Close
Menu

ਮੋਦੀ ਮੇਰੇ ਖ਼ਿਲਾਫ਼ ਨਿੱਜੀ ਹਮਲੇ ਬੰਦ ਕਰਨ: ਵਾਡਰਾ

-- 09 May,2019

ਨਵੀਂ ਦਿੱਲੀ, 9 ਮਈ
ਕਾਂਗਰਸ ਆਗੂ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਨੇ ਅੱਜ ਪ੍ਰਧਾਨ ਮੰਤਰੀ ’ਤੇ ਦੋਸ਼ ਲਾਇਆ ਕਿ ਉਹ ਉਸ ’ਤੇ ਨਿੱਜੀ ਹਮਲੇ ਕਰ ਰਹੇ ਹਨ ਤੇ ਇਨ੍ਹਾਂ ਹਮਲਿਆਂ ਦਾ ਮੁੱਖ ਮੰਤਵ ਮੁਲਕ ਨੂੰ ਦਰਪੇਸ਼ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕੀਤੀਆਂ ਚੋਣ ਰੈਲੀਆਂ ਦੌਰਾਨ ਜ਼ਮੀਨ ਸੌਦਿਆਂ ’ਚ ਕਥਿਤ ਭ੍ਰਿਸ਼ਟਾਚਾਰ ਬਾਬਤ ਕੀਤੀ ਟਿੱਪਣੀਆਂ ਤੋਂ ਫੌਰੀ ਮਗਰੋਂ ਵਾਡਰਾ ਨੇ ਟਵਿੱਟਰ ਤੇ ਫੇਸਬੁੱਕ ’ਤੇ ਕਿਹਾ ਕਿ ਪਿਛਲੇ ਪੰਜ ਸਾਲ ਤੋਂ ਮੋਦੀ ਸਰਕਾਰ ਉਸ ਨੂੰ ‘ਤੰਗ ਪ੍ਰੇਸ਼ਾਨ’ ਕਰ ਰਹੀ ਹੈ। ਵਾਡਰਾ ਨੇ ਕਿਹਾ ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਕਿ ਉਹ ਉਸ (ਵਾਡਰਾ) ਨੂੰ ਜੇਲ੍ਹ ਭੇਜਣਗੇ, ਜੁਡੀਸ਼ਰੀ ਦਾ ‘ਅਪਮਾਨ’ ਹੈ। ਮੋਦੀ ਨੇ ਰੈਲੀ ਦੌਰਾਨ ਵਾਡਰਾ ਦਾ ਅਸਿੱਧਾ ਹਵਾਲਾ ਦਿੰਦਿਆਂ ਕਿਹਾ ਸੀ ਕਿ ‘ਚੌਕੀਦਾਰ ਦਿੱਲੀ ਤੇ ਹਰਿਆਣਾ ਵਿੱਚ ਕਿਸਾਨਾਂ ਦੀ ਜ਼ਮੀਨ ਲੁੱਟਣ ਵਾਲੇ ਭ੍ਰਿਸ਼ਟਾਚਾਰੀ ਨੂੰ ਜੇਲ੍ਹ ਦੀਆਂ ਬਰੂਹਾਂ ਤਕ ਲੈ ਆਇਆ ਹੈ।’ ਵਾਡਰਾ ਨੇ ਟਵੀਟ ਕੀਤਾ, ‘ਕ੍ਰਿਪਾ ਕਰਕੇ ਮੇਰੇ ’ਤੇ ਇਹ ਨਿੱਜੀ ਹਮਲੇ ਬੰਦ ਕਰੋ। ਤੁਸੀਂ ਅਜਿਹੀਆਂ ਟਿੱਪਣੀਆਂ ਕਰਕੇ ਮਾਣਯੋਗ ਜੁਡੀਸ਼ਲ ਪ੍ਰਬੰਧ ਦਾ ਨਿਰਾਦਰ ਕਰ ਰਹੇ ਹੋ। ਮੈਨੂੰ ਭਾਰਤੀ ਨਿਆਂ ਪ੍ਰਬੰਧ ’ਚ ਪੂਰਾ ਯਕੀਨ ਹੈ ਤੇ ਸੱਚ ਜ਼ਰੂਰ ਸਾਹਮਣੇ ਆਏਗਾ।’ ਇਕ ਫੇਸਬੁੱਕ ਪੋਸਟ ’ਚ ਵਾਡਰਾ ਨੇ ਕਿਹਾ, ‘ਤੁਹਾਡੀ ਰੈਲੀ ਵਿੱਚ ਆਪਣਾ ਨਾਂ ਸੁਣ ਕੇ ਮੈਂ ਹੈਰਾਨ ਹਾਂ। ਗਰੀਬੀ, ਬੇਰੁਜ਼ਗਾਰੀ, ਮਹਿਲਾ ਸਸ਼ਕਤੀਕਰਨ ਆਦਿ ਕਈ ਅਜਿਹੇ ਮੁੱਦੇ ਹਨ, ਜੋ ਮੂੰਹ ਅੱਡੀ ਤੁਹਾਡੇ ਵਲ ਵੇਖ ਰਹੇ ਹਨ। ਪਰ ਤੁਸੀਂ ਇਨ੍ਹਾਂ ਸਾਰਿਆਂ ਨੂੰ ਛੱਡ ਕੇ ਮੈਨੂੰ ਚੁਣਿਆ।’

Facebook Comment
Project by : XtremeStudioz