Close
Menu

ਭਾਰਤ ਨੂੰ ਪੰਜ ਦਹਾਕਿਆਂ ਮਗਰੋਂ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਖ਼ਿਤਾਬ ਦੀ ਉਮੀਦ

-- 24 April,2019

ਵੁਹਾਨ (ਚੀਨ), 24 ਅਪਰੈਲ
ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਬੁੱਧਵਾਰ ਨੂੰ ਇੱਥੇ ਸ਼ੁਰੂ ਹੋ ਰਹੀ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਉਤਰਨਗੀਆਂ। ਉਨ੍ਹਾਂ ਸਾਹਮਣੇ ਇਸ ਟੂਰਨਾਮੈਂਟ ਵਿੱਚ ਭਾਰਤ ਦੇ 54 ਸਾਲ ਦਾ ਖ਼ਿਤਾਬੀ ਸੋਕਾ ਖ਼ਤਮ ਕਰਨ ਦੀ ਚੁਣੌਤੀ ਹੋਵੇਗੀ।
ਏਸ਼ਿਆਈ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ਵਿੱਚ ਦਿਨੇਸ਼ ਖੰਨਾ ਨੇ 1965 ਵਿੱਚ ਖ਼ਿਤਾਬ ਆਪਣੇ ਨਾਮ ਕੀਤਾ ਸੀ, ਉਸ ਮਗਰੋਂ ਕੋਈ ਵੀ ਭਾਰਤੀ ਖਿਡਾਰੀ ਇਸ ਟੂਰਨਾਮੈਂਟ ਨੂੰ ਜਿੱਤਣ ਵਿੱਚ ਸਫਲ ਨਹੀਂ ਰਿਹਾ। ਬੀਤੇ ਸਾਲ ਹਾਲਾਂਕਿ ਐਚਐਸ ਪ੍ਰਣਯ ਅਤੇ ਸਾਇਨਾ ਨੇ ਆਪੋ-ਆਪਣੇ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਸਾਇਨਾ ਨੇ ਇਸ ਤੋਂ ਇਲਾਵਾ ਸਾਲ 2010 ਅਤੇ 2016 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ, ਜਦਕਿ ਸਿੰਧੂ ਨੇ ਸਾਲ 2014 ਦੌਰਾਨ ਦੱਖਣੀ ਕੋਰੀਆ ਵਿੱਚ ਹੋਏ ਟੂਰਨਾਮੈਂਟ ਵਿੱਚ ਕਾਂਸੀ ਆਪਣੇ ਨਾਮ ਕੀਤੀ ਸੀ। ਭਾਰਤੀ ਖਿਡਾਰੀਆਂ ਲਈ ਸਿਰਦਰਦ ਬਣੀ ਤਾਇ-ਜ਼ੂ-ਯਿੰਗ ਨੇ ਟੂਰਨਾਮੈਂਟ ਤੋਂ ਨਾਮ ਵਾਪਸ ਲੈ ਲਿਆ ਹੈ, ਪਰ ਇਸ ਮਗਰੋਂ ਵੀ ਸਿੰਧੂ ਅਤੇ ਸਾਇਨਾ ਨੂੰ ਅਕਾਨੇ ਯਾਮਾਗੂਚੀ, ਚੇਨ ਯੂਫੇਈ, ਰਤਚਾਨੋਕ ਇੰਤਾਨੋਨ ਅਤੇ ਹੋਰ ਖਿਡਾਰੀਆਂ ਦੀ ਚੁਣੌਤੀ ਵੱਡੀ ਸਮੱਸਿਆ ਹੋਵੇਗੀ। ਸਿੰਧੂ ਸਿੰਗਾਪੁਰ ਓਪਨ ਵਿੱਚ ਸੈਸ਼ਨ ਦੇ ਆਪਣੇ ਦੂਜੇ ਸੈਮੀ ਫਾਈਨਲ ਵਿੱਚ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਤੋਂ ਹਾਰ ਗਈ ਸੀ। ਰਾਸ਼ਟਰਮੰਡਲ ਖੇਡਾਂ ਦੀ ਦੌ ਵਾਰ ਦੀ ਸੋਨ ਤਗ਼ਮਾ ਜੇਤੂ ਸਾਇਨਾ ਨੂੰ ਇਸ ਖਿਡਾਰੀ ਨੇ ਕੁਆਰਟਰ ਫਾਈਨਲ ਵਿੱਚ ਹਰਾਇਆ ਸੀ। ਦਸੰਬਰ ਵਿੱਚ ਵਿਸ਼ਵ ਟੂਰ ਫਾਈਨਲਜ਼ ਦੀ ਜੇਤੂ ਬਣੀ ਸਿੰਧੂ ਇਸ ਟੂਰਨਾਮੈਂਟ ਰਾਹੀਂ ਸੈਸ਼ਨ ਦਾ ਪਹਿਲਾ ਖ਼ਿਤਾਬ ਜਿੱਤਣਾ ਚਾਹੇਗੀ। ਪਹਿਲੇ ਗੇੜ ਵਿੱਚ ਉਸ ਦਾ ਸਾਹਮਣਾ ਜਾਪਾਨ ਦੀ ਸਯਾਕਾ ਤਾਕਾਹਾਸ਼ੀ ਨਾਲ ਹੋਵੇਗਾ। ਸਿੰਧੂ ਜੇਕਰ ਸਯਾਕਾ ਨੂੰ ਹਰਾ ਦਿੰਦੀ ਹੈ ਤਾਂ ਦੂਜੇ ਗੇੜ ਵਿੱਚ ਉਸ ਦਾ ਸਾਹਮਣਾ ਮਲੇਸ਼ੀਆ ਓਪਨ ਵਿੱਚ ਸਾਇਨਾ ਨੂੰ ਹਰਾਉਣ ਵਾਲੀ ਪੋਰਨਪਾਵੀ ਚੋਚੁਵੋਂਗ ਨਾਲ ਹੋਵੇਗਾ।
ਇਸ ਸੈਸ਼ਨ ਵਿੱਚ ਖ਼ਿਤਾਬ ਜਿੱਤਣ ਵਾਲੀ ਇੱਕੋ-ਇੱਕ ਭਾਰਤੀ ਸਾਇਨਾ ਨੇਹਵਾਲ ਨੂੰ ਟੂਰਨਾਮੈਂਟ ਵਿੱਚ ਸੱਤਵਾਂ ਦਰਜਾ ਮਿਲਿਆ ਹੈ। ਉਹ ਚੀਨ ਦੀ ਹਾਨ ਯੇ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ, ਜਦੋਂਕਿ ਕੁਆਰਟਰ ਫਾਈਨਲ ਵਿੱਚ ਉਸ ਦਾ ਸਾਹਮਣਾ ਯਾਮਾਗੂਚੀ ਨਾਲ ਹੋ ਸਕਦਾ ਹੈ।
ਪੁਰਸ਼ ਸਿੰਗਲਜ਼ ਵਿੱਚ ਕਿਦਾਂਬੀ ਸ੍ਰੀਕਾਂਤ ਨੇ ਬੀਤੇ ਮਹੀਨੇ ਇੰਡੀਆ ਓਪਨ ਦੇ ਫਾਈਨਲ ਵਿੱਚ ਥਾਂ ਬਣਾਈ ਸੀ, ਇਸ ਲਈ ਉਸ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਰਹੇਗੀ। ਗੁੰਟੂਰ ਦੇ 26 ਸਾਲਾ ਖਿਡਾਰੀ ਦਾ ਪਹਿਲਾ ਗੇੜ ਵਿੱਚ ਇੰਡੋਨੇਸ਼ੀਆ ਦੇ ਸ਼ੇਸਰ ਹਿਰੇਨ ਰਸਟਨਵਿਤੋ ਨਾਲ ਸਾਹਮਣਾ ਹੋਵੇਗਾ। ਸਿੰਗਾਪੁਰ ਓਪਨ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਾਲੇ ਸਮੀਰ ਵਰਮਾ ਦੀ ਜਾਪਾਨੀ ਖਿਡਾਰੀ ਕਾਜ਼ੁਮਾਸਾ ਸਕਾਈ ਨਾਲ ਟੱਕਰ ਹੋਵੇਗੀ। ਪੁਰਸ਼ ਡਬਲਜ਼ ਵਿੱਚ ਅਰੁਨ ਜੌਰਜ ਤੇ ਸਾਂਸਾਮ ਸ਼ੁਕਲਾ, ਐਮਆਰ ਅਰਜੁਨ ਅਤੇ ਰਾਮਚੰਦਰਨ ਸ਼ਲੋਕ ਅਤੇ ਮਨੂ ਅੱਤਰੀ ਤੇ ਸੁਮੀਤ ਅੱਤਰੀ ਦੀਆਂ ਜੋੜੀਆਂ ਭਾਰਤ ਵੱਲੋਂ ਚੁਣੌਤੀ ਪੇਸ਼ ਕਰਨਗੀਆਂ।

Facebook Comment
Project by : XtremeStudioz