Close
Menu

ਬੱਦਲਾਂ ਬਾਰੇ ਟਿੱਪਣੀ ਨਾਲ ਸੋਸ਼ਲ ਮੀਡੀਆ ’ਤੇ ਘਿਰੇ ਮੋਦੀ

-- 13 May,2019

ਨਵੀਂ ਦਿੱਲੀ, 13 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟੈਲੀਵਿਜ਼ਨ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕੀਤੀ ਇਸ ਟਿੱਪਣੀ ਕਿ ਬੱਦਲ ਤੇ ਮੀਂਹ ਭਾਰਤੀ ਲੜਾਕੂ ਜਹਾਜ਼ਾਂ ਨੂੰ ਪਾਕਿਸਤਾਨੀ ਰਾਡਾਰ ਦੇ ਘੇਰੇ ਵਿੱਚ ਆਉਣ ਤੋਂ ਰੋਕ ਸਕਦੇ ਹਨ, ਨੇ ਸੋਸ਼ਲ ਮੀਡੀਆ ’ਤੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਭਾਰਤੀ ਹਵਾਈ ਸੈਨਾ ਦੇ ਸੇਵਾ ਮੁਕਤ ਪਾਇਲਟਾਂ ਸਮੇਤ ਹੋਰ ਮਾਹਿਰ ਤੇ ਲੋਕ ਇਨ੍ਹਾਂ ਟਿੱਪਣੀਆਂ ਲਈ ਪ੍ਰਧਾਨ ਮੰਤਰੀ ਦਾ ਮੌਜੂ ਬਣਾਉਣ ਲੱਗੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜ਼ਮੀਨ ਅਧਾਰਿਤ ਰਾਡਾਰਾਂ ਨੂੰ ਬੱਦਲਾਂ ਜਾਂ ਮੀਂਹ ਨਾਲ ਕੋਈ ਫ਼ਰਕ ਨਹੀਂ ਪੈਂਦਾ। ਰਾਡਾਰ ਅਸਲ ਵਿੱਚ ਹਵਾ ਵਿੱਚ ਉਡਦੇ ਨਿਸ਼ਾਨਿਆਂ ਜਾਂ ਹੀਟ ਸਿਗਨੇਚਰਜ਼ (ਤਪਸ਼) ਦਾ ਪਤਾ ਲਾ ਲੈਂਦੀ ਹੈ। ਹਵਾਈ ਜਹਾਜ਼ ਦਾ ਇੰਜਨ ਤਪਸ਼ ਦਾ ਨਿਕਾਸ ਕਰਦਾ ਹੈ, ਜਿਸ ਨੂੰ ਦੁਸ਼ਮਣ ਮੁਲਕ ਦੀ ਰਾਡਾਰ ਫੜ ਲੈਂਦੀ ਹੈ।
ਟੀਵੀ ਚੈਨਲ ਨਿਊਜ਼ ਨੇਸ਼ਨ ਨੂੰ ਲੰਘੇ ਦਿਨ ਦਿੱਤੀ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਫਰਵਰੀ ਨੂੰ ਬਾਲਾਕੋਟ ਵਿੱਚ ਕੀਤੇ ਹਵਾਈ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ, ‘ਮੌਸਮ ਅਚਾਨਕ ਖ਼ਰਾਬ ਹੋ ਗਿਆ। ਅਸਮਾਨ ਵਿੱਚ ਬੱਦਲ ਸਨ…ਜ਼ੋਰਾਂ ਦਾ ਮੀਂਹ। ਖ਼ਦਸ਼ਾ ਸੀ ਕਿ ਕੀ ਅਸੀਂ ਬੱਦਲਵਾਈ ਦੇ ਚਲਦਿਆਂ ਅਸਮਾਨ ’ਚ ਜਾ ਸਕਦੇ ਹਾਂ ਕਿ ਨਹੀਂ। ਕਾਫ਼ੀ ਸੋਚ ਵਿਚਾਰ ਮਗਰੋਂ ਜ਼ਿਆਦਾਤਰ ਮਾਹਿਰਾਂ ਦੀ ਇਹ ਰਾਇ ਸੀ ਕਿ ਕਿਉਂ ਨਾ ਅਸੀਂ ਤਰੀਕ ਬਦਲ ਦੇਈਏ। ਮੇਰੇ ਦਿਮਾਗ ’ਚ ਉਸ ਵੇਲੇ ਦੋ ਗੱਲਾਂ ਸਨ। ਇਕ ਤਾਂ ਇਸ ਪੂਰੇ ਅਪਰੇਸ਼ਨ ਨੂੰ ਗੁਪਤ ਰੱਖਣਾ ਸੀ। ਤੇ ਦੂਜਾ ਇਹ ਕਿ ਮੈਨੂੰ ਵਿਗਿਆਨ ਦਾ ਪੂਰਾ ਗਿਆਨ ਨਹੀਂ ਸੀ। ਮੈਂ ਕਿਹਾ ਅਸਮਾਨ ’ਚ ਕਾਫ਼ੀ ਬੱਦਲਵਾਈ ਤੇ ਜ਼ੋਰਾਂ ਦੀ ਮੀਂਹ ਪੈ ਰਿਹਾ। ਮੇਰੀ ਕੱਚੀ ਪੱਕੀ ਸਮਝ ਨੇ ਕਿਹਾ ਕਿ ਸਾਨੂੰ ਬੱਦਲਾਂ ਦਾ ਵੀ ਲਾਹਾ ਮਿਲ ਸਕਦਾ ਹੈ। ਅਸੀਂ ਰਾਡਾਰ ਨੂੰ ਮਾਤ ਪਾ ਸਕਦੇ ਹਾਂ। ਹਰ ਕੋਈ ਸ਼ਸ਼ੋਪੰਜ ਵਿੱਚ ਸੀ। ਆਖਿਰ ਨੂੰ ਮੈਂ ਕਿਹਾ ਕਿ ਅਸਮਾਨ ’ਚ ਬੱਦਲਵਾਈ ਹੈ…ਚਲੋ ਅੱਗੇ ਵਧਦੇ ਹਾਂ।’ 26 ਫਰਵਰੀ ਨੂੰ ਵੱਡੇ ਤੜਕੇ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ (ਮਿਰਾਜ 2000 ਜੈੱਟਾਂ) ਨੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨੀ ਹਵਾਈ ਫੌਜ ਨੇ ਹਾਲਾਂਕਿ ਆਪਣੇ ਜੈੱਟ ਫ਼ੌਰੀ ਕੰਮ ’ਤੇ ਲਾ ਦਿੱਤੇ। ਮਿਰਾਜ ਜੈੱਟਾਂ ਨੇ ਜੰਮੂ-ਕਸ਼ਮੀਰ ’ਚ ਆਪਣੇ ਹਵਾਈ ਖੇਤਰ ’ਚ ਰਹਿੰਦਿਆ ਗਾਈਡਿਡ ‘ਸਪਾਈਸ’ ਬੰਬਾਂ ਦੀ ਮਦਦ ਨਾਲ ਨਿਸ਼ਾਨੇ ਲਾਏ। ਇਹ ਬੰਬ 80 ਕਿਲੋਮੀਟਰ ਤਕ ਦਾ ਸਫ਼ਰ ਕਰ ਸਕਦੇ ਹਨ ਤੇ ਇਨ੍ਹਾਂ ਦੀ ਆਪਣੀ ਗਾਈਡੈਂਸ ਪ੍ਰਣਾਲੀ ਹੈ।
ਮੋਦੀ ਵੱਲੋਂ ਹਵਾਈ ਹਮਲਿਆਂ ਬਾਰੇ ਸਾਂਝੀ ਕੀਤੀ ਜਾਣਕਾਰੀ ਨੂੰ ਭਾਜਪਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਟਵੀਟ ਕੀਤਾ ਸੀ, ਜਿਸ ਨੂੰ ਹੁਣ ਉਥੋੋਂ ਹਟਾ ਲਿਆ ਗਿਆ ਹੈ।

Facebook Comment
Project by : XtremeStudioz