Close
Menu

ਮੁਲਕ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਆਏ ਆਗੂਆਂ ਨੇ ਗਾਏ ਬਾਦਲ ਦੇ ਸੋਹਲੇ

-- 18 February,2014

6 (1)ਐਸ.ਏ.ਐਸ. ਨਗਰ (ਮੁਹਾਲੀ) ,18 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਦੇਸ਼ ਦੇ ਪ੍ਰਮੁੱਖ ਸਿਆਸੀ ਨੇਤਾਵਾਂ ਨੇ ਅੱਜ ਇੱਥੇ ਮੁਲਕ ਦੇ ਪਹਿਲੇ ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਭਰਵੀਂ ਸ਼ਲਾਘਾ ਕੀਤੀ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਭਾਸ਼ਣ ਵਿੱਚ ਖੇਤੀ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆ ਕਿਹਾ ਕਿ ਜਦੋਂ ਤੱਕ ਦੇਸ਼ ਦਾ ਕਿਸਾਨ ਖੁਸ਼ਹਾਲ ਨਹੀਂ ਹੁੰਦਾ, ਹਿੰਦੁਸਤਾਨ ਸੁਖੀ ਨਹੀਂ ਰਹਿ ਸਕਦਾ। ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿੰਦਿਆ ਉਨ੍ਹਾਂ ਕਿਹਾ ਕਿ ਪੰਜਾਬ ਦੇ ਮਿਹਨਤੀ, ਉੱਦਮੀ ਤੇ ਸਿਰੜੀ ਕਿਸਾਨ ਨੇ ਮੁਲਕ ਦਾ ਢਿੱਡ ਵੀ ਭਰਿਆ ਅਤੇ ਲੋੜ ਪੈਣ ‘ਤੇ ਇਸ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਵੀ ਵਾਰੀਆਂ। ਉਨ੍ਹਾਂ ਕਿਹਾ ਕਿ ਪੂਰਾ ਮੁਲਕ ਪੰਜਾਬ ਦੇ ਕਿਸਾਨ ਤੋਂ ਖੇਤੀਬਾੜੀ ਵਿੱਚ ਅਗਵਾਈ ਤੇ ਪ੍ਰੇਰਨਾ ਲੈ ਕੇ ਅਗਾਂਹ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਜੋਕੇ ਖੇਤੀ ਸੰਕਟ ਵਿੱਚੋਂ ਕੱਢਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਸ ਦੀ ਲਾਗਤਾਂ ਨੂੰ ਘੱਟ ਕਰਨ ਲਈ ਸਬਸਿਡੀਆਂ ਦਿੱਤੀਆਂ ਜਾਣ ਅਤੇ ਉਸ ਦੀ ਜਿਣਸ ਦੇ ਭਾਅ ਮਿੱਥਣ ਸਮੇਂ ਲਾਗਤਾਂ ਦੇ ਨਾਲ-ਨਾਲ ਕਿਸਾਨ ਦੇ ਪਰਿਵਾਰ ਦੀ ਮਿਹਨਤ-ਮਜ਼ਦੂਰੀ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ। ਸ੍ਰੀ ਚੌਹਾਨ ਨੇ ਕੁਦਰਤੀ ਆਫ਼ਤਾਂ ਦੇ ਮੁਆਵਜ਼ੇ ਸਬੰਧੀ ਮਿੱਥੀਆਂ ਗਈਆਂ ਸ਼ਰਤਾਂ ਨੂੰ ਬਹੁਤ ਹੀ ਦੋਸ਼ਪੂਰਨ ਦੱਸਦਿਆਂ ਕਿਹਾ ਕਿ ਇਹ ਮੁਆਵਜ਼ਾ ਦੇਣ ਲਈ ਤਹਿਸੀਲ ਜਾਂ ਬਲਾਕ ਦੀ ਥਾਂ ‘ਤੇ ਇਕੱਲੇ-ਇਕੱਲੇ ਕਿਸਾਨ ਦੇ ਇਕੱਲੇ-ਇਕੱਲੇ ਖੇਤ ਨੂੰ ਹੀ ਇਕਾਈ ਮੰਨਿਆ ਜਾਵੇ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਕਿਸਾਨੀ ਨਾਲ ਸਬੰਧਤ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਉਲੀਕਣ ਤੇ ਨੇਪਰੇ ਚਾੜਨ ਲਈ ਹਰ ਪੱਧਰ ‘ਤੇ ਕਿਸਾਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
ਕਿਸਾਨੀ ਨੂੰ ਮੁਲਕ ਦੀ ਰੀੜ ਦੀ ਹੱਡੀ ਦੱਸਦਿਆਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਕਿਹਾ ਕਿ ਕਿਸਾਨ ਅੱਜ ਤਾਂ ਹੀ ਬਚੇਗਾ, ਜੇਕਰ ਉਹ ਰਾਜਨੀਤਿਕ ਪਾਰਟੀਆਂ, ਇਲਾਕਿਆਂ, ਜਾਤਾਂ ਅਤੇ ਧਰਮਾਂ ਦੇ ਵਖਰੇਵਿਆਂ ਤੋਂ ਉਪਰ ਉਠ ਕੇ ਆਪਣੇ ਹਿੱਤਾਂ ਦੀ ਰਾਖੀ ਲਈ ਇਕ ਮੰਚ ਉੱਤੇ ਇਕੱਤਰ ਹੋਵੇਗਾ। ਪੰਜਾਬ ਨੂੰ ਖੇਤੀ ਵਿੱਚ ਆਪਣਾ ਵੱਡਾ ਭਰਾ ਮੰਨਦਿਆਂ ਡਾ. ਰਮਨ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਿਸਾਨ-ਵਟਾਂਦਰਾ ਪ੍ਰੋਗਰਾਮ ਅਧੀਨ ਇਕ-ਇਕ ਹਜ਼ਾਰ ਕਿਸਾਨਾਂ ਦੇ ਡੈਲੀਗੇਸ਼ਨ ਇਕ-ਦੂਜੇ ਸੂਬੇ ਵਿੱਚ ਭੇਜੇ ਜਾਣੇ ਚਾਹੀਦੇ ਹਨ ਤਾਂ ਕਿ ਕਿਸਾਨ ਇਕ-ਦੂਜੇ ਦੇ ਤਜਰਬਿਆਂ ਤੋਂ ਲਾਹਾ ਲੈ ਸਕਣ। ਉਨ੍ਹਾਂ ਕਿਹਾ ਕਿ ‘ਸ਼ਹੀਦਾਂ, ਬਲੀਦਾਨੀਆਂ ਅਤੇ ਮਿਹਨਤਕਸ਼ ਕਿਸਾਨਾਂ ਦੀ ਧਰਤੀ’ ਵਜੋਂ ਜਾਣੇ ਜਾਂਦੇ ਪੰਜਾਬ ਨੇ ਹਮੇਸ਼ਾ ਹੀ ਦੇਸ਼ ਲਈ ਹਰ ਖੇਤਰ ਵਿੱਚ ਅਥਾਹ ਕੁਰਬਾਨੀ ਕੀਤੀ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਗਸ਼ਾਲੀ ਹਨ ਕਿ ਉਨ੍ਹਾਂ ਨੂੰ ਸ. ਪਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਦੇ ਰੂਪ ਵਿੱਚ ਰਵਾਇਤੀ ਤੇ ਆਧੁਨਿਕਤਾ ਦੇ ਸੁਮੇਲ ਵਾਲੀ ਲੀਡਰਸ਼ਿਪ ਮਿਲੀ ਹੋਈ ਹੈ। ਇਸੇ ਲਈ ਹੀ ਅੱਜ ਪੰਜਾਬ ਖੇਤੀਬਾੜੀ, ਸਨਅਤ, ਸਿੱਖਿਆ, ਸਿਹਤ ਅਤੇ ਜ਼ਰੂਰੀ ਸੇਵਾਵਾਂ ਦੇ ਨਾਲ-ਨਾਲ ਹਰ ਖੇਤਰ ਵਿੱਚ ਲਾਮਿਸਾਲ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ. ਬਾਦਲ ਦੀ ਗਤੀਸ਼ੀਲ ਅਗਵਾਈ ਵਿੱਚ ਖੇਤੀਬਾੜੀ ਤੋਂ ਬਿਨਾਂ ਕਈ ਹੋਰ ਖੇਤਰਾਂ ਵਿੱਚ ਵੀ ਖੇਤਰਾਂ ਵਿੱਚ ਵੀ ਪੰਜਾਬ ਪੂਰੇ ਮੁਲਕ ਦਾ ਰਾਹ ਦਸੇਰਾ ਬਣਿਆ ਹੋਇਆ ਹੈ। ਸ੍ਰੀ ਯਾਦਵ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣ ਲਈ ਕੀਤੀ ਗਈ ਪਹਿਲਕਦਮੀ ਹਰ ਹਾਲਤ ਵਿੱਚ ਸਾਰਥਕ ਸਾਬਤ ਹੋਵੇਗੀ।
ਪਾਕਿਸਤਾਨੀ ਪੰਜਾਬ ਦੇ ਖੇਤੀਬਾੜੀ ਮੰਤਰੀ ਡਾ. ਜਾਵੇਦ ਫਾਰੂਕ ਨੇ ਇਸ ਮੌਕੇ ‘ਤੇ ਬੋਲਦਿਆਂ ਆਖਿਆ ਕਿ ਦੋਵਾਂ ਪੰਜਾਬਾਂ ਦੇ ਖੇਤੀ ਮਸਲੇ ਇੱਕੋ ਜਿਹੇ ਹਨ, ਇਸ ਲਈ ਦੋਵਾਂ ਸੂਬਿਆਂ ਦੇ ਕਿਸਾਨ ਇਕ-ਦੂਜੇ ਦੇ ਤਜਰਬਿਆਂ ਤੋਂ ਭਰਪੂਰ ਲਾਹਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਸਰਕਾਰਾਂ ਖੇਤੀਬਾੜੀ ਖੇਤਰ ਵਿੱਚ ਇਕ-ਦੂਜੇ ਨਾਲ ਅਦਾਨ-ਪ੍ਰਦਾਨ ਦਾ ਪਰੋਗਰਾਮ ਸ਼ੁਰੂ ਕਰ ਲੈਣ ਤਾਂ ਦੋ ਪੰਜਾਬਾਂ ਦੇ ਕਿਸਾਨ ਖੁਸ਼ਹਾਲ ਹੋ ਸਕਦੇ ਹਨ। ਜਨਾਬ ਫਾਰੂਕ ਨੇ ਕਿਹਾ ਕਿ ਚੜ੍ਹਦੇ ਪੰਜਾਬ ਦੇ ਲੋਕ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸ. ਪਰਕਾਸ਼ ਸਿੰਘ ਬਾਦਲ ਵਰਗੇ ਉਹ ਗਤੀਸ਼ੀਲ ਆਗੂ ਮਿਲੇ ਹੋਏ ਹਨ ਜਿਹੜੇ ਹਰ ਦਮ ਕਿਸਾਨਾਂ, ਮਜ਼ਦੂਰਾਂ ਤੇ ਮਿਹਨਤਕਸ਼ ਲੋਕਾਂ ਦੀ ਭਲਾਈ ਬਾਰੇ ਫਿਕਰਮੰਦ  ਰਹਿੰਦੇ ਹਨ। ਇਹੋ ਕਾਰਨ ਹੈ ਕਿ ਪੰਜਾਬ ਦੇ ਆਵਾਮ ਨੇ ਉਨ੍ਹਾਂ ਨੂੰ ਪੰਜ ਵਾਰ ਸੂਬੇ ਦਾ ਵਜ਼ੀਰ-ਏ-ਆਲਾ ਬਣਾਇਆ ਹੈ।
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਤੇਲਗੂ ਦੇਸਮ ਪਾਰਟੀ ਦੇ ਪ੍ਰਧਾਨ ਸ੍ਰੀ ਚੰਦਰ ਬਾਬੂ ਨਾਇਡੂ ਨੇ ਭਾਰਤ ਨੂੰ ਆਉਂਦੇ ਸਮੇਂ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਅਤੇ ਸ਼ਕਤੀਸ਼ਾਲੀ ਮੁਲਕ ਹੋਣ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਇਹ ਤਾਂ ਹੀ ਸੰਭਵ ਹੋਵੇਗਾ, ਜੇਕਰ ਅਸੀਂ ਖੇਤੀ ਨੂੰ ਇਸ ਦੇ ਮੌਜੂਦਾ ਸੰਕਟ ਵਿੱਚੋਂ ਕੱਢ ਕੇ ਇਸ ਕਿੱਤੇ ਨਾਲ ਜੁੜੀ ਤਕਰੀਬਨ ਦੇਸ਼ ਦੀ 55 ਫੀਸਦੀ ਆਬਾਦੀ ਨੂੰ ਖੁਸ਼ਹਾਲ, ਸਮਰੱਥ ਅਤੇ ਸਿੱਖਿਅਤ ਕਰਨ ਵਿੱਚ ਕਾਮਯਾਬ ਹੋਵਾਂਗੇ। ਉਨਾਂ੍ਹ ਕਿਹਾ ਕਿ ਇਸ ਵੇਲੇ ਸਭ ਤੋਂ ਵੱਧ ਨੌਜਵਾਨ ਸ਼ਕਤੀ ਭਾਰਤ ਕੋਲ ਹੈ, ਲੋੜ ਸਿਰਫ ਇਸ ਸ਼ਕਤੀ ਨੂੰ ਸਮਰੱਥ ਬਣਾ ਕੇ ਉਸਾਰੂ ਖੇਤਰਾਂ ਵਿੱਚ ਲਾਉਣ ਦੀ ਹੈ। ਪੰਜਾਬ ਨਾਲ ਆਂਧਰਾ ਪ੍ਰਦੇਸ਼ ਦੇ ਗੂੜੇ ਰਿਸ਼ਤੇ ਦੀ ਗੱਲ ਕਰਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਦੋਵਾਂ ਸੂਬਿਆਂ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਤੇਲਗੂ ਦੇਸਮ ਪਾਰਟੀ ਵਿੱਚ ਤਿੰਨ ਦਹਾਕੇ ਪੁਰਾਣੀ ਸਾਂਝ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੀ ਸਭ ਤੋਂ ਪਹਿਲਾਂ ਤੇਲਗੂ ਦੇਸਮ ਪਾਰਟੀ ਨੇ ਹੀ ਨਿੰਦਾ ਕੀਤੀ ਸੀ ਅਤੇ ਨਵੰਬਰ ’84 ਵਿੱਚ ਦਿੱਲੀ ਅੰਦਰ ਹੋਏ ਸਿੱਖ ਕਤਲੇਆਮ ਸਮੇਂ ਆਂਧਰਾ ਪ੍ਰਦੇਸ਼ ਵਿੱਚ ਕਿਸੇ ਇਕ ਵੀ ਸਿੱਖ ਦੀ ਜਾਨ-ਮਾਲ ਨੂੰ ਨੁਕਸਾਨ ਨਹੀਂ ਹੋਣ ਦਿੱਤਾ ਗਿਆ। ਸ੍ਰੀ ਨਾਇਡੂ ਨੇ ਕਿਹਾ ਕਿ ਦੋਵਾਂ ਸੂਬਿਆਂ ਦੀ ਇਹ ਸਾਂਝ ਖੇਤੀਬਾੜੀ ਖੇਤਰ ਵਿੱਚ ਵੀ ਅੱਗੇ ਵਧਣੀ ਚਾਹੀਦੀ ਹੈ।
ਸਾਬਕਾ ਕੇਂਦਰੀ ਮੰਤਰੀ ਸ੍ਰੀ ਸੋਮਪਾਲ ਸਿੰਘ ਸ਼ਾਸਤਰੀ ਨੇ ਕਿਹਾ ਕਿ ਪੂਰੇ ਮੁਲਕ ਦਾ ਕਿਸਾਨ ਇਸ ਲਈ ਪੰਜਾਬ ਦੇ ਕਿਸਾਨ ਵੱਲ ਵੇਖਦਾ ਹੈ ਕਿਉਂਕਿ ਇੱਥੋਂ ਦਾ ਕਿਸਾਨ ਨਾ ਸਿਰਫ ਖੇਤੀ ਖੇਤਰ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਕਬੂਲਦਾ ਹੀ ਹੈ ਸਗੋਂ ਇਨ੍ਹਾਂ ਚੁਣੌਤੀਆਂ ਦਾ ਹੱਲ ਕੱਢ ਕੇ ਵੀ ਦਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਨੇ ਅਨੇਕਾਂ ਔਕੜਾਂ ਦੇ ਬਾਵਜੂਦ ਮੁਲਕ ਨੂੰ ਭੁੱਖਮਰੀ ਦੀ ਸਥਿਤੀ ਵਿੱਚੋਂ ਕੱਢਿਆ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਮੰਡੀਕਰਨ ਦੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੀ ਸਰਾਹਨਾ ਕਰਦਿਆਂ ਸ੍ਰੀ ਸ਼ਾਸਤਰੀ ਨੇ ਕਿਹਾ ਕਿ ਇਨ੍ਹਾਂ ਆਧੁਨਿਕ ਸਹੂਲਤਾਂ ਦਾ ਤਾਂ ਹੀ ਫਾਇਦਾ ਹੋਵੇਗਾ ਜੇਕਰ ਕਿਸਾਨ ਦੀ ਜੇਬ ਵਿੱਚ ਉਸ ਦੀ ਜਿਣਸ ਦਾ ਪੂਰਾ-ਪੂਰਾ ਮੁੱਲ ਪਵੇ।
ਬਿਹਾਰ ਦੇ ਖੇਤੀਬਾੜੀ ਮੰਤਰੀ ਸ੍ਰੀ ਨਗਿੰਦਰ ਸਿੰਘ ਨੇ ਜ਼ੋਰ ਦੇ ਕੇ ਆਖਿਆ ਕਿ ਕਿਸਾਨ ਨੂੰ ਅੱਜ ਸਮਰਥਨ ਮੁੱਲ ਦੀ ਲਾਭਕਾਰੀ ਮੁੱਲ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਸਸਤੀਆਂ ਦਰਾਂ ‘ਤੇ ਬੀਜ, ਕਰਜ਼ਾ, ਖਾਦ ਅਤੇ ਖੇਤੀ ਲਈ ਲੋੜੀਂਦੀਆਂ ਹੋਰ ਵਸਤਾਂ ਮੁਹੱਈਆ ਕਰਵਾ ਕੇ ਉਸ ਦੀਆਂ ਲਾਗਤਾਂ ਨੂੰ ਘੱਟ ਕਰਨ ਦੇ ਨਾਲ ਨਾਲ ਜਿਣਸ ਦਾ ਲਾਹੇਵੰਦ ਭਾਅ ਦੇਣ ਦੀ ਜ਼ਰੂਰਤ ਹੈ। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਖੇਤੀ ਨੂੰ ਸੰਕਟ ਵਿੱਚੋਂ ਕੱਢਣ ਲਈ ਕੀਤੇ ਗਏ ਇਸ ਉੱਦਮ ਦੀ ਸ਼ਲਾਘਾ ਕੀਤੀ। ਸ. ਬਾਦਲ ਨੂੰ ਕਿਸਾਨਾਂ ਦਾ ਅਸਲ ਮਸੀਹਾ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਵਰਗੇ ਲੋਕ ਹਿੱਤਾਂ ਨੂੰ ਪ੍ਰਣਾਏ ਹੋਏ ਆਗੂ ਨੂੰ ਮੁਲਕ ਦਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲੇ ਤਾਂ ਖੇਤੀ ਸੰਕਟ ਦਾ ਫੌਰੀ ਹੱਲ ਕੱਢਿਆ ਜਾ ਸਕਦਾ ਹੈ।
ਇਸ ਮੌਕੇ ਪੱਛਮੀ ਬੰਗਾਲ ਦੇ ਖੇਤੀ ਮੰਤਰੀ ਸ੍ਰੀ ਮੋਯਲੀ ਘੱਟਕ ਨੇ ਇਹ ਸੰਮੇਲਨ ਆਯੋਜਿਤ ਕੀਤੇ ਜਾਣ ਦੀ ਜੋਰਦਾਰ ਸਲਾਘਾ ਕਰਦਿਆਂ ਕਿਹਾ ਕਿ ਇਹ ਛੋਟੇ ਅਤੇ ਸੀਮਾਂਤ ਕਿਸਾਨਾਂ ਦੀਆਂ ਮੁਸਕਿਲਾਂ ਦੀ ਚਰਚਾ ਲਈ ਇਕ ਉਸਾਰੂ ਮੰਚ ਹੈ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਕੇਂਦਰ ਸਰਕਾਰ ਤੇ  ਖੇਤੀ ਨੂੰ   ਲਾਹੇਵੰਦ ਧੰਦਾ ਬਣਾਉਣ ਲਈ ਯੋਗ ਨੀਤੀਆਂ ਘੜਨ ਲਈ ਦਬਾਅ ਬਣਾਉਣ ਵਿਚ ਸਹਾਈ ਹੋਵੇਗਾ।
ਇਸ ਮੌਕੇ ਗੁਜਰਾਤ ਦੇ ਖੇਤੀ ਮੰਤਰੀ ਸ੍ਰੀ ਬਾਬੂਭਾਈ ਬੋਖੀਰੀਆ ਕਿਸਾਨਾਂ ਨੂੰ ਸਿੱਖਿਅਤ ਕਰਨ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਸਵੈ ਨਿਰਭਰ ਬਣਾਏ ਜਾਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੰਮੇਲਨ ਇਸ ਦਿਸ਼ਾ ਵਿਚ ਅਹਿਮ ਭੁਮਿਕਾ ਨਿਭਆ ਸਕਦੇ ਹਨ ਅਤੇ ਕਿਸਾਨਾਂ ਨੂੰ ਨਵੀਂਆਂ ਖੇਤੀ ਤਕਨੀਕਾਂ ਅਪਨਾਉਣ ਪ੍ਰਤੀ ਪ੍ਰੇਰਿਤ ਕਰੇਗਾ।
ਇਸ ਮੌਕੇ ਰਾਜਸਥਾਨ ਭਾਜਪਾ ਦੇ ਸੂਬਾ ਪ੍ਰਾਧਨ ਸ੍ਰੀ ਅਸੋਕ ਪਰਨਾਮੀ ਨੇ ਆਪਣੇ ਸੰਬੋਧਨ ਵਿਚ ਕਿਹਾ ਰਾਜਸਥਾਨ ਦੇ ਪਾਣੀ ਦੀ ਘਾਟ ਦੇ ਬਾਵਜੂਦ ਬਾਜਰਾ, ਗੁਆਰਾ, ਸਰੋਂ, ਦਾਲਾਂ ਅਤੇ ਸੋਇਆਬੀਨ ਦੇ ਉਤਪਾਦਨ ਵਿਚ ਮੋਹਰੀ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਉੱਤਰੀ ਭਾਰਤ ਦੇ ਕਿਸਾਨਾਂ ਨੂੰ ਆਪਣੇ ਵਿਚਾਰਾਂ ਦੇ ਆਦਾਨ ਪ੍ਰਦਾਨ ਲਈ ਮੰਚ ਉਪਲਬੱਧ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਜੋਰਦਾਰ ਸਲਾਘਾ ਕੀਤੀ।

Facebook Comment
Project by : XtremeStudioz