Close
Menu

ਲਾਦਿਨ ਦੇ ਪੁੱਤ ਦਾ ਥਹੁ-ਪਤਾ ਦੱਸਣ ਵਾਲੇ ਨੂੰ ਦਸ ਲੱਖ ਡਾਲਰ ਦੇਣ ਦੀ ਪੇਸ਼ਕਸ਼

-- 02 March,2019

ਵਾਸ਼ਿੰਗਟਨ, 2 ਮਾਰਚ
ਅਮਰੀਕਾ ਨੇ ਮਰਹੂਮ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦਿਨ ਦੇ ਪੁੱਤ ਹਮਜ਼ਾ ਬਿਨ ਲਾਦਿਨ ਦਾ ਥਹੁ-ਪਤਾ ਦੱਸਣ ਵਾਲੇ ਨੂੰ 10 ਲੱਖ ਅਮਰੀਕੀ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਹੈ। ਅਮਰੀਕਾ, ਹਮਜ਼ਾ ਨੂੰ ਇੰਤਹਾਪਸੰਦੀ ਦੇ ਉਭਰਦੇ ਚਿਹਰੇ ਵਜੋਂ ਵੇਖਦਾ ਹੈ। ਪਿਛਲੇ ਕਈ ਸਾਲਾਂ ਤੋਂ ਹਮਜ਼ਾ ਬਿਨ ਲਾਦਿਨ, ਜਿਸ ਨੂੰ ‘ਜਹਾਦ ਦਾ ਵਲੀ ਅਹਿਦ (ਸ਼ਹਿਜ਼ਾਦਾ)’ ਵੀ ਮੰਨਿਆ ਜਾਂਦਾ ਹੈ, ਦੇ ਮੁਕਾਮ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਕੁਝ ਰਿਪੋਰਟਾਂ ਮੁਤਾਬਕ ਉਸਦਾ ਟਿਕਾਣਾ ਪਾਕਿਸਤਾਨ, ਅਫ਼ਗ਼ਾਨਿਸਤਾਨ, ਸੀਰੀਆ ਜਾਂ ਫ਼ਿਰ ਉਸ ਨੂੰ ਇਰਾਨ ਵਿੱਚ ਘਰ ਵਿੱਚ ਨਜ਼ਰਬੰਦ ਕੀਤਾ ਹੋ ਸਕਦਾ ਹੈ। ਇਸ ਦੌਰਾਨ ਸਾਊਦੀ ਅਰਬ ਨੇ ਹਮਜ਼ਾ ਨੂੰ ਦਿੱਤੀ ਨਾਗਰਿਕਤਾ ਵਾਪਸ ਲੈ ਲਈ ਹੈ।
ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਹਮਜ਼ਾ ਦੇ ਕਿਸੇ ਵੀ ਮੁਲਕ ਵਿਚਲੇ ਮੁਕਾਮ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਦਸ ਲੱਖ ਡਾਲਰ ਦਾ ਇਨਾਮ ਦੇਣਗੇ। ਅਮਰੀਕਾ ਮੁਤਾਬਕ 30 ਸਾਲਾ ਹਮਜ਼ਾ ਨੇ 2011 ਵਿੱਚ ਆਪਣੀ ਪਿਤਾ ਦੀ ਹੱਤਿਆ ਦਾ ਬਦਲਾ ਲੈਣ ਲਈ ਅਮਰੀਕਾ ਖ਼ਿਲਾਫ਼ ਹਮਲਿਆਂ ਦੀ ਧਮਕੀ ਦਿੱਤੀ ਹੈ। ਅਮਰੀਕਾ ਦੇ ਵਿਸ਼ੇਸ਼ ਸੁਰੱਖਿਆ ਅਮਲੇ ਨੇਵੀ ਸੀਲਜ਼ ਕਮਾਂਡੋਜ਼ ਨੇ ਪਾਕਿਸਤਾਨ ਦੇ ਐਬਟਾਬਾਦ ਸਥਿਤ ਫੌਜੀ ਇਲਾਕੇ ਵਿੱਚ ਲੁਕੇ ਬੈਠੇ ਓਸਾਮਾ ਬਿਨ ਲਾਦਿਨ ਨੂੰ ਮਾਰ ਮੁਕਾਇਆ ਸੀ। ਅਮਰੀਕੀ ਖੁਫੀਆ ਏਜੰਸੀਆਂ, ਆਲਮੀ ਜਹਾਦ ਲਈ ਹਮਜ਼ਾ ਨੂੰ ਉਹਦੇ ਪਿਤਾ ਦਾ ਜਾਨਸ਼ੀਨ ਮੰਨਦੀਆਂ ਹਨ। ਉਹਦੇ ਅਫ਼ਗ਼ਾਨਿਸਤਾਨ ਵਿੱਚ ਹੋਣ ਦੀਆਂ ਵਧੇਰੇ ਸੰਭਾਵਨਾਵਾਂ ਹਨ।

Facebook Comment
Project by : XtremeStudioz