Close
Menu

ਭਾਜਪਾ ਵਿੱਦਿਆਸਾਗਰ ਦਾ ਬੁੱਤ ਬਣਾਉਣ ਲਈ ਵਚਨਬੱਧ: ਮੋਦੀ

-- 17 May,2019

ਮੇਓ (ਯੂਪੀ), 17 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਈਸ਼ਵਰ ਚੰਦਰ ਵਿੱਦਿਆਸਾਗਰ ਦੀ ਵਿਚਾਰਧਾਰਾ ਪ੍ਰਤੀ ਪ੍ਰਤੀਬੱਧ ਹੈ ਅਤੇ ਉਹ ਵਾਅਦਾ ਕਰਦੇ ਹਨ ਕਿ ਵਿੱਦਿਆਸਾਗਰ ਦਾ ਵੱਡਾ ਬੁੱਤ ਉਸੇ ਥਾਂ ’ਤੇ ਮੁੜ ਲਗਾਇਆ ਜਾਵੇਗਾ ਜਿਸ ਨੂੰ ‘ਟੀਐਮਸੀ ਦੇ ਗੁੰਡਿਆਂ’ ਨੇ ਤੋੜ ਦਿੱਤਾ ਸੀ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਅਗਲੀ ਰੈਲੀ ਲਈ ਦਮ ਦਮ ਜਾਣਾ ਹੈ ਪਰ ਉਨ੍ਹਾਂ ਨੂੰ ਖਦਸ਼ਾ ਹੈ ਕਿ ਮੁੱਖ ਮੰਤਰੀ ਉਨ੍ਹਾਂ ਦਾ ਹੈਲੀਕਾਪਟਰ ਉੱਤਰਨ ਦੇਵੇਗੀ ਜਾਂ ਨਹੀਂ। ਉਨ੍ਹਾਂ ਕਿਹਾ, ‘ਅਸੀਂ ਦੀਦੀ ਦਾ ਵਿਹਾਰ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਪਰ ਹੁਣ ਲੋਕਾਂ ਨੇ ਵੀ ਉਨ੍ਹਾਂ ਦਾ ਵਿਹਾਰ ਦੇਖ ਲਿਆ ਹੈ। ਅਸੀਂ ਵਿੱਦਿਆਸਾਗਰ ਦੀ ਵਿਚਾਰਧਾਰਾ ਪ੍ਰਤੀ ਪ੍ਰਤੀਬੱਧ ਹਾਂ ਤੇ ਸਾਡੀ ਸਰਕਾਰ ਉਨ੍ਹਾਂ ਦਾ ਨਵਾਂ ਪੰਜ ਧਾਤਾਂ ਦਾ ਬਣਿਆ ਬੁੱਤ ਸਥਾਪਤ ਕਰੇਗੀ।’ ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੋਡ ਸ਼ੋਅ ਦੌਰਾਨ ਟੀਮਐੱਮਸੀ ਦੇ ਗੁੰਡਿਆਂ ਨੇ ਹੰਗਾਮਾ ਕਰਦਿਆਂ ਈਸ਼ਵਰ ਚੰਦਰ ਵਿੱਦਿਆਸਾਗਰ ਦਾ ਬੁੱਤ ਤੋੜ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੱਛਮੀ ਮਿਦਨਾਪੁਰ ਤੇ ਠਾਕੁਰਨਗਰ ’ਚ ਭਾਜਪਾ ਦੀਆਂ ਮੀਟਿੰਗਾਂ ਦੌਰਾਨ ਵੀ ਟੀਐੱਮਸੀ ਵਰਕਰਾਂ ਨੇ ਬਦਅਮਨੀ ਫੈਲਾਈ ਸੀ।
ਸਪਾ-ਬਸਪਾ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਅਸਲ ਵਿੱਚ ਦੇਸ਼ ਦੇ ਲੋਕ ਇਸ ਮਹਾਂਮਿਲਾਵਟੀ ਗੱਠਜੋੜ ਦੀ ਸੱਚਾਈ ਜਾਣ ਚੁੱਕੇ ਹਨ ਅਤੇ ਉਨ੍ਹਾਂ ਦਾ ‘ਮੋਦੀ ਹਟਾਉ’ ਦਾ ਸਿਰਫ਼ ਨਾਅਰਾ ਹੈ ਤੇ ਉਹ ਇਸ ਨਾਅਰੇ ਰਾਹੀਂ ਆਪਣਾ ਭ੍ਰਿਸ਼ਟਾਚਾਰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Facebook Comment
Project by : XtremeStudioz