱਧਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ‘ਫ਼ੌਜ ਨੇ 100 ਘੰਟਿਆਂ ਵਿਚ ਹੀ ਜਵਾਬ ਦੇ ਦਿੱਤਾ ਹੈ’। ਪ੍ਰਧਾਨ ਮੰਤਰੀ ਭਲਕੇ ਕੌਮੀ ਜੰਗੀ ਯਾਦਗਾਰ ਦਾ ਉਦਘਾਟਨ ਕਰਨਗੇ। ਉਨ੍ਹਾਂ ਇਸ ਦੌਰਾਨ ਆਦਿਵਾਸੀਆਂ ਦੇ ਹੱਕਾਂ ਲਈ ਲੜਨ ਵਾਲੇ ਬਿਰਸਾ ਮੁੰਡਾ, ਸਨਅਤਕਾਰ ਜਮਸ਼ੇਦਜੀ ਟਾਟਾ, ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੂੰ ਮੁਲਕ ਲਈ ਦਿੱਤੇ ਯੋਗਦਾਨ ਵਾਸਤੇ ਯਾਦ ਕੀਤਾ। ਉਨ੍ਹਾਂ ਪਦਮ ਸਨਮਾਨ ਜਿੱਤਣ ਵਾਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਨ੍ਹਾਂ ਵਿਚੋਂ 12 ਜਣੇ ਕਿਸਾਨ ਹਨ।

Facebook Comment
Project by : XtremeStudioz