Close
Menu

ਬੈਡਮਿੰਟਨ: ਪੀਵੀ ਸਿੰਧੂ ਆਲ ਇੰਗਲੈਂਡ ਤੋਂ ਬਾਹਰ

-- 07 March,2019

ਬਰਮਿੰਘਮ, 7 ਮਾਰਚ
ਭਾਰਤੀ ਸੀਨੀਅਰ ਸ਼ਟਲਰ ਪੀਵੀ ਸਿੰਧੂ ਨੂੰ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ਦੇ ਸਖ਼ਤ ਮੁਕਾਬਲੇ ਵਿੱਚ ਅੱਜ ਇੱਥੇ ਕੋਰੀਆ ਦੀ ਸੁੰਗ ਜੀ ਹਿਊਨ ਤੋਂ ਹਾਰ ਝੱਲਣੀ ਪਈ। ਪੁਰਸ਼ ਸਿੰਗਲਜ਼ ਵਿੱਚ ਸਿੰਗਾਪੁਰ ਓਪਨ ਦੇ ਸਾਬਕਾ ਚੈਂਪੀਅਨ ਬੀ ਸਾਈ ਪ੍ਰਣੀਤ ਨੇ ਹਮਵਤਨ ਭਾਰਤੀ ਐਚਐਸ ਪ੍ਰਣਯ ਨੂੰ ਕਰੀਬੀ ਮੁਕਾਬਲੇ ਵਿੱਚ 21-19, 21-19 ਨਾਲ ਹਰਾਇਆ।
ਪੀਵੀ ਸਿੰਧੂ ਨੂੰ ਸੁੰਗ ਜੀ ਖ਼ਿਲਾਫ਼ ਦੂਜੇ ਅਤੇ ਤੀਜੇ ਗੇਮ ਵਿੱਚ ਅੱਠ ਮੈਚ ਅੰਕ ਬਚਾਉਣ ਦੇ ਬਾਵਜੂਦ 16-21, 22-20, 18-21 ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਸਿੰਧੂ ਇਸ ਮੈਚ ਵਿੱਚ ਸੁੰਗ ਜੀ ਖ਼ਿਲਾਫ਼ ਅੱਠ ਜਿੱਤਾਂ ਅਤੇ ਛੇ ਹਾਰਾਂ ਦੇ ਰਿਕਾਰਡ ਨਾਲ ਉਤਰੀ ਸੀ, ਪਰ ਕੋਰਿਆਈ ਖਿਡਾਰਨ ਨੇ ਇੱਕ ਵਾਰ ਫਿਰ ਭਾਰਤੀ ਸ਼ਟਲਰ ਨੂੰ ਪ੍ਰੇਸ਼ਾਨ ਕਰਦਿਆਂ 81 ਮਿੰਟ ਵਿੱਚ ਜਿੱਤ ਦਰਜ ਕੀਤੀ। ਪੀਵੀ ਸਿੰਧੂ ਨੇ ਦੂਜੇ ਗੇਮ ਵਿੱਚ 17-20 ਦੇ ਸਕੋਰ ’ਤੇ ਤਿੰਨ ਮੈਚ ਅੰਕ ਬਚਾਏ ਅਤੇ ਮੈਚ ਨੂੰ ਤੀਜੇ ਅਤੇ ਫ਼ੈਸਲਾਕੁੰਨ ਗੇਮ ਤੱਕ ਖਿੱਚਿਆ। ਤੀਜੇ ਗੇਮ ਵਿੱਚ ਵੀ ਸਿੰਧੂ ਨੇ ਪੰਜ ਮੈਚ ਅੰਕ ਬਚਾਏ, ਪਰ ਇਸ ਮਗਰੋਂ ਚੌਥੀ ਵਾਰ ਦਸ ਲੱਖ ਡਾਲਰ ਇਨਾਮੀ ਇਸ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚੋਂ ਬਾਹਰ ਹੋ ਗਈ। ਸੁੰਗ ਜੀ ਹੁਣ ਅਗਲੇ ਗੇੜ ਵਿੱਚ ਹਾਂਗਕਾਂਗ ਦੀ ਚਿਯੁੰਗ ਐਨਗਾਨ ਯੀ ਨਾਲ ਭਿੜੇਗੀ। ਪੀਵੀ ਸਿੰਧੂ ਨੇ ਮੈਚ ਮਗਰੋਂ ਕਿਹਾ, ‘‘ਮੇਰਾ ਖ਼ਿਆਲ ਹੈ ਕਿ ਮੈਨੂੰ ਉਸ ਨੂੰ ਸ਼ੁਰੂ ਤੋਂ ਲੀਡ ਨਹੀਂ ਲੈਣ ਦੇਣੀ ਚਾਹੀਦੀ ਸੀ। ਮੈਂ ਉਸ ਨੂੰ ਕਾਫ਼ੀ ਅੰਕ ਦੇ ਦਿੱਤੇ, ਜਿਸ ਦੀ ਪੂਰਤੀ ਕਰਨਾ ਮੁਸ਼ਕਲ ਸੀ।’’
ਮਹਿਲਾ ਡਬਲਜ਼ ਵਿੱਚ ਮੇਘਨਾ ਜੱਕਮਪੁਡੀ ਅਤੇ ਪੁਰਵਿਸ਼ਾ ਐਸ ਰਾਮ ਦੀ ਜੋੜੀ ਨੂੰ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਏਕਾਤੇਰਿਨਾ ਬੋਲਤੋਵਾ ਅਤੇ ਐਲਿਨ ਦੇਵੇਲਤੋਵਾ ਦੀ ਰੂਸ ਦੀ ਜੋੜੀ ਤੋਂ 21-18, 12-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Facebook Comment
Project by : XtremeStudioz