Close
Menu

ਭਾਰਤ ਨੇ ਬੰਗਲਾਦੇਸ਼ ਨੂੰ ਹਰਾ 7ਵੀਂ ਵਾਰ ਕੀਤਾ ਏਸ਼ੀਆ ਕੱਪ ‘ਤੇ ਕਬਜ਼ਾ

-- 29 September,2018

ਦੁਬਈ— ਭਾਰਤ ਰੋਮਾਂਚ ਦੀ ਚੋਟੀ ‘ਤੇ ਪਹੁੰਚੇ ਫਾਈਨਲ ਵਿਚ ਸ਼ੁੱਕਰਵਾਰ ਨੂੰ ਆਖਰੀ ਗੇਂਦ ‘ਤੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਬਾਦਸ਼ਾਹ ਬਣ ਗਿਆ। ਭਾਰਤ ਨੇ ਬੰਗਲਾਦੇਸ਼ ਨੂੰ ਉਸਦੇ ਓਪਨਰ ਲਿਟਨ ਦਾਸ (121) ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ 48.3 ਓਵਰਾਂ ਵਿਚ 222 ਦੌੜਾਂ ‘ਤੇ ਸਮੇਟ ਦਿੱਤਾ ਸੀ ਤੇ ਫਿਰ ਵਿਚਾਲੇ ਦੇ ਓਵਰਾਂ ਵਿਚ ਰੋਮਾਂਚਕ ਉਤਾਰ-ਚੜ੍ਹਾਅ ਵਿਚੋਂ ਲੰਘਦੇ ਹੋਏ 50 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ‘ਤੇ 223 ਦੌੜਾਂ ਬਣਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਭਾਰਤ ਨੇ ਇਸ ਤੋਂ ਪਹਿਲਾਂ ਇਸ ਟੂਰਨਾਮੈਂਟ ਨੂੰ 6 ਵਾਰ (1984, 1988, 1990-91, 1995, 2010 ਵਿਚ 50 ਓਵਰਾਂ ਦੇ ਸਵੂਰਪ ਵਿਚ ਤੇ 2016 ਵਿਚ ਟੀ-20 ਸਵਰੂਪ ਵਿਚ) ਜਿੱਤਿਆ ਸੀ। ਭਾਰਤ ਨੇ 2016 ਦੇ ਏਸ਼ੀਆ ਕੱਪ ਵਿਚ ਬੰਗਲਾਦੇਸ਼ ਨੂੰ ਫਾਈਨਲ ਵਿਚ 8 ਵਿਕਟਾਂ ਨਾਲ ਹਰਾਇਆ ਸੀ। ਭਾਰਤ ਨੇ 8 ਸਾਲ ਬਾਅਦ 50 ਓਵਰਾਂ ਦੇ ਸਵਰੂਪ ਵਿਚ ਏਸ਼ੀਆ ਕੱਪ ਜਿੱਤਿਆ।
ਬੰਗਲਾਦੇਸ਼ ਦਾ ਇਹ ਤੀਜਾ ਫਾਈਨਲ ਸੀ ਤੇ ਉਸਦਾ ਇਹ ਖਿਤਾਬ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ। ਉਸ ਨੂੰ 2012 ਵਿਚ ਪਾਕਿਸਤਾਨ ਹੱਥੋਂ 50 ਓਵਰਾਂ ਦੇ ਫਾਈਨਲ ਵਿਚ ਸਿਰਫ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤ ਨੂੰ ਆਖਰੀ 2 ਓਵਰਾਂ ਵਿਚ 9 ਦੌੜਾਂ ਦੀ ਲੋੜ ਸੀ ਪਰ 49ਵੇਂ ਓਵਰ ਵਿਚ 3 ਹੀ ਦੌੜਾਂ ਬਣੀਆਂ, ਜਿਸ ਤੋਂ ਬਾਅਦ ਆਖਰੀ 6 ਗੇਂਦਾਂ ਵਿਚ 6 ਦੌੜਾਂ ਦੀ ਲੋੜ ਸੀ। ਮਹਿਮੂਦਉੱਲਾ ਦੇ ਇਸ ਓਵਰ ਦੀ ਪਹਿਲੀ ਗੇਂਦ ‘ਤੇ ਕੁਲਦੀਪ ਯਾਦਵ ਨੇ ਇਕ ਤੇ ਦੂਜੀ ‘ਤੇ ਕੇਦਾਰ ਜਾਧਵ ਨੇ ਇਕ ਦੌੜ ਲਈ। ਤੀਜੀ ਗੇਂਦ ‘ਤੇ ਕੁਲਦੀਪ ਨੇ 2 ਦੌੜਾਂ ਲਈਆਂ ਪਰ ਅਗਲੀ ਗੇਂਦ ‘ਤੇ ਦੌੜ ਨਹੀਂ ਬਣ ਸਕੀ। ਇਸ ਤੋਂ ਬਾਅਦ ਪੰਜਵੀਂ ਤੇ ਛੇਵੀਂ ਗੇਂਦ ‘ਤੇ ਇਕ-ਇਕ ਦੌੜ ਲੈ ਕੇ ਕੁਲਦੀਪ ਤੇ ਕੇਦਾਰ ਦੀ ਬਦੌਲਤ ਭਾਰਤ ਨੇ ਜ਼ਬਰਦਸਤ ਜੁਝਾਰੂਪਨ ਦਾ ਪ੍ਰਦਰਸ਼ਨ ਕਰਨ ਵਾਲੀ ਬੰਗਲਾਦੇਸ਼ੀ ਟੀਮ ‘ਤੇ ਜਿੱਤ ਦਰਜ ਕਰ ਲਈ।
ਇਸ ਤੋਂ ਪਹਿਲਾਂ ਓਪਨਰ ਲਿਟਨ ਦਾਸ (121) ਤੇ ਮੇਹਦੀ ਹਸਨ (32) ਵਿਚਾਲੇ 120 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਦੇ ਦਮ ‘ਤੇ ਵੱਡੇ ਸਕੋਰ ਵੱਲ ਵਧ ਰਹੇ ਬੰਗਲਾਦੇਸ਼ ਨੂੰ ਉਸ ਦੇ ਤਿੰਨ ਆਤਮਘਾਤੀ ਰਨ ਆਊਟਸ ਤੇ ਭਾਰਤੀ ਗੇਂਦਬਾਜ਼ਾਂ ਦੀ ਸ਼ਾਨਦਾਰ ਵਾਪਸੀ ਨੇ ਫਾਈਨਲ ‘ਚ 48.3 ਓਵਰਾਂ ਵਿਚ 222 ਦੌੜਾਂ ‘ਤੇ ਰੋਕ ਦਿੱਤਾ ਸੀ ।

Facebook Comment
Project by : XtremeStudioz