Close
Menu

ਬੈਡਮਿੰਟਨ: ਸਾਇਨਾ ਅਤੇ ਸ੍ਰੀਕਾਂਤ ਆਲ ਇੰਗਲੈਂਡ ਦੇ ਦੂਜੇ ਗੇੜ ’ਚ

-- 08 March,2019

ਬਰਮਿੰਘਮ, 8 ਮਾਰਚ
ਭਾਰਤ ਦੀ ਸਾਇਨਾ ਨੇਹਵਾਲ ਅਤੇ ਕਿਦੰਬੀ ਸ੍ਰੀਕਾਂਤ ਨੇ ਇੱਥੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸਿੱਧੇ ਸੈੱਟਾਂ ਦੇ ਵਿੱਚ ਜਿੱਤ ਦਰਜ ਕਰਦਿਆਂ ਮਹਿਲਾ ਅਤੇ ਪੁਰਸ਼ ਵਰਗ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਸਾਬਕਾ ਉਪ ਜੇਤੂ ਸਾਇਨਾ ਨੇ ਬੁੱਧਵਾਰ ਰਾਤ ਨੂੰ ਸਕਾਟਲੈਂਡ ਦੀ ਕ੍ਰਿਸਟੀਗਿਲਮੋਰ ਨੂੰ 35 ਮਿੰਟ ਵਿੱਚ 21-17,21-18 ਨਾਲ ਹਰਾਇਆ। ਸ੍ਰੀਕਾਂਤ ਨੇ ਫਰਾਂਸ ਦੇ ਬਰਾਈਸ ਲੇਵਰਡੇਜ਼ ਨੂੰ ਇੱਕਤਰਫਾ ਮੁਕਾਬਲੇ ਦੇ ਵਿੱਚ 21-13,21-11 ਨਾਲ ਘਰ ਨੂੰ ਤੋਰ ਦਿੱਤਾ।
ਦੂਜੇ ਗੇੜ ਦੇ ਵਿੱਚ ਸਾਇਨਾ ਦਾ ਸਾਹਮਣਾ ਡੈਨਮਾਰਕ ਦੀ ਲਾਈਨ ਹੋਮਮਾਰਕ ਜਾਰਸਫੈਲਟ ਨਾਲ ਹੋਵੇਗਾ। ਸ੍ਰੀਕਾਂਤ ਦੀ ਟੱਕਰ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਜੋਨਾਥਨ ਕ੍ਰਿਸਟੀ ਦੇ ਨਾਲ ਹੋਵੇਗੀ।
ਸਾਇਨਾ ਨੇ ਪਹਿਲਾ ਮੈਚ ਜਿੱਤਣ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਮੈਚ ਦਾ ਕਾਫੀ ਆਨੰਦ ਲਿਆ। ਆਮ ਖੇਡ ਮੁਕਾਬਲਿਆਂ ਦੇ ਮੁਕਾਬਲੇ ਇੱਥੇ ਖਿਡਾਰੀ ਵਧਰੇ ਟੱਕਰ ਦੇਣ ਦੀ ਕੋਸ਼ਿਸ਼ ਕਰਦੇ ਹਨ।
ਉਸ ਨੇ ਕਿਹਾ ਕਿ ਸਾਰੇ ਹੀ ਇਸ ਟਰਾਫੀ ਨੂੰ ਜਿੱਤਣਾ ਚਾਹੁੰਦੇ ਹਨ। ਉਸਨੇ ਕਿਹਾ ਕਿ ਖਿਡਾਰੀ ਨੂੰ ਆਪਣੇ ਉੱਤੇ ਦਬਾਅ ਨਹੀਂ ਬਣਨ ਦੇਣਾ ਚਾਹੀਦਾ ਹੈ। ਦਬਾਅ ਤੋਂ ਬਚਣ ਦਾ ਹੁਨਰ ਖਿਡਾਰੀ ਦੇ ਕੋਲ ਹੋਣਾ ਚਾਹੀਦਾ ਹੈ।
ਭਾਰਤ ਦਾ ਬੀ ਸਾਈ ਪ੍ਰਣੀਤ ਵੀ ਦੂਜੇ ਗੇੜ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ ਹੈ। ਉਸਦੀ ਦੂਜੇ ਗੇੜ ਵਿੱਚ ਟੱਕਰ ਹਾਂਗਕਾਂਗ ਦੇ ਐੱਨਜੀ ਕਾ ਲੋਂਗ ਐਂਗਜ਼ ਦੇ ਨਾਲ ਹੋਵੇਗੀ। ਇਕ ਹੋਰ ਭਾਰਤੀ ਖਿਡਾਰੀ ਸਮੀਰ ਵਰਮਾ ਪਹਿਲੀ ਗੇਮ ਜਿੱਤਣ ਦੇ ਬਾਵਜੂਦ ਸਾਬਕਾ ਵਿਸ਼ਵ ਚੈਂਪੀਅਨ ਵਿਕਟਰ ਐਕਸੇਲਸੇਨ ਤੋਂ 21-16, 18-21, 14-21 ਦੇ ਨਾਲ ਹਾਰ ਗਿਆ।
ਭਾਰਤ ਦੀ ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੈਡੀ ਦੀ ਜੋੜੀ ਮਹਿਲਾ ਡਬਲਜ਼ ਦੇ ਵਿੱਚ ਜਾਪਾਨ ਦੀਆਂ ਖਿਡਾਰਨਾਂ ਤੋਂ ਹਾਰ ਗਈ। ਮਿਸ਼ਰਤ ਦੇ ਵਿੱਚ ਵੀ ਪੁਨੱਪਾ ਤੇ ਪ੍ਰਣਬ ਜੈਰੀ ਚੌਪੜਾ ਦੀ ਜੋੜੀ ਹਾਂਗਕਾਂਗ ਦੀ ਜੋੜੀ ਤੋਂ ਹਾਰ ਗਈ।

Facebook Comment
Project by : XtremeStudioz