Close
Menu

ਮੁੰਬਈ ਇੰਡੀਅਨਜ਼ ਨੇ ਆਰਸੀਬੀ ਨੂੰ ਪੰਜ ਵਿਕਟਾਂ ਨਾਲ ਹਰਾਇਆ

-- 16 April,2019

ਮੁੰਬਈ, 16 ਅਪਰੈਲ
ਆਈਪੀਐਲ ਦੇ ਇਥੇ ਖੇਡੇ ਗਏ ਮੈਚ ’ਚ ਮੁੰਬਈ ਇੰਡੀਅਨਜ਼ ਨੇ ਰੌਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਉਨ੍ਹਾਂ 19 ਓਵਰਾਂ ’ਚ 5 ਵਿਕਟਾਂ ਗੁਆ ਕੇ 172 ਦੌੜਾਂ ਦੇ ਟੀਚੇ ਨੂੰ ਸਰ ਕਰ ਲਿਆ। ਮੁੰਬਈ ਟੀਮ ਵੱਲੋਂ ਕੁਇੰਟਨ ਡੀ ਕੌਕ ਨੇ 40, ਕਪਤਾਨ ਰੋਹਿਤ ਸ਼ਰਮਾ ਨੇ 28, ਸੂਰਿਆਕੁਮਾਰ ਯਾਦਵ ਨੇ 29, ਇਸ਼ਾਨ ਕਿਸ਼ਨ ਨੇ 21 ਦੌੜਾਂ ਦਾ ਯੋਗਦਾਨ ਦਿੱਤਾ। ਹਾਰਦਿਕ ਪਾਂਡਿਆ ਨੇ ਨਾਬਾਦ 37 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਵਿਰਾਟ ਕੋਹਲੀ ਦੀ ਟੀਮ ਆਰਸੀਬੀ ਨੇ ਇਕ ਦਿਨ ਪਹਿਲਾਂ ਹੀ ਕਿੰਗਜ਼ ਇਲੈਵਨ ਪੰਜਾਬ ਨੂੰ ਹਰਾ ਕੇ ਸੱਤ ਮੈਚਾਂ ’ਚ ਪਹਿਲੀ ਜਿੱਤ ਹਾਸਲ ਕੀਤੀ ਸੀ ਪਰ ਅੱਜ ਦੇ ਮੁਕਾਬਲੇ ’ਚ ਉਹ ਜੇਤੂ ਲੈਅ ਬਰਕਰਾਰ ਨਹੀਂ ਰੱਖ ਸਕੇ ਅਤੇ ਮੈਚ ਹਾਰ ਗਏ। ਇਸ ਤੋਂ ਪਹਿਲਾਂ ਏਬੀ ਡਿਵਿਲੀਅਰਜ਼ ਅਤੇ ਮੋਈਨ ਅਲੀ ਦੇ ਨੀਮ ਸੈਂਕੜਿਆਂ ਦੀ ਬਦੌਲਤ ਰੌਇਲ ਚੈਲੰਜਰਜ਼ ਬੰਗਲੌਰ ਨੇ ਖ਼ਰਾਬ ਸ਼ੁਰੂਆਤ ਤੋਂ ਉਭਰ ਕੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਸੱਤ ਵਿਕਟਾਂ ’ਤੇ 171 ਦੌੜਾਂ ਬਣਾਈਆਂ। ਡਿਵਿਲੀਅਰਜ਼ ਨੇ 51 ਗੇਂਦਾਂ ’ਤੇ 75 ਦੌੜਾਂ ਬਣਾਈਆਂ, ਜਿਸ ਵਿੱਚ ਛੇ ਚੌਕੇ ਅਤੇ ਚਾਰ ਛੱਕੇ ਸ਼ਾਮਲ ਹਨ। ਮੋਈਨ ਨੇ 32 ਗੇਂਦਾਂ ’ਤੇ ਇੱਕ ਚੌਕੇ ਅਤੇ ਪੰਜ ਛੱਕਿਆਂ ਦੀ ਮਦਦ ਨਾਲ 50 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਨੇ ਤੀਜੀ ਵਿਕਟ ਲਈ 95 ਦੌੜਾਂ ਦੀ ਭਾਈਵਾਲੀ ਕੀਤੀ। ਮੁੰਬਈ ਵੱਲੋਂ ਲੇਸਿਥ ਮਲਿੰਗਾ ਨੇ 31 ਦੌੜਾ ਦੇ ਕੇ ਚਾਰ ਵਿਕਟਾਂ ਲਈਆਂ। ਮੁੰਬਈ ਨੇ ਟਾਸ ਜਿੱਤ ਕੇ ਬੰਗਲੌਰ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ ਸ਼ੁਰੂ ਵਿੱਚ ਕਿਫ਼ਾਇਤੀ ਗੇਂਦਬਾਜ਼ੀ ਕੀਤੀ। ਪਹਿਲੇ ਚਾਰ ਓਵਰ ਵਿੱਚ ਸਿਰਫ਼ 21 ਦੌੜਾਂ ਬਣੀਆਂ। ਇਸ ਦੌਰਾਨ ਜੇਸਨ ਬੇਹਰਨਡੌਰਫ਼ ਨੇ ਕਪਤਾਨ ਵਿਰਾਟ ਕੋਹਲੀ (ਅੱਠ ਦੌੜਾਂ) ਨੂੰ ਆਊਟ ਕਰਕੇ ਬੰਗਲੌਰ ਨੂੰ ਪਹਿਲਾ ਝਟਕਾ ਦਿੱਤਾ। ਪਾਰਥਿਵ ਪਟੇਲ (20 ਗੇਂਦਾਂ ’ਤੇ 28 ਦੌੜਾਂ) ਨੇ ਹਾਲਾਂਕਿ ਬੇਹਰਨਡੌਰਫ਼ ਦੇ ਅਗਲੇ ਓਵਰ ਵਿੱਚ ਤਿੰਨ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 19 ਦੌੜਾਂ ਲਈਆਂ, ਜਿਸ ਨਾਲ ਪਾਵਰ ਪਲੇਅ ਤੱਕ ਸਕੋਰ 45 ਦੌੜਾਂ ਹੋ ਗਿਆ। ਪਾਰਥਿਵ ਨੂੰ ਹਾਰਦਿਕ ਪੰਡਿਆ ਨੇ ਬਾਹਰ ਦਾ ਰਸਤਾ ਵਿਖਾਇਆ। ਇਸ ਤੋਂ ਬਾਅਦ ਡਿਵਿਲੀਅਰਜ਼ ਅਤੇ ਮੋਈਨ ਨੇ ਜ਼ਿੰਮੇਵਾਰੀ ਸੰਭਾਲੀ। ਡਿਵਿਲੀਅਰਜ਼ ਨੇ ਜਿੱਥੇ 41 ਗੇਂਦਾਂ ’ਤੇ ਨੀਮ ਸੈਂਕੜਾ ਪੂਰਾ ਕੀਤਾ, ਉਥੇ ਮੋਈਨ ਅਲੀ ਨੇ ਇਸ ਦੇ ਲਈ ਸਿਰਫ਼ 31 ਗੇਂਦਾਂ ਦਾ ਸਾਹਮਣਾ ਕੀਤਾ। ਇਸ ਮਗਰੋਂ ਉਸ ਨੇ ਮਲਿੰਗਾ ਨੂੰ ਕੈਚ ਦੇ ਦਿੱਤਾ। ਮਲਿੰਗਾ ਨੇ ਇਸੇ ਓਵਰ ਵਿੱਚ ਨਵੇਂ ਬੱਲੇਬਾਜ਼ ਮਾਰਕਸ ਸਟੋਈਨਿਸ (ਸਿਫ਼ਰ) ਨੂੰ ਵੀ ਪੈਵਿਲੀਅਨ ਭੇਜਿਆ।

Facebook Comment
Project by : XtremeStudioz