Close
Menu

ਭਗਵੰਤ ਮਾਨ ਦੇ ਪੱਲੇ ਕੱਖ ਨਹੀਂ, ਲੇਲੜੀਆਂ ਕੱਢਣ ’ਤੇ ਵੀ ਉਸ ਨੂੰ ਕਾਂਗਰਸ ’ਚ ਸ਼ਾਮਲ ਨਹੀਂ ਕਰਾਂਗੇ-ਕੈਪਟਨ ਅਮਰਿੰਦਰ ਸਿੰਘ

-- 08 May,2019

ਬਠਿੰਡਾ, 8 ਮਈ

ਭਗਵੰਤ ਮਾਨ ਵੱਲੋਂ ਖਰੀਦੋ-ਫਰੋਖਤ ਦੇ ਲਾਏ ਦੋਸ਼ਾਂ ਨੂੰ ਪੂਰੀ ਤਰਾਂ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪ ਲੀਡਰ ਕੋਰਾ ਝੂਠ ਬੋਲ ਰਿਹਾ ਹੈ ਅਤੇ ਉਹ ਹਰ ਪਾਰਟੀ ਲਈ ਸਿਆਸੀ ਤੌਰ ’ਤੇ ਸਿਫਰ ਹੋ ਚੁੱਕਾ ਹੈ।

ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਲੀਡਰਾਂ ਅਤੇ ਵਰਕਰਾਂ ਦਾ ਸੱਤਾਧਾਰੀ ਪਾਰਟੀ ਵਿੱਚ ਆਉਣ ’ਤੇ ਨਿਰਾਸ਼ਾ ’ਚ ਡੁੱਬਿਆ ਭਗਵੰਤ ਮਾਨ ਕਾਂਗਰਸ ਵਿਰੁੱਧ ਬੇਬੁਨਿਆਦ ਦੋਸ਼ ਲਾ ਰਿਹਾ ਹੈ।

ਭਗਵੰਤ ਮਾਨ ਵੱਲੋਂ ਉਸ ਦੀ ਕੀਮਤ ਲਾਉਣ ਦੀ ਚੁਣੌਤੀ ’ਤੇ ਪਲਟਵਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪ ਲੀਡਰ ਦੇ ਪੱਲੇ ਕੱਖ ਨਹੀਂ ਹੈ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ,‘‘ਮਾਨ ਵੱਲੋਂ ਤਰਲੇ ਲੈਣ ’ਤੇ ਵੀ ਅਸੀਂ ਉਸ ਨੂੰ ਪੰਜਾਬ ਕਾਂਗਰਸ ਵਿੱਚ ਸ਼ਾਮਲ ਨਹੀਂ ਕਰਾਂਗੇ।’’

ਸੰਸਦੀ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਵੱਲੋਂ ਕਾਂਗਰਸ ਅਤੇ ਅਕਾਲੀਆਂ ਨੂੰ ਸਵਾਲ ਕਰਨ ’ਤੇ ਮੁੱਖ ਮੰਤਰੀ ਨੇ ਇਸ ਨੂੰ ਸਿਹਤਮੰਦ ਜਮਹੂਰੀਅਤ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਨਿੱਜੀ ਤੌਰ ’ਤੇ ਬਹੁਤ ਸਾਰੇ ਸਵਾਲ ਪੁੱਛੇ ਜਾ ਰਹੇ ਹਨ ਜਿਸ ਬਾਰੇ ਲੋਕਾਂ ਨੂੰ ਤਸੱਲੀਬਖਸ਼ ਜਵਾਬ ਦੇ ਕੇ ਉਨਾਂ ਨੂੰ ਖੁਸ਼ੀ ਹੁੰਦੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਹਰੇਕ ਵਾਅਦਾ ਪੂਰਾ ਕੀਤਾ ਜਾਵੇਗਾ।

ਬੇਅਦਬੀ ਮਾਮਲਿਆਂ ਵਿੱਚ ਐਸ.ਆਈ.ਟੀ. ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਨ ਚਿੱਟ ਨਾ ਦੇਣ ਬਾਰੇ ਇਕ ਵਾਰ ਫੇਰ ਸਪੱਸ਼ਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਚੋਣਾਂ ਮੁੱਕਣ ਤੋਂ ਤੁਰੰਤ ਬਾਅਦ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਐਸ.ਆਈ.ਟੀ. ਵਿੱਚ ਵਾਪਸ ਲਿਆਂਦਾ ਜਾਵੇਗਾ ਤਾਂ ਕਿ ਜਾਂਚ ਨੂੰ ਸਿੱਟੇ ’ਤੇ ਲਿਜਾਇਆ ਜਾ ਸਕੇ। ਉਨਾਂ ਕਿਹਾ ਕਿ ਸਮਾਜ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਦੋਸ਼ੀ ਬਖਸ਼ੇ ਨਹੀਂ ਜਾਣਗੇ। ਉਨਾਂ ਦੁਹਰਾਇਆ ਕਿ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਜ਼ਰੂਰ ਮਿਲੇਗੀ, ਭਾਵੇਂ ਉਹ ਕਿੰਨੇ ਹੀ ਅਸਰ-ਰਸੂਖ ਵਾਲੇ ਕਿਉਂ ਨਾ ਹੋਣ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਦੇਰੀ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਇਹ ਚੋਣਾਂ ਬਿਨਾਂ ਕਿਸੇ ਦੇਰੀ ਤੋਂ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਅਕਾਲੀ ਆਪਣੇ ਨਿੱਜੀ ਮੁਫ਼ਾਦਾਂ ਲਈ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਇਸ ਧਾਰਮਿਕ ਸੰਸਥਾ ਨੂੰ ਅਕਾਲੀ ਦਲ ਦੇ ਚੁੰਗਲ ’ਚੋਂ ਕੱਢਣ ਲਈ ਮੈਦਾਨ ਵਿੱਚ ਨਿੱਤਰਨ ਵਾਲੀ ਕਿਸੇ ਵੀ ਧਿਰ ਦਾ ਉਹ ਸਮਰਥਨ ਕਰਨਗੇ।

ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਜ਼ਾਹਰ ਕਰਦਿਆਂ ਕਿਹਾ ਕਿ ਇਨਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਬਾਦਲਾਂ ਅਤੇ ਅਕਾਲੀ ਦਲ ਦਾ ਮੁਕੰਮਲ ਸਫਾਇਆ ਕਰ ਦੇਵੇਗੀ।

Facebook Comment
Project by : XtremeStudioz