Close
Menu

ਮੋਦੀ ਸਰਕਾਰ ਦੇ ਕਾਰਜਕਾਲ ’ਚ ਗਰੀਬੀ ਤੇ ਬੇਰੁਜ਼ਗਾਰੀ ਵਧੀ: ਮਾਇਆਵਤੀ

-- 24 April,2019

ਫਾਰੂਖ਼ਾਬਾਦ(ਯੂਪੀ), 24 ਅਪਰੈਲ
ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਉਣ ਮਗਰੋਂ ਦੇਸ਼ ਵਿੱਚ ਗਰੀਬੀ ਤੇ ਬੇਰੁਜ਼ਗਾਰੀ ਵਧੀ ਹੈ। ਮਾਇਆਵਤੀ ਨੇ ਕਾਂਗਰਸ ਨੂੰ ਵੀ ਰੱਜ ਕੇ ਭੰਡਿਆ।
ਇਥੇ ਸਪਾ-ਬਸਪਾ ਗੱਠਜੋੜ ਦੇ ਉਮੀਦਵਾਰ ਮਨੋਜ ਅਗਰਵਾਲ ਦੀ ਹਮਾਇਤ ’ਚ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਿਹਾ, ‘ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਮਗਰੋਂ ਦੇਸ਼ ਵਿੱਚ ਗਰੀਬੀ ਤੇ ਬੇਰੁਜ਼ਗਾਰੀ ਵਧੀ ਹੈ। ਜਦੋਂ ਕਿ ਕਾਂਗਰਸ ਵੀ ਆਪਣੇ ਵਾਅਦਿਆਂ ’ਤੇ ਖਰੀ ਨਹੀਂ ਉਤਰੀ।’ ਬਸਪਾ ਮੁਖੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਬਿਨਾਂ ਤਿਆਰੀ ਦੇ ਨੋਟਬੰਦੀ ਤੇ ਜੀਐਸਟੀ ਜਿਹੇ ਫੈਸਲੇ ਅਮਲ ਵਿੱਚ ਲਿਆਂਦੇ, ਜਿਸ ਨਾਲ ਦੇਸ਼ ਵਿੱਚ ਗਰੀਬੀ ਤੇ ਬੇਰੁਜ਼ਗਾਰੀ ਵਧੀ ਤੇ ਮੁਲਕ ਦੇ ਅਰਥਚਾਰੇ ’ਤੇ ਇਸ ਦਾ ਬਹੁਤ ਮਾੜਾ ਅਸਰ ਪਿਆ।
ਬਸਪਾ ਸੁਪਰੀਮੋ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਬੋਫੋਰਜ਼ ਤੇ ਭਾਜਪਾ ਦੀ ਕੇਂਦਰ ਸਰਕਾਰ ਸਮੇਂ ਰਾਫ਼ਾਲ ਦਾ ਮਾਮਲਾ ਸੁਰਖੀਆਂ ’ਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਿੱਚ ਮੁਲਕ ਦੀਆਂ ਸਰਹੱਦਾਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੀਬੀਆਈ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਜਿਹੀਆਂ ਜਾਂਚ ਏਜੰਸੀਆਂ ਦੀ ਕੁਵਰਤੋਂ ਕਰ ਰਹੀ ਹੈ। ਕਾਂਗਰਸ ’ਤੇ ਹੱਲਾ ਬੋਲਦਿਆਂ ਮਾਇਆਵਤੀ ਨੇ ਕਿਹਾ ਕਿ ਦੇਸ਼ ਤੇ ਯੂਪੀ ਵਿੱਚ ਕਾਂਗਰਸ ਦੀ ਸਰਕਾਰ ਰਹਿਣ ਦੇ ਬਾਵਜੂਦ ਪਾਰਟੀ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ, ਜਿਸ ਨਾਲ ਲੋਕਾਂ ਨੂੰ ਲਾਭ ਹੁੰਦਾ। ਮਾਇਆਵਤੀ ਨਾਲ ਇਸ ਮੌਕੇ ਉਨ੍ਹਾਂ ਦਾ ਭਤੀਜਾ ਆਕਾਸ਼ ਆਨੰਦ ਤੇ ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਵੀ ਮੌਜੂਦ ਸਨ। 

Facebook Comment
Project by : XtremeStudioz