Close
Menu

ਬਲੋਚਿਸਤਾਨ ’ਚ 14 ਮੁਸਾਫਰਾਂ ਨੂੰ ਬੱਸਾਂ ’ਚੋਂ ਉਤਾਰ ਕੇ ਗੋਲੀਆਂ ਮਾਰੀਆਂ

-- 19 April,2019

ਕਰਾਚੀ, 19 ਅਪਰੈਲ
ਪਾਕਿਸਤਾਨ ਦੇ ਗੜਬੜੀ ਵਾਲੇ ਬਲੋਚਿਸਤਾਨ ਸੂਬੇ ’ਚ ਅਰਧ ਸੈਨਿਕ ਦਸਤਿਆਂ ਦੀ ਵਰਦੀਆਂ ਵਾਲੇ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ ਕੌਮੀ ਮਾਰਗ ’ਤੇ ਮੁਸਾਫਰਾਂ ਨੂੰ ਬੱਸਾਂ ’ਚੋਂ ਜਬਰੀ ਉਤਾਰ ਕੇ ਘੱਟ ਤੋਂ ਘੱਟ 14 ਵਿਅਕਤੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਪੁਲੀਸ ਨੇ ਦੱਸਿਆ ਕਿ ਕਰੀਬ 15 ਤੋਂ 20 ਬੰਦੂਕਧਾਰੀਆਂ ਨੇ ਕਰਾਚੀ ਤੇ ਗਵਾਦਰ ਵਿਚਾਲੇ 5-6 ਬੱਸਾਂ ਰੋਕੀਆਂ। ਉਨ੍ਹਾਂ ਬਲੋਚਿਸਤਾਨ ਦੇ ਓਰਮਾਰਾ ਇਲਾਕੇ ’ਚ ਮਕਰਾਨ ਤੱਟੀ ਰਾਜਮਾਰਗ ’ਤੇ ਬੱਸਾਂ ਰੋਕੀਆਂ, ਯਾਤਰੀਆਂ ਦੇ ਪਛਾਣ ਪੱਤਰਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਹੇਠਾਂ ਉਤਾਰ ਕੇ ਗੋਲੀ ਮਾਰ ਦਿੱਤੀ। ਬਲੋਚਿਸਤਾਨ ਦੇ ਡਾਇਰੈਕਟਰ ਜਨਰਲ ਮੋਹਸਿਨ ਹਸਨ ਬੱਟ ਨੇ ਦੱਸਿਆ ਕਿ ਨੀਮ ਫੌਜੀ ਦਸਤੇ ਫਰੰਟੀਅਰ ਕੋਰ ਦੀ ਵਰਦੀ ਪਹਿਨੀ ਕਰੀਬ 15-20 ਬੰਦੂਕਧਾਰੀ ਬੁਜੀ ਟੌਪ ਇਲਾਕੇ ’ਚ ਅੱਜ ਸਵੇਰੇ ਵਾਪਰੀ ਘਟਨਾ ’ਚ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਕੁੱਲ 16 ਵਿਅਕਤੀਆਂ ਨੂੰ ਬੱਸਾਂ ’ਚੋਂ ਹੇਠਾਂ ਉਤਾਰਿਆ ਗਿਆ ਅਤੇ 14 ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਜਦਕਿ ਦੋ ਵਿਅਕਤੀ ਬਚਣ ’ਚ ਕਾਮਯਾਬ ਹੋ ਗਏ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਜਿਆ ਲਾਂਗੋਵ ਨੇ ਦੱਸਿਆ ਕਿ ਹਮਲਾਵਰਾਂ ਨੇ ਫੌਜੀਆਂ ਵਰਗੀ ਵਰਦੀ ਪਾ ਕੇ ਮੁਸਾਫਰਾਂ ਦੀ ਜਾਂਚ ਕੀਤੀ ਅਤੇ ਹਮਲੇ ਨੂੰ ਅੰਜਾਮ ਦਿੱਤਾ। ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ ਹੈ।
ਬਲੋਚਿਸਤਾਨ ਦੇ ਮੁੱਖ ਮੰਤਰੀ ਜਾਮ ਕਮਾਲ ਨੇ ਘਟਨਾ ਦੀ ਨਿੰਦਾ ਕੀਤੀ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ।

Facebook Comment
Project by : XtremeStudioz