Close
Menu

ਰੋਨਾਲਡੋ ਦੇ ਕਲੱਬ ਨੂੰ ਬਾਹਰ ਕਰਕੇ ਅਯਾਕਸ ਸੈਮੀਜ਼ ’ਚ

-- 18 April,2019

ਤੁਰਿਨ, 18 ਅਪਰੈਲ
ਅਯਾਕਸ ਨੇ ਮਾਥਿਸ ਡੀ ਲਿਟ ਦੇ ਦੂਜੇ ਅੱਧ ਵਿੱਚ ਸਿਰ ਨਾਲ ਦਾਗ਼ੇ ਗੋਲ ਦੀ ਬਦੌਲਤ ਕੁਆਰਟਰ ਫਾਈਨਲ ਦੇ ਦੂਜੇ ਗੇੜ ਵਿੱਚ ਕ੍ਰਿਸਟਿਆਨੋ ਰੋਨਾਲਡੋ ਦੀ ਯੁਵੈਂਟਸ ਨੂੰ 2-1 ਗੋਲਾਂ ਨਾਲ ਹਰਾ ਕੇ ਚੈਂਪੀਅਨਜ਼ ਲੀਗ ਫੁਟਬਾਲ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਅਯਾਕਸ ਦੀ ਟੀਮ 1997 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਆਖ਼ਰੀ ਚਾਰ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੀ।
ਛੇਵੇਂ ਚੈਂਪੀਅਨਜ਼ ਲੀਗ ਖ਼ਿਤਾਬ ਲਈ ਚੁਣੌਤੀ ਪੇਸ਼ ਕਰ ਰਹੇ ਕ੍ਰਿਸਟਿਆਨੋ ਰੋਨਾਲਡੋ ਨੇ 28ਵੇਂ ਮਿੰਟ ਵਿੱਚ ਹੈੱਡਰ ਨਾਲ ਗੋਲ ਦਾਗ਼ ਕੇ ਯੂਵੈਂਟਸ ਨੂੰ ਲੀਡ ਦਿਵਾਈ ਸੀ, ਪਰ ਹਾਫ਼ ਤੋਂ ਪਹਿਲਾਂ ਡੋਨੀ ਡੇਨ ਡੀ ਬੀਕ ਨੇ ਅਯਾਕਸ ਨੂੰ ਬਰਾਬਰੀ ’ਤੇ ਲਿਆਂਦਾ। ਡੀ ਲਿਟ ਨੇ ਇਸ ਮਗਰੋਂ ਦੂਜੇ ਹਾਫ਼ ਵਿੱਚ ਅਯਾਕਸ ਵੱਲੋਂ ਜੇਤੂ ਗੋਲ ਦਾਗ਼ਿਆ। ਦੋਵਾਂ ਟੀਮਾਂ ਵਿਚਾਲੇ ਪਹਿਲੇ ਗੇੜ ਦਾ ਮੈਚ 1-1 ਨਾਲ ਡਰਾਅ ਰਿਹਾ ਸੀ। ਇਸ ਤਰ੍ਹਾਂ ਅਯਾਕਸ ਨੇ ਕੁੱਲ 3-2 ਦੇ ਸਕੋਰ ਨਾਲ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਨੀਦਰਲੈਂਡ ਦੇ ਕਲੱਬ ਅਯਾਕਸ ਨੇ ਤਿੰਨ ਵਾਰ ਦੀ ਚੈਂਪੀਅਨ ਰਿਆਲ ਮੈਡਰਿਡ ਨੂੰ ਹਰਾ ਕੇ ਕੁਆਰਟਰਜ਼ ਵਿੱਚ ਥਾਂ ਬਣਾਈ ਸੀ। ਅਯਾਕਸ ਨੇ ਸਪੈਨਿਸ਼ ਕਲੱਬ ਤੋਂ ਆਪਣੇ ਘਰੇਲੂ ਮੈਦਾਨ ’ਤੇ 2-1 ਨਾਲ ਹਾਰ ਝੱਲਣ ਮਗਰੋਂ ਸੈਂਟਿਆਗੋ ਬਰਨਾਬਿਊ ਵਿੱਚ 4-1 ਗੋਲਾਂ ਨਾਲ ਯਾਦਗਾਰੀ ਜਿੱਤ ਦਰਜ ਕੀਤੀ ਸੀ।

ਮੈਸੀ ਦੇ ਦੋ ਗੋਲ, ਬਾਰਸੀਲੋਨਾ ਵੀ ਸੈਮੀ ਫਾਈਨਲ ’ਚ
ਬਾਰਸੀਲੋਨਾ: ਲਾਇਨਲ ਮੈਸੀ ਦੇ ਚਾਰ ਮਿੰਟਾਂ ਵਿੱਚ ਦਾਗ਼ੇ ਦੋ ਗੋਲਾਂ ਦੀ ਮਦਦ ਨਾਲ ਬਾਰਸੀਲੋਨਾ ਨੇ ਕੁਆਰਟਰ ਫਾਈਨਲ ਦੇ ਦੂਜੇ ਗੇੜ ਵਿੱਚ ਮੰਗਲਵਾਰ ਨੂੰ ਇੱਥੇ ਮੈਨਚੈਸਟਰ ਯੂਨਾਈਟਿਡ ਨੂੰ 3-0 ਗੋਲਾਂ ਨਾਲ ਹਰਾ ਕੇ ਚੈਂਪੀਅਨਜ਼ ਲੀਗ ਫੁਟਬਾਲ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਪਹਿਲੇ ਗੇੜ ਦਾ ਮੁਕਾਬਲਾ ਵੀ 1-0 ਨਾਲ ਜਿੱਤਣ ਵਾਲੇ ਬਾਰਸੀਲੋਨਾ ਫੁਟਬਾਲ ਕਲੱਬ ਨੇ ਇਸ ਮੈਚ ਵਿੱਚ 4-0 ਗੋਲਾਂ ਨਾਲ ਜਿੱਤ ਦਰਜ ਕੀਤੀ। ਯੂਨਾਈਟਿਡ ਨੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ ਸੀ, ਪਰ ਮੈਸੀ ਨੇ ਵਿਰੋਧੀ ਟੀਮ ਦੀਆਂ ਦੋ ਗ਼ਲਤੀਆਂ ਦਾ ਫ਼ਾਇਦਾ ਉਠਾਉਂਦਿਆਂ ਚਾਰ ਮਿੰਟ ਵਿੱਚ ਦੋ ਗੋਲ ਦਾਗ਼ ਕੇ ਬਾਰਸੀਲੋਨਾ ਦੀ ਜਿੱਤ ਦੀ ਨੀਂਹ ਰੱਖੀ। ਮੈਸੀ ਨੇ 16ਵੇਂ ਅਤੇ 20ਵੇਂ ਮਿੰਟ ਵਿੱਚ ਦੋ ਗੋਲ ਦਾਗ਼ੇ। ਹਾਫ਼ ਤੱਕ ਬਾਰਸੀਲੋਨਾ ਦੀ ਟੀਮ 2-0 ਨਾਲ ਅੱਗੇ ਸੀ। ਫਿਲਿਪ ਕੋਟਿਨ੍ਹੋ ਨੇ ਇਸ ਸੈਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜੇ ਹਾਫ਼ ਦੇ 61ਵੇਂ ਮਿੰਟ ਵਿੱਚ ਇੱਕ ਹੋਰ ਗੋਲ ਦਾਗ਼ਿਆ ਅਤੇ ਟੀਮ ਦੀ 3-0 ਨਾਲ ਜਿੱਤ ’ਤੇ ਮੋਹਰ ਲਾ ਦਿੱਤੀ। ਮੈਸੀ ਦੇ ਇਨ੍ਹਾਂ ਦੋ ਗੋਲਾਂ ਸਣੇ ਚੈਂਪੀਅਨਜ਼ ਲੀਗ ਵਿੱਚ 110 ਗੋਲ ਹੋ ਗਏ ਹਨ, ਜਦੋਂਕਿ ਯੂਵੈਂਟਸ ਦੇ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੇ 126 ਗੋਲ ਹਨ।

Facebook Comment
Project by : XtremeStudioz