Close
Menu

ਮੋਦੀ ਤੇ ਸ਼ਾਹ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਤੋਂ ਨਾਂਹ

-- 09 May,2019

ਨਵੀਂ ਦਿੱਲੀ, 9 ਮਈ
ਸੁਪਰੀਮ ਕੋਰਟ ਨੇ ਆਦਰਸ਼ ਚੋਣ ਜ਼ਾਬਤੇ (ਐੱਮਸੀਸੀ) ਦੀ ਕਥਿਤ ਉਲੰਘਣਾ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੀ ਕਾਂਗਰਸੀ ਸੰਸਦ ਮੈਂਬਰ ਸੁਸ਼ਮਿਤਾ ਦੇਵ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਤੋਂ ਅੱਜ ਨਾਂਹ ਕਰ ਦਿੱਤੀ। ਚੀਫ਼ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਦੀਪਕ ਗੁਪਤਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਹਾਲਾਂਕਿ ਦੇਵ ਨੂੰ ਚੋਣ ਕਮਿਸ਼ਨ ਦੇ ਉਨ੍ਹਾਂ ਹੁਕਮਾਂ, ਜਿਸ ਤਹਿਤ ਮੋਦੀ ਤੇ ਸ਼ਾਹ ਖ਼ਿਲਾਫ਼ ਦਾਇਰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਸ਼ਿਕਾਇਤਾਂ ਨੂੰ ਰੱਦ ਕੀਤਾ ਗਿਆ ਹੈ, ਖ਼ਿਲਾਫ਼ ਸੱਜਰੀ ਪਟੀਸ਼ਨ ਦਾਇਰ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ।
ਸੁਪਰੀਮ ਕੋਰਟ ਨੇ ਸਿਲਚਰ ਤੋਂ ਸੰਸਦ ਮੈਂਬਰ ਦੇਵ ਨੂੰ ਲੰਘੇ ਦਿਨੀਂ ਭਾਜਪਾ ਆਗੂਆਂ ਨੂੰ ਕਲੀਨ ਚਿੱਟ ਦੇਣ ਸਬੰਧੀ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਰਿਕਾਰਡ ’ਤੇ ਲਿਆਉਣ ਲਈ ਕਿਹਾ ਸੀ।
ਬੈਂਚ ਨੇ ਅੱਜ ਕਿਹਾ ਚੋਣ ਕਮਿਸ਼ਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਸ਼ਿਕਾਇਤਾਂ ਬਾਰੇ ‘ਸਹੀ ਜਾਂ ਗ਼ਲਤ’ ਫੈਸਲਾ ਕਰ ਚੁੱਕਾ ਹੈ। ਅਜਿਹੇ ਹਾਲਾਤ ਵਿੱਚ ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦੇਣ ਲਈ ਨਵੀਂ ਪਟੀਸ਼ਨ ਦਾਇਰ ਕਰਨੀ ਹੋਵੇਗੀ। ਚੋਣ ਕਮਿਸ਼ਨ ਵੱਲੋਂ ਪੇਸ਼ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇਣ ਵਾਲੇ ਵਿਅਕਤੀ ਇਨ੍ਹਾਂ ਹੁਕਮਾਂ (ਕਲੀਨ ਚਿੱਟ ਨਾਲ ਸਬੰਧਤ) ਖ਼ਿਲਾਫ਼ ਨਹੀਂ ਆਏ ਹਨ। ਉਧਰ ਸੁਸ਼ਮਿਤਾ ਦੇਵ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਮੋਦੀ ਤੇ ਸ਼ਾਹ ਖ਼ਿਲਾਫ਼ ਸ਼ਿਕਾਇਤਾਂ ਖਾਰਜ ਕਰਦਿਆਂ ਇਸ ਲਈ ਕੋਈ ਠੋਸ ਕਾਰਨ ਨਹੀਂ ਦੱਸੇ। ਚੋਣ ਕਮਿਸ਼ਨ ਮੋਦੀ ਨੂੰ ਆਦਰਸ਼ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਨਾਲ ਸਬੰਧਤ ਵੱਖ ਵੱਖ ਸ਼ਿਕਾਇਤਾਂ ’ਚ ਕਲੀਟ ਚਿੱਟ ਦੇ ਚੁੱਕਾ ਹੈ।
ਦੇਵ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ’ਚ ਇਕ ਹਲਫ਼ਨਾਮਾ ਦਾਇਰ ਕਰਕੇ ਦਾਅਵਾ ਕੀਤਾ ਸੀ ਕਿ ਚੋਣ ਪੈਨਲ ਨੇ ਮੋਦੀ ਤੇ ਸ਼ਾਹ ਨੂੰ ਕਲੀਨ ਚਿੱਟ ਦੇਣ ਲਈ ਕੋਈ ਠੋਸ ਵਜ੍ਹਾ ਨਹੀਂ ਦੱਸੀ ਤੇ ਸਰਸਰੀ ਤਰੀਕੇ ਨਾਲ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਸਾਰੀਆਂ ਸ਼ਿਕਾਇਤਾਂ ਤੋਂ ਬਰੀ ਕਰ ਦਿੱਤਾ, ਜੋ ਕਿ ਇਸ ਕੋਰਟ ਵੱਲੋਂ ਨਿਰਧਾਰਿਤ ਕਾਨੂੰਨ ਦੀ ਸਰਾਸਰ ਉਲੰਘਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਰੈਲੀ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮੰਤਰੀ ਮਰਹੂਮ ਰਾਜੀਵ ਗਾਂਧੀ ਨੂੰ ‘ਭ੍ਰਿਸ਼ਟਾਚਾਰੀ ਨੰਬਰ 1’ ਦੱਸਣ ਮਗਰੋਂ ਕਾਂਗਰਸ ਨੇ 6 ਮਈ ਨੂੰ ਚੋਣ ਪੈਨਲ ਕੋਲ ਸੱਜਰੀ ਸ਼ਿਕਾਇਤ ਦਰਜ ਕੀਤੀ ਸੀ। ਸੱਜਰੇ ਹਲਫ਼ਨਾਮੇ ’ਚ ਦੇਵ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਦੇ ਦੋਵੇਂ ਆਗੂ ‘ਨਫ਼ਰਤੀ ਤਕਰੀਰਾਂ’ ਤੇ ਸਿਆਸੀ ਪ੍ਰਚਾਰ ਲਈ ਹਥਿਆਰਬੰਦ ਫੌਜਾਂ ਦੀ ਵਰਤੋਂ ਕਰਕੇ ਆਦਰਸ਼ ਚੋਣ ਜ਼ਾਬਤੇ ਦੀ ਸ਼ਰ੍ਹੇਆਮ ਉਲੰਘਣਾ ਕਰ ਰਹੇ ਹਨ, ਪਰ ਸ਼ਿਕਾਇਤਾਂ ਦੇ ਬਾਵਜੂਦ ਚੋਣ ਕਮਿਸ਼ਨ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ।

Facebook Comment
Project by : XtremeStudioz