Close
Menu

ਯਾਦ

-- 31 August,2015

ਬੀਤੀਆਂ ਯਾਦਾਂ ਚ ਤੇਰੀ ਯਾਦ ਸੱਜਣਾ
ਆਈ ਸਾਨੂੰ ਅੱਜ ਦਿਨਾਂ ਬਾਅਦ ਸੱਜਣਾ
ਰੱਬ ਅੱਗੇ ਸਾਡੀ ਫਰਿਆਦ ਸੱਜਣਾ
ਰੱਖੀਂ ਮੇਰੇ ਸੱਜਣ ਆਬਾਦ ਸੱਜਣਾ….

ਵਿਛੜੇ ਤਾਂ ਜ਼ਿੰਦਗੀ ਉਦਾਸ ਹੋ ਗਈ
ਰੂਹ ਬਿਨ੍ਹਾਂ ਜ਼ਿੰਦ ਇਕ ਲਾਸ਼ ਹੋ ਗਈ
ਮੰਗੀਆਂ ਦੁਆਵਾਂ ਸੁੱਖਾਂ ਵਰ ਨਹੀਂਓ ਆਈਆਂ
ਪੀਰਾਂ ਤੇ ਫਕੀਰਾਂ ਤੋਂ ਬੇਆਸ ਹੋ ਗਈ
ਚੁੱਭਦੇ ਅੱਖਾਂ ਚ ਟੋਟੇ ਰੋਜ਼ ਉਨਾਂ ਦੇ
ਜੇਹਡ਼ੇ ਟੁੱਟੇ ਸਨ ਤੱਤਡ਼ੀ ਦੇ ਖ਼ਾਬ ਸੱਜਣਾ
ਬੀਤੀਆਂ ਯਾਦਾਂ ਚ ਤੇਰੀ ਯਾਦ ਸੱਜਣਾ
ਆਈ ਸਾਨੂੰ ਅੱਜ ਦਿਨਾਂ ਬਾਅਦ ਸੱਜਣਾ….

ਸਿਵਿਆਂ ਦੀ ਹੋ ਗਈ ਸੁਆਹ ਜ਼ਿੰਦਗੀ
ਭਟਕਦੀ ਫਿਰੇ ਬਿਨ੍ਹਾਂ ਰਾਹ ਜ਼ਿੰਦਗੀ
ਬੋਝ ਹੋ ਗਈ ਜਿਉਣੀ ਬਾਝੋਂ ਸਾਨੂੰ ਤੇਰੇ
ਹੁੰਦੀ ਸੀ ਜੋ ਪਿਆਰੀ ਬੇਪਨਾਹ ਜ਼ਿੰਦਗੀ
ਖਾ ਗਈ ਬਹਾਰਾਂ, ਖ਼ਿਜ਼ਾ ਦੀ ਰੁੱਤ ਭੈੜੀ
ਸੁੱਕੇ ਬਾਗ ਕਿਵੇੱ ਹੋਣ ਆਬਾਦ ਸੱਜਣਾ..
ਬੀਤੀਆਂ ਯਾਦਾਂ ਚ ਤੇਰੀ ਯਾਦ ਸੱਜਣਾ
ਆਈ ਸਾਨੂੰ ਅੱਜ ਦਿਨਾਂ ਬਾਅਦ ਸੱਜਣਾ

ਸੱਧਰਾਂ ਦੀ ਮੌਤ ਕੌਣ ਸਕਦੈ ਹੰਢਾਅ
ਦਿਲ ਦੇ ਚਾਵਾਂ ਨੂੰ ਖੁਦ ਹੱਥੀਂ ਦਫ਼ਨਾ
ਹਿਜ਼ਰਾਂ ਦੇ ਹੰਝੂ ਬੱਸ ਆਉਂਦੇ ਨੇ ਵਹਾਉਣੇ
ਕੋਈ ਕਿੰਝ ਮੁਸਕਾਏ ਦੁੱਖ ਸੀਨੇ ਨਾਲ ਲਾ
ਬੀਤੇ ਵੇਲੇ ਚੇਤਿਆਂ ਚ ਚਸਕਦੇ ਐਵੇਂ
ਜਿਵੇਂ ਚਸਕੇ ਹੱਡਾਂ ਚ ਪਈ ਰਾਧ ਸੱਜਣਾ..
ਬੀਤੀਆਂ ਯਾਦਾਂ ਚ ਤੇਰੀ ਯਾਦ ਸੱਜਣਾ
ਆਈ ਸਾਨੂੰ ਅੱਜ ਦਿਨਾਂ ਬਾਅਦ ਸੱਜਣਾ

ਪਲਵਿੰਦਰ ਸਿੰਘ ਸੰਧੂ, ਪਟਿਆਲਾ

Facebook Comment
Project by : XtremeStudioz