Close
Menu

ਰਾਜਨੀਤਕਾਂ ਦੀ ਬੇਲਗਾਮ ਭਾਸ਼ਾ

-- 03 December,2014

ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਣ ਜਯੋਤੀ ਵੱਲੋਂ ਆਪਣੇ ਵਿਰੋਧੀਆਂ ਪ੍ਰਤੀ ਕੀਤੀਆਂ ਗਈਆਂ ਵਿਵਾਦਗ੍ਰਸਤ ਟਿੱਪਣੀਆਂ ਕਾਰਨ ਨਾ ਕੇਵਲ ਲਗਾਤਾਰ ਦੋ ਦਿਨ ਲੋਕ ਸਭਾ ਅਤੇ ਰਾਜ ਸਭਾ ਦਾ ਅਹਿਮ ਕੀਮਤੀ ਸਮਾਂ ਹੀ ਨਸ਼ਟ ਹੋਇਆ ਹੈ ਸਗੋਂ ਇਨ੍ਹਾਂ ਨਾਲ ਭਾਜਪਾ ਦੀ ਸਾਖ਼ ਨੂੰ ਵੀ ਧੱਕਾ ਲੱਗਿਆ ਹੈ। ਇਸ ਤੋਂ ਪਹਿਲਾਂ ਮੋਦੀ ਸਰਕਾਰ ਦੇ ਹੀ ਇੱਕ ਹੋਰ ਰਾਜ ਮੰਤਰੀ ਗਿਰੀਰਾਜ ਸਿੰਘ ਨੇ ਵੀ ਭਾਜਪਾ ਵਿਰੋਧੀਆਂ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਇਨ੍ਹਾਂ ਤੋਂ ਇਲਾਵਾ ਭਾਜਪਾ ਦੇ ਹੋਰ ਕਈ ਆਗੂਆਂ ਨੂੰ ਵੀ ਸੱਤਾ ਦਾ ਨਸ਼ਾ ਚੜ੍ਹ ਗਿਆ ਹੈ ਅਤੇ ਉਹ ਬੋਲਣ ਸਮੇਂ ਕਿਸੇ ਮਰਿਆਦਾ ਦਾ ਖ਼ਿਆਲ ਨਹੀਂ ਰੱਖਦੇ। ਸਾਧਵੀ ਨਿਰੰਜਣ ਜਯੋਤੀ ਆਪਣੇ ਤੇਜ਼ ਤਰਾਰ ‘ਬਚਨਾਂ’ ਲਈ ਪਹਿਲਾਂ ਤੋਂ ਚਰਚਿਤ ਹੈ ਅਤੇ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਪਹਿਲੀ ਵਾਰ ਸਾਂਸਦ ਬਣੀ ਇਸ ਮੈਂਬਰ ਨੂੰ ਮੰਤਰੀ ਬਣਾਉਣ ਵਿੱਚ ਪ੍ਰਧਾਨ ਮੰਤਰੀ ਦੀ ਕੀ ਮਜਬੂਰੀ ਸੀ। ਇਨ੍ਹਾਂ ਨੇਤਾਵਾਂ ਦੇ ਅਜਿਹੇ ਇਤਰਾਜ਼ਯੋਗ ਵਰਤਾਰੇ ਕਾਰਨ ਹੁਣ ਪ੍ਰਧਾਨ ਮੰਤਰੀ ਸਮੇਤ ਸਮੁੱਚੀ ਭਾਜਪਾ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ। ਸਾਰੀਆਂ ਵਿਰੋਧੀ ਧਿਰਾਂ ਦੇ ਏਕੇ ਅਤੇ ਤਿੱਖੇ ਪ੍ਰਤੀਕਰਮ ਮੂਹਰੇ ਝੁਕਦਿਆਂ ਭਾਵੇਂ ਸਾਧਵੀ ਨੇ ਆਪਣੇ ਇਤਰਾਜ਼ਯੋਗ ਬਚਨਾਂ ਲਈ ਮਲਵੀਂ ਜੀਭ ਨਾਲ ਸੰਸਦ ਵਿੱਚ ਮੁਆਫ਼ੀ ਮੰਗ ਲਈ ਹੈ ਪਰ ਕੇਵਲ ਇਸ ਨਾਲ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ। ਪ੍ਰਧਾਨ ਮੰਤਰੀ ਨੇ ਖ਼ੁਦ ਮੰਤਰੀ ਨਿਰੰਜਣ ਜਯੋਤੀ ਵੱਲੋਂ ਵਰਤੀ ਗਈ ਭਾਸ਼ਾ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਭਾਵੇਂ ਉਨ੍ਹਾਂ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਭਵਿੱਖ ਵਿੱਚ ਸਰਕਾਰ ਤੇ ਪਾਰਟੀ ਦਾ ਅਕਸ ਖ਼ਰਾਬ ਕਰਨ ਵਾਲੀਆਂ ਅਜਿਹੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ ਪਰ ਜੋ ਕੁਝ ਹੋ ਚੁੱਕਿਆ ਹੈ, ਉਸ ਲਈ ਮੰਤਰੀ ਨੂੰ ਜਵਾਬਦੇਹ  ਬਣਾਇਆ ਜਾਣਾ ਜ਼ਰੂਰੀ ਹੈ।
ਇਸ ਮਾਮਲੇ ਵਿੱਚ ਭਾਜਪਾ ਵੱਲੋਂ ਸੰਸਦ ਵਿੱਚ ਅਪਣਾਇਆ ਗਿਆ ਵਤੀਰਾ ਵੀ ਦਰੁਸਤ ਨਹੀਂ ਕਿਹਾ ਜਾ ਸਕਦਾ। ਇਸ ਸੰਵੇਦਨਸ਼ੀਲ ਮੁੱਦੇ ’ਤੇ ਸਮੁੱਚੀ ਵਿਰੋਧੀ ਧਿਰ ਵੱਲੋਂ ਰੱਖੇ ਗਏ ਧਿਆਨ ਦਿਵਾਊ ਮਤੇ ਨੂੰ ਰੱਦ ਕਰਨਾ ਜਮਹੂਰੀ ਕਦਰਾਂ-ਕੀਮਤਾਂ ਦੇ ਅਨੁਕੂਲ ਨਹੀਂ ਹੈ। ਜਦੋਂ ਭਾਜਪਾ ਵਿਰੋਧੀ ਧਿਰ ਵਿੱਚ ਸੀ, ਉਦੋਂ ਉਹ ਅਜਿਹੇ ਮੁੱਦਿਆਂ ’ਤੇ ਅਸਮਾਨ ਸਿਰ ’ਤੇ ਚੁੱਕ ਲੈਂਦੀ ਸੀ ਪਰ ਹੁਣ ਆਪ ਵਿਰੋਧੀ ਧਿਰ ਦੀ ਗੱਲ ਸੁਣਨ ਤੋਂ ਹੀ ਇਨਕਾਰੀ ਹੈ। ਇਹ ਰਵੱਈਆ ਲੋਕਤੰਤਰੀ ਨਹੀਂ ਕਿਹਾ ਜਾ ਸਕਦਾ। ਗ਼ੌਰਤਲਬ ਹੈ ਕਿ ਪਿਛਲੀ ਲੋਕ ਸਭਾ ਦੇ ਲਗਪਗ ਪੂਰੇ ਦੋ ਸੈਸ਼ਨ ਭਾਜਪਾ ਦੇ ਰੌਲ਼ੇ-ਰੱਪੇ ਦੀ ਭੇਟ ਚੜ੍ਹ ਗਏ ਸਨ ਅਤੇ ਦਰਜਨ ਤੋਂ ਵੱਧ ਜ਼ਰੂਰੀ ਬਿੱਲ ਪਾਸ ਨਹੀਂ ਹੋ ਸਕੇ ਸਨ। ਹੁਣ ਭਾਜਪਾ ਨੇ ਭਾਵੇਂ ਖ਼ੁਦ ਹੀ ਵਿਰੋਧੀ ਧਿਰਾਂ ਨੂੰ ਸੰਸਦ ਵਿੱਚ ਰੌਲ਼ਾ-ਰੱਪਾ ਪਾਉਣ ਦਾ ਮੌਕਾ ਪ੍ਰਦਾਨ ਕਰ ਦਿੱਤਾ ਹੈ ਪਰ ਫਿਰ ਵੀ ਮੁਲਕ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੱਤਾਧਾਰੀ ਅਤੇ ਵਿਰੋਧੀ ਧਿਰ ਨੂੰ ਸੰਜਮ ਵਰਤਣ ਦੀ ਜ਼ਰੂਰਤ ਹੈ। ਨਿਰੰਜਣ ਜਯੋਤੀ ਦੀਆਂ ਟਿੱਪਣੀਆਂ ਨੇ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਜਦੋਂ ਉਸ ਵੱਲੋਂ ਆਪਣੀ ਗ਼ਲਤੀ ਲਈ ਮੁਆਫ਼ੀ ਮੰਗਣ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਵੀ ਅਫ਼ਸੋਸ ਪ੍ਰਗਟ ਕੀਤਾ ਹੈ ਤਾਂ ਵਿਰੋਧੀ ਧਿਰਾਂ ਨੂੰ ਅੜੀਅਲ ਵਤੀਰਾ ਛੱਡ ਕੇ ਸੰਸਦ ਦਾ ਕੰਮ-ਕਾਜ ਨਿਰਵਿਘਨ ਚਲਾਉਣ ਵਿੱਚ ਸਹਿਯੋਗ ਦੇਣ ਦੀ ਜ਼ਰੁੂਰਤ ਹੈ। ਸਾਧਵੀ ਦੀਆਂ ਟਿੱਪਣੀਆਂ ਦਾ ਜਵਾਬ ਉਹ ਸੰਸਦ ਤੋਂ ਬਾਹਰ ਜਨਤਕ ਪਲੇਟਫਾਰਮਾਂ ਉੱਤੇ ਬਾਖ਼ੂਬੀ ਦੇ ਸਕਦੇ ਹਨ ਅਤੇ ਹੁਣ ਇਸ ਮਾਮਲੇ ਨੂੰ ਸੰਸਦ ਵਿੱਚ ਹੋਰ ਰਿੜਕਣਾ ਦਰੁਸਤ ਨਹੀਂ ਹੋਵੇਗਾ। ਵਿਰੋਧੀ ਧਿਰ ਨੂੰ ਇਸ ਮੁੱਦੇ ਦੀ ਬਜਾਇ ਬੇਰੁਜ਼ਗਾਰੀ, ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਸਮੇਤ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਸੰਸਦ ਵਿੱਚ ਉਠਾਉਣ ਦੀ ਜ਼ਰੂਰਤ ਹੈ। ਦੂਜੇ ਪਾਸੇ ਲੋਕਾਂ ਨੂੰ ਵੀ ਭਵਿੱਖ ਵਿੱਚ ਨਿਰੰਜਣ ਜਯੋਤੀ ਅਤੇ ਗਿਰੀਰਾਜ ਸਿੰਘ ਵਰਗੇ ਸਿਆਸੀ ਨੇਤਾਵਾਂ ਨੂੰ ਸੰਸਦ ਵਿੱਚ ਭੇਜਣ ਤੋਂ ਪਹਿਲਾਂ ਸੋਚਣ ਦੀ ਜ਼ਰੂਰਤ ਹੈ। ਮੁਜਰਮਾਨਾ ਪ੍ਰਵਿਰਤੀਆਂ ਵਾਲੇ ਅਤੇ ਦਾਗ਼ੀ ਸਿਆਸੀ ਨੇਤਾਵਾਂ ਨੂੰ ਸੰਸਦ ਵਿੱਚ ਭੇਜ ਕੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਦੱਸਣਯੋਗ ਹੈ ਕਿ ਇਸ ਸਮੇਂ ਸੰਸਦ ਵਿੱਚ ਹਰ ਤੀਜੇ ਸਾਂਸਦ ਦਾ ਰਿਕਾਰਡ ਮੁਜਰਮਾਨਾ ਹੈ। ਇਹ ਵਰਤਾਰਾ ਜਿੱਥੇ ਜਮਹੂਰੀਅਤ ਦੇ ਮੱਥੇ ’ਤੇ ਕਲੰਕ ਹੈ, ਉੱਥੇ ਲੋਕਾਂ ਲਈ ਵੀ ਸੋਚਣ ਅਤੇ ਸਮਝਣ ਦੀ ਚੁਣੌਤੀ ਹੈ।

Facebook Comment
Project by : XtremeStudioz