Close
Menu

ਬਾਰਦਾਣੇ ਦੇ ਸੰਕਟ ਲਈ ਕੈਪਟਨ ਸਰਕਾਰ ਵੀ ਬਰਾਬਰ ਜ਼ਿੰਮੇਵਾਰ-ਕੁਲਤਾਰ ਸਿੰਘ ਸੰਧਵਾਂ

-- 06 May,2019

ਪੰਜਾਬ ਨਾਲ ਮੋਦੀ ਦੇ ਪੱਖਪਾਤ ਬਾਰੇ ਹਰਸਿਮਰਤ ਬਾਦਲ ਤੋਂ ਜਵਾਬ ਮੰਗੇ ਜਨਤਾ

ਚੰਡੀਗੜ੍ਹ, 6 ਮਈ 2019

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਦੀਆਂ ਮੰਡੀਆਂ ‘ਚ ਬਾਰਦਾਣੇ ਦੀ ਕਮੀ ਕਾਰਨ ਪੈਦਾ ਹੋਏ ਗੰਭੀਰ ਸੰਕਟ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਨਾਲ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬਰਾਬਰ ਦੀ ਜ਼ਿੰਮੇਵਾਰ ਦੱਸਿਆ ਹੈ।

‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਦੇ ਕਿਸਾਨ ਕੈਪਟਨ ਅਤੇ ਮੋਦੀ ਸਰਕਾਰ ਦੇ ਏਜੰਡੇ ‘ਤੇ ਹੀ ਨਹੀਂ ਹਨ। ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਫ਼ਸਲ ਦੀ ਬਿਜਾਈ ਦੇ ਨਾਲ ਹੀ ਬਾਰਦਾਣੇ ਦੀ ਖ਼ਰੀਦ-ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਅਰਥਾਤ 6 ਮਹੀਨੇ ਪਹਿਲਾਂ ਸ਼ੁਰੂ ਹੋਣ ਵਾਲੀ ਪ੍ਰਕਿਰਿਆ ਦੇ ਫਲਾਪ ਰਹਿਣ ‘ਤੇ ਅੱਜ ਕੈਪਟਨ ਅਮਰਿੰਦਰ ਸਿੰਘ ਇੱਧਰ-ਉੱਧਰ ਦੂਸ਼ਣਬਾਜ਼ੀ ਕਰਨ ਲੱਗੇ ਹਨ, ਜਦਕਿ ਮੰਡੀਆਂ ‘ਚ ਅਨਾਜ ਦੇ ਅੰਬਾਰ ਲੱਗਣ ਲੱਗੇ ਹਨ, ਜਿਸ ਦਾ ਖ਼ਮਿਆਜ਼ਾ ਕਿਸਾਨ ਅਤੇ ਆੜ੍ਹਤੀ-ਭਾਈਚਾਰੇ ਨੂੰ ਭੁਗਤਣਾ ਪੈ ਰਿਹਾ ਹੈ। ਸੰਧਵਾਂ ਨੇ ਕੇਂਦਰ ਸਰਕਾਰ ਦੀ ਸਖ਼ਤ ਨਿੰਦਿਆਂ ਕਰਦੇ ਹੋਏ ਕਿਹਾ ਕਿ ਕੇਂਦਰ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬਾਰਦਾਣਾ ਹਰਿਆਣਾ ਨੂੰ ਭੇਜਣਾ ਵੀ ਇਸੇ ਵਿਤਕਰੇਬਾਜ਼ੀ ਦਾ ਹਿੱਸਾ ਹੈ। ਸੰਧਵਾਂ ਨੇ ਕਿਹਾ ਕਿ ਅੱਜ ਬਾਦਲ ਜਵਾਬ ਦੇਣ ਕਿ ਕੀ ਉਹ ਆਪਣੀ ਨੂੰਹ ਦੀ ਵਜ਼ੀਰੀ ਲਈ ਹੀ ਭਾਜਪਾ ਨਾਲ ਗੱਠਜੋੜ ਕਰਦੇ ਹਨ? ਕੀ ਉਨ੍ਹਾਂ ਲਈ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਕੋਈ ਅਰਥ ਨਹੀਂ ਰੱਖਦੇ?

ਸੰਧਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰਸਿਮਰਤ ਕੌਰ ਬਾਦਲ ਤੋਂ ਜਵਾਬ ਮੰਗਣ ਕਿਉਂਕਿ ਹਰਸਿਮਰਤ ਬਾਦਲ ਮੋਦੀ ਸਰਕਾਰ ਦੀ ਵਜ਼ੀਰੀ ਭੋਗ ਰਹੇ ਹਨ।

Facebook Comment
Project by : XtremeStudioz