Close
Menu

ਯੂ.ਪੀ.ਏ. ਦੀਆਂ ਨਕਾਮੀਆਂ ਕਰਕੇ ਕੇਂਦਰ ‘ਚ ਸੱਤ੍ਹਾ ਤਬਦੀਲੀ ਜ਼ਰੂਰੀ – ਸ੍ਰ: ਬਾਦਲ

-- 10 October,2013

DSC07944ਹੁਸ਼ਿਆਰਪੁਰ,10 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਵਿੱਚ ਸਤ੍ਹਾ ਤਬਦੀਲੀ ਦੀ ਲੋੜ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਕਾਂਗਰਸ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਭ੍ਰਿਸ਼ਟਚਾਰ, ਪ੍ਰਸ਼ਾਸ਼ਸਨਿਕ ਆਯੋਗਤਾ, ਅੰਦਰੂਨੀ ਤੇ ਬਾਹਰੀ ਸੁਰੱਖਿਆ ਦੇ ਮੁੱਦਿਆਂ ਤੇ ਹਰ ਪੱਖੋਂ ਫੇਲ ਹੋ ਚੁੱਕੀ ਹੈ।
ਮੁੱਖ ਮੰਤਰੀ  ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਸੈਲਾ ਖੁਰਦ ਵਿਖੇ 9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਬਹੁ ਫ਼ਸਲੀ ਸੁਕਾਈ ਕੇਂਦਰ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਯੂ.ਪੀ.ਏ. ਸਰਕਾਰ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਪੱਖੋਂ ਕਮਜ਼ੋਰ ਹੋਇਆ ਅਤੇ ਦੇਸ਼ ਦੀ ਆਰਥਿਕਤਾ ਵਿੱਚ ਵੱਡੀ ਗਿਰਾਵਟ ਆਈ ਹੈ ਅਤੇ ਦੇਸ਼ ਦੇ ਲੋਕ ਮਹਿੰਗਾਈ ਦੇ ਬੋਝ ਥੱਲੇ ਦੱਬੇ ਗਏ ਹਨ। ਉਨ੍ਹਾਂ ਇਸ ਮੌਕੇ ਤੇ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਕੇਂਦਰ ਵੱਲੋਂ ਸੂਬੇ ਦੇ ਵਿਕਾਸ ਲਈ ਦਿੱਤੀਆਂ ਜਾ ਰਹੀਆਂ ਗਰਾਂਟਾਂ ਦੇ ਰਸਤੇ ਵਿੱਚ ਰੁਕਾਵਟ ਨਾ ਬਣਨ ਸਗੋਂ ਕੇਂਦਰ ਪਾਸੋਂ ਸੂਬੇ ਦੇ ਵਿਕਾਸ ਲਈ ਵੱਧ ਤੋਂ ਵੱਧ ਰਾਸ਼ੀ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ।

ਸ੍ਰ: ਬਾਦਲ ਨੇ ਕਾਂਗਰਸ ਵੱਲੋਂ ਦਾਗੀ ਵਿਧਾਇਕਾਂ ਸਬੰਧੀ ਪਾਸ ਕੀਤੇ ਆਰਡੀਨੈਸ ਸਬੰਧੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਨੁਕਤਾਚਿਨੀ ਅਤੇ ਇਸ ਨੂੰ ਰੱਦ ਕਰਾਉਣ ਨਾਲ ਸ੍ਰ: ਮਨਮੋਹਨ ਸਿੰਘ ਅਤੇ ਪ੍ਰਧਾਨ ਮੰਤਰੀ ਦੇ ਅਹੁੱਦੇ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚੀ ਹੈ। ਸੰਗਰੂਰ ਵਿਖੇ ਨਵੇਂ ਤਿਆਰ ਹੋਣ ਵਾਲੇ ਕੈਂਸਰ ਹਸਪਤਾਲ ਦੇ ਨੀਂਹ ਪੱਥਰ ਸਮਾਗਮ ਮੌਕੇ ਅਕਾਲੀ-ਭਾਜਪਾ ਲੀਡਰਸ਼ਿਪ ਨੂੰ ਸੱਦਾ ਨਾ ਦੇਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਘਟਨਾ ਨਿੰਦਣਯੋਗ ਹੈ ਕਿਉਂਕਿ ਇਸ ਹਸਪਤਾਲ ਲਈ ਪੰਜਾਬ ਸਰਕਾਰ ਵੱਲੋਂ ਯਤਨ ਕੀਤੇ ਗਏ ਹਨ ਅਤੇ ਲੋੜੀਂਦੀ ਜਗ੍ਹਾ ਦੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਸਬੰਧੀ ਉਨ੍ਹਾਂ ਨੇ ਆਪਣਾ ਰੋਸ ਪ੍ਰਧਾਨ ਮੰਤਰੀ ਕੋਲ ਇੱਕ ਪੱਤਰ ਰਾਹੀਂ ਪ੍ਰਗਟ ਕੀਤਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਵੱਡੇ ਪ੍ਰੋਜੇਕਟਾਂ ਵਾਸਤੇ ਵਿਰੋਧੀ ਧਿਰਾਂ ਦੇ ਆਗੂਆਂ ਦਾ ਹਮੇਸ਼ਾਂ ਸਹਿਯੋਗ ਲਿਆ ਹੈ ਅਤੇ ਹੁਣੇ-ਹੁਣੇ ਪੰਜਾਬ ਸਰਕਾਰ ਵੱਲੋਂ ਰਾਜ ਦੇ ਦੱਖਣੀ ਤੇ ਪੱਛਮੀ ਜ਼ਿਲ੍ਹਿਆਂ ਅੰਦਰ ਸੇਮ ਦੀ ਸਮੱਸਿਆ ਦੇ ਹੱਲ ਲਈ 3357 ਕਰੋੜ ਰੁਪਏ ਦੇ ਸੰਗਠਿਤ ਯੋਜਨਾ ਦੀ ਪ੍ਰਵਾਨਗੀ ਸਬੰਧੀ ਕੇਂਦਰੀ ਯੋਜਨਾ ਕਮਿਸ਼ਨ ਦੇ ਚੇਅਰਮੈਨ ਮਨਟੇਕ ਸਿੰਘ ਆਹਲੂਵਾਲੀਆਂ ਨੂੰ ਪੇਸ਼ ਕੀਤੇ ਗਏ ਪ੍ਰੋਜੈਕਟ ਸਬੰਧੀ ਸ੍ਰੀ ਆਹਲੂਵਾਲੀਆਂ ਦੇ ਸੱਦੇ ਤੇ ਇਸ ਪ੍ਰੋਜੈਕਟ ਦੇ ਵਿਚਾਰ-ਵਟਾਂਦਰੇ ਸਬੰਧੀ ਪੰਜਾਬ  ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਵੀ ਸ਼ਾਮਲ ਹੋਏ ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਆਧੁਨਿਕ ਬਹੁ ਫ਼ਸਲੀ ਸੁਕਾਈ ਕੇਂਦਰ ਸੂਬੇ ਦੀਆਂ ਸਾਰੀਆਂ ਮੰਡੀਆਂ ਵਿੱਚ ਸਥਾਪਿਤ ਕੀਤੇ ਜਾਣਗੇ ਤਾਂ ਜੋ ਕਿਸਾਨ ਮੱਕੀ ਅਤੇ ਝੋਨੇ ਦੀ ਫ਼ਸਲ ਇਨ੍ਹਾਂ ਸੁਕਾਈ ਕੇਂਦਰਾਂ ਰਾਹੀਂ ਸੁਕਾ ਕੇ ਆਪਣੀ ਫ਼ਸਲ ਦਾ ਯੋਗ ਮੁੱਲ ਪ੍ਰਾਪਤ ਕਰ ਸਕਣ। ਉਨ੍ਹਾ ਕਿਹਾ ਕਿ ਬਾਹਰਲੇ ਮੁਲਕ ਤਾਈਵਾਨ ਤੋਂ ਲਿਆਂਦੀ ਇਸ ਤਕਨੀਕ ਨੂੰ ਆਪਣੇ ਪੰਜਾਬੀ ਇੰਜੀਨੀਅਰਾਂ ਰਾਹੀਂ ਘੱਟ ਖਰਚੇ ਰਾਹੀਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਇਹ ਫ਼ਸਲ ਸੁਕਾਈ ਕੇਂਦਰ ਹਰ ਕਿਸਾਨ ਦੀ ਪਹੁੰਚ ਵਿੱਚ  ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਸੁਕਾਈ ਕੇਂਦਰ ਵਿੱਚ 4 ਡਰਾਇਰ ਲੱਗੇ ਹਏ ਹਨ ਅਤੇ ਹਰ ਡਰਾਇਰ ਵਿੱਚ 16 ਟਨ ਦੀ ਸਮਰੱਥਾ ਹੈ ਅਤੇ ਇੱਕ ਬੈਚ ਵਿੱਚ ਇਕੋ ਵਾਰ 64 ਟਨ ਮੱਕੀ 3 ਤੋਂ 4 ਘੰਟਿਆਂ ਵਿੱਚ ਸੁਕਾਈ ਜਾ ਸਕਦੀ ਹੈ।

ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖੇਤੀ ਵਿਭਿੰਨਤਾ ਨੂੰ ਬੜਾਵਾ ਦੇਣ ਲਈ ਮੱਕੀ ਦਾ ਘੱਟੋ ਘੱਟ ਸਮਰੱਥਨ ਮੁੱਲ ਨਿਰਧਾਰਤ ਕਰੇ ਅਤੇ ਝੋਨੇ ਕਣਕ ਦੀ ਤਰ੍ਹਾਂ ਮੰਡੀਆਂ ਵਿੱਚ ਇਸ ਦੀ ਖਰੀਦ ਕਰਨ ਨੂੰ ਯਕੀਨੀ ਬਣਾਵੇ । ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਧਰਤੀ ਹੇਠਲੇ ਪਾਣੀ ਦੀ ਘੱਟ ਰਹੀ ਮਾਤਰਾ  ਨੂੰ ਧਿਆਨ ਵਿੱਚ ਰੱਖਦਿਆਂ ਫ਼ਸਲੀ ਵਿਭਿੰਨਤਾ ਅਧੀਨ ਮੱਕੀ , ਬਾਸਮਤੀ, ਸੋਇਆਬੀਨ ਅਤੇ ਐਗਰੋ ਫੋਰੈਸਟੀ ਵੱਲ ਆਪਣਾ ਧਿਆਨ ਕੇਂਦਰਤ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਕੰਢੀ ਖੇਤਰ ਦੇ ਕਿਸਾਨਾਂ ਦੀਆਂ ਫ਼ਸਲਾਂ ਦੀ ਸੁਰੱਖਿਆ ਵਾਸਤੇ ਕੰਡਿਆਲੀ ਤਾਰ ਅਤੇ ਜਾਲ ਲਗਾਉਣ ਲਈ ਕਿਸਾਨਾਂ ਨੂੰ 50 ਪ੍ਰਤੀਸ਼ਤ ਸਬਸਿਡੀ ਅਤੇ ਤੁਪਕਾ ਸਿੰਚਾਈ ਸਕੀਮ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਨੂੰ 70 ਪ੍ਰਤੀਸ਼ਤ ਸਬਸਿਡੀ  ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ  ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਕੰਗਾਲੀ ਦੀ ਸਥਿਤੀ ਤੇ ਪਹੁੰਚ ਚੁੱਕਾ ਹੈ ਅਤੇ ਉਹ 30000 ਕਰੋੜ ਰੁਪਏ ਦਾ ਕਰਜਾਈ ਹੋਣ ਕਰਕੇ ਖੁਦਕਸ਼ੀਆਂ ਦੇ ਰਸਤਿਆਂ ਵੱਲ ਤੁਰਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵੱਚਨਬੱਧ ਹੈ ਅਤੇ ਖਾਸ ਕਰਕੇ ਗਰੀਬ ਲੋਕਾਂ ਨੂੰ ਆਟਾ ਦਾਲ ਸਕੀਮ ਅਧੀਨ ਜਿਥੇ ਪਹਿਲਾਂ 15 ਲੱਖ ਪ੍ਰੀਵਾਰਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ ਅਤੇ ਹੁਣ ਇਸ ਦਾ 30 ਲੱਖ ਪ੍ਰੀਵਾਰਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਾ. ਹਰਗੋਬਿੰਦ ਖੁਰਾਨਾ ਸਕਾਰਸ਼ਿਪ ਸਕੀਮ ਅਧੀਨ ਗਰੀਬ 80 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਅਗਲੇਰੀ ਪੜਾਈ ਲਈ 30 ਹਜ਼ਾਰ ਰੁਪਏ ਦਾ ਵਜੀਫ਼ਾ ਦਿੱਤਾ ਜਾਵੇਗਾ। ਇਸ ਮੌਕੇ ਤੇ ਹਲਕਾ ਵਿਧਾਇਕ ਗੜ੍ਹਸ਼ੰਕਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਵੱਲੋਂ ਹਲਕੇ ਦੇ ਵਿਕਾਸ ਲਈ ਰੱਖੀਆਂ ਗਈਆਂ ਮੰਗਾਂ ਅਧੀਨ 11 ਡੂੰਘੇ ਟਿਊਬਵੈਲ, ਮਾਹਿਲਪੁਰ ਤੇ ਗੜ੍ਹਸ਼ੰਕਰ ਕਸਬਿਆਂ ਵਿੱਚ 100 ਪ੍ਰਤੀਸ਼ਤ ਸੀਵਰੇਜ਼ ਪ੍ਰੋਜਕੈਟਾਂ ਨੂੰ ਪ੍ਰਵਾਨਗੀ ਦਿੱਤੀ।

ਇਸ ਮੌਕੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀ ਬੋਰਡ, ਉਪ ਚੇਅਰਮੈਨ ਰਵਿੰਦਰ ਸਿੰਘ ਚੀਮਾ, ਮੈਂਬਰ ਪਾਰਲੀਮੈਂਟ ਰਾਜ ਸਭਾ ਅਵਿਨਾਸ਼ ਰਾਏ ਖੰਨਾ, ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਸੰਸਦੀ ਸਕੱਤਰ, ਚੌਧਰੀ ਨੰਦ ਲਾਲ ਮੁੱਖ ਪਾਰਲੀਮਾਨੀ ਸਕੱਤਰ, ਤੀਕਸ਼ਨ ਸੂਦ ਰਾਜਨੀਤਿਕ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸੁਰਿੰਦਰ ਸਿੰਘ ਭੂਲੇਵਾਲਰਾਠਾਂ ਵਿਧਾਇਕ ਹਲਕਾ ਗੜ੍ਹਸ਼ੰਕਰ,  ਦੀਪਇੰਦਰ ਸਿੰਘ ਸਕੱਤਰ ਮੰਡੀ ਬੋਰਡ, ਵਰਿੰਦਰ ਸਿੰਘ ਬਾਜਵਾ, ਤਨੂ ਕਸ਼ਅਪ ਡਿਪਟੀ ਕਮਿਸ਼ਨਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਸ੍ਰੀ ਜਰਨੈਲ ਸਿੰਘ ਵਾਹਦ ਚੇਅਰਮੈਨ ਮਾਰਕਫੈਡ, ਡਾ. ਮੰਗਲ ਸਿੰਘ ਡਾਇਰੈਕਟਰ ਖੇਤੀਬਾੜੀ, ਆਰ ਪੀ ਭੱਟੀ ਚੀਫ ਇੰਜੀ: ਮੰਡੀ ਬੋਰਡ, ਨਿਗਰਾਨ ਇੰਜੀ: ਦਲਜੀਤ ਸਿੰਘ ਆਹਲੂਵਾਲੀਆ, ਕਾਰਜਕਾਰੀ ਇੰਜੀ: ਆਰ ਪੀ ਅਗਨੀਹੋਤਰੀ, ਵੀ ਕੇ ਧੀਰ, ਜੀ ਐਸ ਚਾਹਲ, ਐਸ ਡੀ ਓ ਗੁਰਿੰਦਰ ਸਿੰਘ ਚੀਮਾ, ਗੁਰਮੁੱਖ ਸਿੰਘ, ਜਸਜੀਤ ਸਿੰਘ ਥਿਆੜਾ, ਸਤਵਿੰਦਰ ਪਾਲ ਸਿੰਘ ਢੱਟ ਚੇਅਰਮੈਨ ਦਾ ਹੁਸ਼ਿਆਰਪੁਰ ਸਹਿਕਾਰੀ ਬੈਂਕ, ਗੁਰਿੰਦਰ ਪਾਲ ਸਿੰਘ ਰੰਧਾਵਾ, ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਟਾਂਡਾ, ਹਰਜਿੰਦਰ ਸਿੰਘ ਧਾਮੀ, ਜੰਗ ਬਹਾਦਰ ਰਾਏ, ਇਕਬਾਲ ਸਿੰਘ ਖੇੜਾ, ਤਾਰਾ ਸਿੰਘ ਸੱਲ੍ਹਾਂ, ਰਵਿੰਦਰ ਸਿੰਘ (ਸਾਰੇ ਮੈਂਬਰ ਐਸ ਜੀ ਪੀ ਸੀ), ਇਕਬਾਲ ਸਿੰਘ ਜੌਹਲ ਜ਼ਿਲ੍ਹਾ ਜਨਰਲ ਸਕੱਤਰ ਐਸ ਏ ਡੀ, ਲਖਵਿੰਦਰ ਸਿੰਘ ਲੱਖੀ, ਗੁਰਪ੍ਰੀਤ ਸਿੰਘ ਚੀਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Facebook Comment
Project by : XtremeStudioz