Close
Menu

ਭਾਰਤ ਵੱਧ ਟੈਕਸ ਵਸੂਲਣ ਵਾਲਾ ਮੁਲਕ: ਟਰੰਪ

-- 04 March,2019

ਵਾਸ਼ਿੰਗਟਨ, 4 ਮਾਰਚ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨੂੰ ਅਮਰੀਕਾ ਦੇ ਉਤਪਾਦਾਂ ’ਤੇ ਵੱਧ ਟੈਕਸ ਵਸੂਲਣ ਵਾਲਾ ਮੁਲਕ ਗਰਦਾਨਦਿਆਂ ਕਿਹਾ ਹੈ ਕਿ ਉਹ ਵੀ ਜਵਾਬ ਵਜੋਂ ਕੁਝ ਟੈਕਸ ਲਾਉਣਾ ਚਾਹੁੰਦੇ ਹਨ।
ਵਾਸ਼ਿੰਗਟਨ ਡੀਸੀ ਦੇ ਮੈਰੀਲੈਂਡ ਖੇਤਰ ਵਿੱਚ ਕੰਜ਼ਰਵੇਟਿਵ ਪੁਲੀਟੀਕਲ ਐਕਸ਼ਨ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘‘ਭਾਰਤ ਬਹੁਤ ਜ਼ਿਆਦਾ ਟੈਰਿਫ ਲਾਉਣ ਵਾਲਾ ਮੁਲਕ ਹੈ। ਉਹ ਬਹੁਤ ਟੈਕਸ ਲਗਾਉਂਦੇ ਹਨ।’’ ਆਪਣੇ ਦੋ ਘੰਟਿਆਂ ਦੇ ਭਾਸ਼ਣ ਦੌਰਾਨ ਟਰੰਪ ਨੇ ਭਾਰਤ ਵਰਗੇ ਮੁਲਕਾਂ ਨਾਲ ਘਰੇਲੂ, ਆਲਮੀ ਅਤੇ ਦੁਵੱਲੇ ਰਿਸ਼ਤਿਆਂ ਸਣੇ ਕਈ ਮੁੱਦਿਆਂ ਨੂੰ ਛੂਹਿਆ।
ਟਰੰਪ ਵਲੋਂ ਅਕਸਰ ਦਿੱਤੀ ਜਾਂਦੀ ਹਾਰਲੇ- ਡੇਵਿਡਸਨ ਮੋਟਰਸਾਈਕਲਾਂ ਦੀ ਉਦਾਹਰਣ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ, ‘‘ਜਦੋਂ ਅਸੀਂ ਭਾਰਤ ਵਿੱਚ ਮੋਟਰਸਾਈਕਲ ਭੇਜਦੇ ਹਾਂ ਤਾਂ ਸੌ ਫੀਸਦੀ ਟੈਕਸ ਲੱਗਦਾ ਹੈ। ਦੂਜੇ ਪਾਸੇ ਜਦੋਂ ਭਾਰਤ ਸਾਨੂੰ ਕੋਈ ਮੋਟਰਸਾਈਕਲ ਭੇਜਦਾ ਹੈ ਤਾਂ ਅਸੀਂ ਕੋਈ ਟੈਕਸ ਨਹੀਂ ਵਸੂਲਦੇ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਇਸ ਲਈ ਮੈਂ ਚਾਹੁੰਦਾ ਹੈ ਕਿ ਜਵਾਬੀ ਟੈਕਸ ਹੋਵੇ। ਮੈਂ ਟੈਕਸ ਲਾਉਣਾ ਚਾਹੁੰਦਾ ਹਾਂ ਅਤੇ ਇਹ ਜਵਾਬੀ ਟੈਕਸ ਹੈ।’’
ਟਰੰਪ ਨੇ ਭਾਰਤ ਦੀ ਉਦਾਹਰਣ ਦੇ ਕੇ ਕਿਹਾ ਕਿ ਬਾਕੀ ਮੁਲਕ ਅਮਰੀਕਾ ਦੇ ਬਣੇ ਉਤਪਾਦਾਂ ’ਤੇ ਬਹੁਤ ਜ਼ਿਆਦਾ ਟੈਕਸ ਲਗਾ ਰਹੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਵੀ ਬਾਕੀ ਮੁਲਕਾਂ ਦੇ ਉਤਪਾਦਾਂ ’ਤੇ ਜਵਾਬੀ ਟੈਕਸ ਲਗਾਵੇ।
ਟਰੰਪ ਨੇ ਆਪਣੇ ਸਮਰਥਕਾਂ ਨੂੰ ਦੱਸਿਆ ਕਿ ਸੈਨੇਟ ਵਿੱਚ ਉਸਦੀ ਕਾਰਵਾਈ ਦਾ ਵਿਰੋਧ ਹੋਇਆ। ਉਨ੍ਹਾਂ ਕਿਹਾ ਕਿ ਅਮਰੀਕਾ ਕਿਸੇ ਵੀ ਮੁਲਕ ਨੂੰ ਉਸਦੇ ਕਿਸੇ ਉਤਪਾਦ ’ਤੇ 100 ਫੀਸਦੀ ਟੈਕਸ ਲਾਉਣ ਦੀ ਇਜਾਜ਼ਤ ਨਹੀਂ ਦੇ ਸਕਦਾ ਜਦਕਿ ਅਮਰੀਕਾ ਉਸੇ ਉਤਪਾਦ ਲਈ ਕੋਈ ਟੈਕਸ ਨਹੀਂ ਵਸੂਲ ਰਿਹਾ।

Facebook Comment
Project by : XtremeStudioz