Close
Menu

ਮੈਂ ਤਾਂ ਸਿਰਫ਼ ਇਤਿਹਾਸਕ ਸੱਚ ਬੋਲਿਆ ਸੀ: ਕਮਲ ਹਾਸਨ

-- 16 May,2019

ਮਦੁਰਾਇ, 16 ਮਈ
ਨੱਥੂ ਰਾਮ ਗੋਡਸੇ ਨੂੰ ਆਜ਼ਾਦ ਭਾਰਤ ਦਾ ਪਹਿਲਾ ਇੰਤਹਾਪਸੰਦ ਦੱਸ ਕੇ ਵਿਵਾਦਾਂ ’ਚ ਘਿਰੇ ਮੱਕਲ ਨਿਧੀ ਮਾਇਅਮ ਪਾਰਟੀ ਦੇ ਬਾਨੀ ਤੇ ਅਦਾਕਾਰ ਕਮਲ ਹਾਸਨ ਨੇ ਅੱਜ ਕਿਹਾ ਕਿ ਉਨ੍ਹਾਂ ਤਾਂ ਸਿਰਫ਼ ਉਹੀ ਕੁਝ ਕਿਹਾ ਹੈ, ਜੋ ‘ਇਤਿਹਾਸਕ ਤੌਰ ’ਤੇ ਸੱਚ’ ਹੈ। ਅਦਾਕਾਰ ਤੋਂ ਸਿਆਸਤਦਾਨ ਬਣੇ ਹਾਸਨ ਨੇ ਆਪਣੇ ਵਿਰੋਧੀਆਂ ਨੂੰ ਕਿਹਾ ਕਿ ਉਹ ਕੋਈ ਵਾਜਬ ਦੋਸ਼ ਲਾਉਣ। ਇਸ ਦੌਰਾਨ ਮਦਰਾਸ ਹਾਈ ਕੋਰਟ ਨੇ ਐਮਐਨਐਮ ਮੁਖੀ ਕਮਲ ਹਾਸਨ ਵੱਲੋਂ ਉਸ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜਸਟਿਸ ਬੀ.ਪੁਗਾਲੇਂਧੀ ਦੇ ਬੈਂਚ ਨੇ ਕਿਹਾ ਕਿ ਛੁੱਟੀਆਂ ਮੌਕੇ ਅਜਿਹੀਆਂ ਪਟੀਸ਼ਨਾਂ ਨੂੰ ਸੰਕਟਕਾਲੀ ਪਟੀਸ਼ਨਾਂ ਵਜੋਂ ਨਹੀਂ ਲਿਆ ਜਾ ਸਕਦਾ। ਉਂਜ ਜੱਜ ਨੇ ਕਿਹਾ ਕਿ ਜੇਕਰ ਪੇਸ਼ਗੀ ਜ਼ਮਾਨਤ ਸਬੰਧੀ ਕੋਈ ਪਟੀਸ਼ਨ ਆਉਂਦੀ ਹੈ ਤਾਂ ਇਸ ’ਤੇ ਸੁਣਵਾਈ ਕੀਤੀ ਜਾ ਸਕਦੀ ਹੈ।
ਇਥੇ ਤਿਰੁਪੁਰਨਕੁੰਡਰਮ ਨੇੜੇ ਜ਼ਿਮਨੀ ਚੋਣ ਲਈ ਪ੍ਰਚਾਰ ਕਰਦਿਆਂ ਅਦਾਕਾਰ ਨੇ ਕਿਹਾ, ‘ਮੈਂ ਅਰਾਵਾਕੁਰਿਚੀ ’ਚ ਜੋ ਕੁਝ ਬੋਲਿਆ, ਉਸ ਲਈ ਉਹ ਨਾਰਾਜ਼ ਹਨ। ਮੈਂ ਉਥੇ ਜੋ ਕੁਝ ਬੋਲਿਆ ਉਹ ਇਤਿਹਾਸਕ ਸੱਚ ਸੀ। ਮੈਂ ਕਿਸੇ ਨੂੰ ਵੀ ਝਗੜੇ ਲਈ ਉਕਸਾਇਆ ਜਾਂ ਭਰਮਾਇਆ ਨਹੀਂ।’ ਹਾਸਨ ਨੇ ਕਿਹਾ, ‘ਤਸੀਂ ਇੰਤਹਾਪਸੰਦ ਦਾ ਮਤਲਬ ਸਮਝੋ। ਮੈਂ ਦਹਿਸ਼ਗਰਦ ਜਾਂ ਕਾਤਲ ਸ਼ਬਦ ਦੀ ਵਰਤੋਂ ਵੀ ਕਰ ਸਕਦਾ ਸੀ…ਅਸੀਂ ਸਰਗਰਮ ਰਾਜਨੀਤੀ ਦੇ ਹਾਮੀ ਹਾਂ ਤੇ ਇਥੇ ਹਿੰਸਾ ਲਈ ਕੋਈ ਥਾਂ ਨਹੀਂ ਹੈ।’ ਐੱਮਐਨਐਮ ਆਗੂ ਨੇ ਕਿਹਾ ਕਿ ਉਹਦੀ ਤਕਰੀਰ ਨੂੰ ਚੋਣਵੇਂ ਰੂਪ ਵਿੱਚ ਸੰਪਾਦਿਤ ਕੀਤਾ ਗਿਆ ਹੈ। ਆਪਣੇ ਵਿਰੋਧੀਆਂ ’ਤੇ ਹੱਲਾ ਬੋਲਦਿਆਂ ਅਦਾਕਾਰ ਨੇ ਕਿਹਾ ਕਿ ਉਨ੍ਹਾਂ ’ਤੇ ਲਾਏ ਗਏ ਦੋਸ਼ ‘ਮੇਰੇ ਮੀਡੀਆ ਦੋਸਤਾਂ ’ਤੇ ਵੀ ਆਇਦ ਹੁੰਦੇ ਹਨ।’ ਇਸ ਦੌਰਾਨ ਭਾਜਪਾ ਨੇ ਹਾਸਨ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅਜਿਹੇ ਵਿਸ਼ਿਆਂ ਬਾਰੇ ਜਨਤਕ ਮੀਟਿੰਗਾਂ ’ਚ ਨਹੀਂ ਬੋਲਿਆ ਜਾਂਦਾ।

Facebook Comment
Project by : XtremeStudioz