Close
Menu

ਭਾਰਤੀ ਮਹਿਲਾ ਟੀਮ ਦੂਜਾ ਟੀ-20 ਮੈਚ ਹਾਰੀ

-- 08 March,2019

ਗੁਹਾਟੀ, 8 ਮਾਰਚ
ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਦੇ ਵਿਰੁੱਧ ਦੂਜੇ ਟੀ-20 ਅੰਤਰਰਾਸ਼ਟਰੀ ਕਿ੍ਕਟ ਮੈਚ ਵਿੱਚ ਪੰਜ ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਮਹਿਮਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ਦੇ ਵਿੱਚ 2-0 ਦੀ ਅਜਿੱਤ ਲੀਡ ਲੈ ਲਈ ਹੈ।
ਭਾਰਤ ਦੀ ਟੀ-20 ਮੈਚ ਦੇ ਵਿੱਚ ਇਹ ਲਗਾਤਾਰ ਛੇਵੀਂ ਹਾਰ ਹੈ। ਭਾਰਤੀ ਟੀਮ ਦੇ 112 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ ਇੰਗਲੈਂਡ ਦੀ ਟੀਮ ਨੇ 19.1 ਓਵਰਾਂ ਦੇ ਵਿੱਚ ਪੰਜ ਵਿਕਟਾਂ ਦੇ ਉੱਤੇ 114 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸਲਾਮੀ ਬੱਲੇਬਾਜ਼ ਡੇਨੀਅਲ ਵਾਟ ਨੇ ਇੰਗਲੈਂਡ ਦੀ ਤਰਫੋਂ 55 ਗੇਂਦਾਂ ਦੇ ਵਿੱਚ ਸਭ ਤੋਂ ਵੱਧ ਨਾਬਾਦ 64 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਦੌਰਾਨ ਛੇ ਚੌਕੇ ਮਾਰੇ। ਲੌਰੇਨ ਵਿਨਫੀਲਡ ਨੇ ਉਸਦਾ ਚੰਗਾ ਸਾਥ ਦਿੱਤਾ ਅਤੇ 29 ਦੌੜਾਂ ਦੀ ਪਾਰੀ ਖੇਡੀ। ਵਾਟ ਨੇ ਆਪਣੇ ਚੌਥੇ ਟੀ-20 ਅਰਧ ਸੈਂਕੜੇ ਦੌਰਾਨ ਇੱਕ ਸਿਰੇ ਨੂੰ ਸੰਭਾਲ ਕੇ ਰੱਖਿਆ। ਭਾਰਤ ਹਾਲਾਂ ਕਿ ਇੱਕ ਸਮੇਂ ਮੈਚ ਵਿੱਚ ਅੜਿਆ ਹੋਇਆ ਸੀ ਪਰ ਵਿਨਫੀਲਡ ਨੇ ਲਗਾਤਾਰ ਤਿੰਨ ਚੌਕੇ ਜੜ ਕੇ ਇੰਗਲੈਂਡ ਦਾ ਪੱਲੜਾ ਭਾਰੀ ਕਰ ਦਿੱਤਾ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਉੱਤਰੀ ਇੰਗਲੈਂਡ ਦੀ ਟੀਮ ਨੇ ਮੇਜ਼ਬਾਨਾਂ ਨੂੰ ਬਾਰਸਾਪਾੜਾ ਕਿ੍ਕਟ ਸਟੇਡੀਅਮ ਦੇ ਵਿੱਚ ਵੱਡਾ ਸਕੋਰ ਖੜ੍ਹਾ ਕਰਨ ਤੋਂ ਰੋਕ ਦਿੱਤਾ। ਕੈਥਰੀਨ ਬਰੰਟ ਇੰਗਲੈਂਡ ਦੀ ਸਭ ਤੋਂ ਸਫਲ ਗੇਂਦਬਾਜ਼ ਰਹੀ ਤੇ ਉਸ ਨੇ 17 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਲਿਨਸੇ ਸਮਿਥ ਨੇ ਵੀ11 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ।ਬਰੰਟ ਨੇ ਕਪਤਾਨ ਸਮ੍ਰਿਤੀ ਮੰਧਾਨਾ (12) ਅਤੇ ਜੇਮੀਮਾ ਰੌਡਰਿਗਜ਼ (2) ਨੂੰ ਸ਼ੁਰੂਆਤ ਵਿੱਚ ਹੀ ਪਵੇਲੀਅਨ ਦਾ ਰਸਤਾ ਦਿਖਾ ਦਿੱਤਾ। ਭਾਰਤੀ ਟੀਮ ਇਸ ਖਰਾਬ ਸ਼ੁਰੂਆਤ ਵਿੱਚੋਂ ਕਦੇ ਵੀ ਨਹੀਂ ਉਭਰ ਸਕੀ। ਸਮ੍ਰਿਤੀ ਦਾ ਵਿਕਟ ਡਿਗਣਾ ਇੰਗਲੈਂਡ ਦੇ ਲਈ ਕਾਫੀ ਅਹਿਮ ਰਿਹਾ ਕਿਉਂਕਿ ਉਸ ਨੇ 2.3 ਓਵਰਾਂ ਦੇ ਵਿੱਚ ਹੀ ਭਾਰਤ ਦਾ ਸਕੋਰ ਬਿਨਾਂ ਵਿਕਟ ਖੋਏ 24 ਦੌੜਾਂ ਉੱਤੇ ਪਹੁੰਚਾ ਦਿੱਤਾ ਸੀ। ਬਰੰਟ ਨੇ ਉਸਨੂੰ ਵਿਕਟ ਦੇ ਪਿੱਛੇ ਕੈਚ ਕਰਵਾ ਦਿੱਤਾ। ਇਸ ਤੋਂ ਬਾਅਦ ਬਰੰਟ ਨੇ ਜੈਮੀਮਾ ਨੂੰ ਬੋਲਡ ਕਰਵਾਇਆ। ਅਗਲੇ ਓਵਰ ਦੇ ਵਿੱਚ ਬਰੰਟ ਨੇ ਸਲਾਮੀ ਬੱਲੇਬਾਜ ਹਰਲੀਨ ਦਿਓਲ (14) ਨੂੰ ਪਵੇਲੀਅਨ ਭੇਜ ਕੇ ਭਾਰਤ ਦਾ ਸਕੋਰ ਤਿੰਨ ਵਿਕਟਾਂ ਦੇ ਉੱਤੇ 34 ਦੌੜਾਂ ਕਰ ਦਿੱਤਾ। ਮਿਤਲੀ ਰਾਜ ਨੇ ਭਾਰਤ ਦੀ ਤਰਫੋਂ ਸਭ ਤੋਂ ਵੱਧ 20 ਦੌੜਾਂ ਬਣਾਈਆਂ। ਦੀਪਤੀ ਸ਼ਰਮਾ ਤੇ ਭਾਰਤੀ ਫੁਲਮਾਲੀ ਨੇ 18-18 ਦੌੜਾਂ ਦਾ ਯੋਗਦਾਨ ਦਿੱਤਾ।

Facebook Comment
Project by : XtremeStudioz