Close
Menu

ਮੁਟਿਆਰ ਨੂੰ ਗੋਲੀਆਂ ਮਾਰਨ ਮਗਰੋਂ ਨੌਜਵਾਨ ਵਲੋਂ ਖ਼ੁਦਕੁਸ਼ੀ

-- 07 May,2019

ਜਲੰਧਰ, 7 ਮਈ
ਲਵਲੀ ਆਟੋਜ਼ ਦੇ ਸ਼ੋਅਰੂਮ ’ਚ ਦੁਪਹਿਰ ਬਾਅਦ ਇਕ ਨੌਜਵਾਨ ਨੇ ਉੱਥੇ ਕੰਮ ਕਰਦੀ ਇਕ ਲੜਕੀ ਨੂੰ ਗੋਲੀਆਂ ਮਾਰਨ ਮਗਰੋਂ ਖੁਦ ਨੂੰ ਵੀ ਗੋਲੀਆਂ ਮਾਰ ਕੇ ਖ਼ੁਦਕੁਸ਼ੀ ਕਰ ਲਈ। ਗੰਭੀਰ ਜ਼ਖਮੀ ਲੜਕੀ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ (27) ਵਾਸੀ ਪਿੰਡ ਮੁਸਤਫਾਪੁਰ ਵਜੋਂ ਹੋਈ ਹੈ। ਨਕੋਦਰ ਚੌਕ ’ਚ ਲਵਲੀ ਆਟੋਜ਼ ਦੇ ਸ਼ੋਅਰੂਮ ਵਿਚ ਉਦੋਂ ਦਹਿਸ਼ਤ ਫੈਲ ਗਈ ਜਦੋਂ ਦੁਪਹਿਰ ਕਰੀਬ 2.30 ਵਜੇ ਲੰਚ ਬਰੇਕ ਸਮੇਂ ਮਨਪ੍ਰੀਤ ਸਿੰਘ ਸ਼ੋਅਰੂਮ ਦੀ ਤੀਜੀ ਮੰਜ਼ਿਲ ’ਤੇ ਗਿਆ ਜਿੱਥੇ ਉਸ ਦੀ ਜਾਣ-ਪਛਾਣ ਵਾਲੀ ਲੜਕੀ ਖਾਣਾ ਖਾ ਰਹੀ ਸੀ। ਉਸ ਨੇ ਲੜਕੀ ’ਤੇ ਗੋਲੀਆਂ ਚਲਾ ਦਿੱਤੀਆਂ ਤੇ ਬਾਅਦ ਵਿਚ ਖ਼ੁਦ ਨੂੰ ਵੀ ਗੋਲੀਆਂ ਮਾਰ ਲਈਆਂ। ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਲੜਕੀ ਦੇ ਬਾਂਹ ਵਿਚ ਗੋਲੀਆਂ ਲੱਗੀਆਂ ਤੇ ਉਹ ਗੰਭੀਰ ਜ਼ਖਮੀ ਹੋ ਗਈ।
ਸੂਚਨਾ ਮਿਲਦਿਆਂ ਹੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਦੀ ਇਸ ਲੜਕੀ ਨਾਲ ਪੁਰਾਣੀ ਜਾਣ-ਪਛਾਣ ਸੀ ਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਬੋਲ-ਕੁਬੋਲ ਹੋ ਗਿਆ ਸੀ। ਨੌਜਵਾਨ ਵੱਲੋਂ ਲਿਖੇ ਗਏ ਖ਼ੁਦਕੁਸ਼ੀ ਨੋਟ ਵਿਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਨੋਟ ਵਿਚ ਲਿਖਿਆ ਹੈ ਕਿ ਲੜਕੀ ਉਸ ਨੂੰ ਕਿਸੇ ਗੱਲ ਤੋਂ ਗਲਤ ਬੋਲ ਬੈਠੀ ਸੀ, ਜਿਸ ਤੋਂ ਬਾਅਦ ਉਹ ਕਾਫੀ ਦੁਖੀ ਸੀ। ਲੜਕੀ ਪਿਛਲੇ ਛੇ ਮਹੀਨਿਆਂ ਤੋਂ ਲਵਲੀ ਆਟੋਜ਼ ਵਿਚ ਕੰਮ ਕਰਦੀ ਸੀ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਪੁਲੀਸ ਪਾਰਟੀ ਨੂੰ ਮ੍ਰਿਤਕ ਦੇ ਪਿੰਡ ਮੁਸਤਫਾਪੁਰ ਭੇਜਿਆ ਗਿਆ ਹੈ ਤਾਂ ਜੋ ਉੱਥੋਂ ਉਸ ਦੇ ਪਿਛੋਕੜ ਬਾਰੇ ਪਤਾ ਲੱਗ ਸਕੇ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਲੋਕ ਹਥਿਆਰ ਕਿਵੇਂ ਲੈ ਕੇ ਫਿਰਦੇ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਰ ਗੋਲੀਆਂ ਚਲਾਈਆਂ ਗਈਆਂ ਸਨ ਜਦਕਿ ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਸੀ ਕਿ ਮਨਪ੍ਰੀਤ ਨੇ ਛੇ ਗੋਲੀਆਂ ਚਲਾਈਆਂ ਸਨ ਜਿਨ੍ਹਾਂ ਵਿਚੋਂ ਦੋ ਨਿਸ਼ਾਨੇ ’ਤੇ ਨਹੀਂ ਲੱਗੀਆਂ।
ਲੜਕੀ ਦਾ ਇਲਾਜ ਕਰ ਰਹੇ ਡਾ. ਅਨਿਲ ਖੋਸਲਾ ਨੇ ਦੱਸਿਆ ਕਿ ਲੜਕੀ ਦੀ ਹਾਲਤ ਕਾਫ਼ੀ ਗੰਭੀਰ ਹੈ ਤੇ ਉਸ ਦਾ ਅਪਰੇਸ਼ਨ ਕਰ ਕੇ ਗੋਲੀਆਂ ਕੱਢੀਆਂ ਜਾ ਰਹੀਆਂ ਹਨ।

Facebook Comment
Project by : XtremeStudioz