Close
Menu

ਬਿਮਾਰ ਹੋਣ ਕਾਰਨ ਦਲਾਈ ਲਾਮਾ ਹਸਪਤਾਲ ਦਾਖ਼ਲ

-- 11 April,2019

ਨਵੀਂ ਦਿੱਲੀ/ਪੇਈਚਿੰਗ, 11 ਅਪਰੈਲ
ਚੀਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਤਿੱਬਤ ਦੇ ਅਧਿਆਤਮਕ ਆਗੂ ਦਲਾਈ ਲਾਮਾ ਦੇ ਕਿਸੇ ਵੀ ਜਾਨਸ਼ੀਨ ਨੂੰ ਉਸ ਦੀ ਮਨਜ਼ੂਰੀ ਲੈਣੀ ਪਏਗੀ। ਦਲਾਲੀ ਲਾਮਾ (83) ਨੂੰ ਛਾਤੀ ਵਿਚ ਲਾਗ ਹੋਣ ਕਾਰਨ ਨਵੀਂ ਦਿੱਲੀ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਮੁਤਾਬਕ ਉਨ੍ਹਾਂ ਦੀ ਹਾਲਤ ਸਥਿਰ ਹੈ। ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਤੇ ਕੌਮਾਂਤਰੀ ਪ੍ਰਸਿੱਧੀ ਹਾਸਲ ਸ਼ਖ਼ਸੀਅਤ ਦਲਾਈ ਲਾਮਾ ਧਰਮਸ਼ਾਲਾ ਤੋਂ ਸਿਹਤ ਜਾਂਚ ਲਈ ਇੱਥੇ ਆਏ ਸਨ। ਉਨ੍ਹਾਂ ਨੂੰ ਕੁਝ ਦਿਨ ਹਸਪਤਾਲ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਚੀਨ ਦੇ ਕੋਲ ਉਨ੍ਹਾਂ ਦੇ ਜਾਨਸ਼ੀਨ ਦੀ ਨਿਯੁਕਤੀ ਕਰਨ ਦੀ ਕਿਸੇ ਯੋਜਨਾ ਬਾਰੇ ਪੁੱਛੇ ਜਾਣ ’ਤੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਕਿਹਾ ਕਿ ਚੀਨ ਦੀ ਸਰਕਾਰ ਪੁਨਰ ਜਨਮ ਜ਼ਰੀਏ ਚੁਣੇ ਗਏ ਦਲਾਈ ਲਾਮਾ ਦੇ ਜਾਨਸ਼ੀਨ ਨੂੰ ਮਨਜ਼ੂਰੀ ਦੇਵੇਗੀ। ਤਰਜਮਾਨ ਨੇ ਕਿਹਾ ਕਿ ਉਨ੍ਹਾਂ ਨੂੰ 14ਵੇਂ (ਵਰਤਮਾਨ) ਦਲਾਈ ਲਾਮਾ ਦੀ ਸਿਹਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਿੱਥੋਂ ਤੱਕ ਪੁਨਰ ਜਨਮ ਮੁੱਦੇ ਦਾ ਸਬੰਧ ਹੈ, ਇਹ ਸਪੱਸ਼ਟ ਹੈ ਕਿ ਪੁਨਰ ਜਨਮ ਤਿੱਬਤੀ ਬੁੱਧ ਧਰਮ ਦੀ ਇਕ ਵਿਸ਼ੇਸ਼ ਵਿਰਾਸਤ ਪ੍ਰਣਾਲੀ ਹੈ। ਲੂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਵਿਰਾਸਤ ਦਾ ਮਾਣ ਰੱਖਣ ਤੇ ਸੁਰੱਖਿਆ ਲਈ ਵਿਸ਼ੇਸ਼ ਨੇਮ ਹਨ। 14ਵੇਂ ਦਲਾਈ ਲਾਮਾ ਨੂੰ ਖੁ਼ਦ ਤੈਅ ਧਾਰਮਿਕ ਰਵਾਇਤਾਂ ਮੁਤਾਬਕ ਮਾਨਤਾ ਮਿਲੀ ਤੇ ਇਸ ਨੂੰ ਮੌਜੂਦਾ ਸਰਕਾਰ ਤੋਂ ਮਨਜ਼ੂਰੀ ਮਿਲੀ ਸੀ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਦਲਾਈ ਲਾਮਾ ਨੂੰ ਚੀਨ ਦੇ ਕੌਮੀ ਕਾਨੂੰਨਾਂ, ਨੇਮਾਂ ਤੇ ਧਾਰਮਿਕ ਰੀਤੀ-ਰਿਵਾਜ਼ਾਂ ਸਹਿਤ ਪੁਨਰ ਜਨਮ ਦਾ ਪਾਲਣ ਕਰਨਾ ਚਾਹੀਦਾ ਹੈ।

Facebook Comment
Project by : XtremeStudioz