Close
Menu

ਲੋਕ ਬਰਗਾੜੀ ਨੂੰ ਭੁੱਲ ਗਏ ਹੋਣ ਸਬੰਧੀ ਬਾਦਲ ਦਾ ਬਿਆਨ ਸ਼ਰਮਨਾਕ ਅਤੇ ਇੱਛਾਜਨਕ- ਕੈਪਟਨ ਅਮਰਿੰਦਰ ਸਿੰਘ

-- 11 May,2019

ਬਟਾਲਾ (ਗੁਰਦਾਸਪੁਰ), 11 ਮਈ: ਬਰਗਾੜੀ ਬੇਅਦਬੀ ਘਟਨਾ ਨੂੰ ਪੰਜਾਬ ਦੇ ਲੋਕ ਭੁੱਲ ਗਏ ਹੋਣ ਸਬੰਧੀ ਪਰਕਾਸ਼ ਸਿੰਘ ਬਾਦਲ ਦੇ ਬਿਆਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਮਨਾਕ ਅਤੇ ਉਸ ਦੀ ਖਾਹਿਸ਼ ਦੱਸਿਆ ਹੈ |

ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਕੇਸ ਦੇ ਸਬੰਧ ਵਿਚ ਅਕਾਲੀਆਂ ਦੀਆਂ ਨਿਰਾਸ਼ਾਜਨਕ ਉਮੀਦਾਂ ਅਤੇ ਇੱਛਾਵਾਂ ਹਨ | ਉਨ੍ਹਾਂ ਕਿਹਾ ਕਿ ਬਾਦਲਾਂ ਕੋਲ ਆਪਣੀ ਜਾਣਕਾਰੀ ਤੋਂ ਬਿਨਾਂ ਬੇਅਦਬੀ ਦੇ ਮਾਮਲੇ ਵਾਪਰਣ ਸਬੰਧੀ ਆਪਣੇ ਹੱਕ ਵਿਚ ਕੁਝ ਵੀ ਕਹਿਣ ਜਾਂ ਇਸ ਸਬੰਧੀ ਤਰਕ ਦੇਣ ਲਈ ਕੁਝ ਵੀ ਨਹੀਂ ਹੈ |

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਇਹ ਉਮੀਦ ਅਤੇ ਚਾਹਤ ਰੱਖ ਸਕਦੇ ਹਨ ਕਿ ਲੋਕ ਬਰਗਾੜੀ ਅਤੇ ਹੋਰ ਘਟਨਾਵਾਂ ਨੂੰ ਭੁੱਲ ਜਾਣ ਪਰ ਅਜਿਹਾ ਨਹੀਂ ਹੋਵੇਗਾ ਅਤੇ ਉਨ੍ਹਾਂ ਨੂੰ ਆਪਣੇ ਕੁਕਰਮਾਂ ਦਾ ਹਿਸਾਬ ਦੇਣਾ ਪਵੇਗਾ | ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਕਾਲੀਆਂ ਨੂੰ ਆਪਣੀਆਂ ਕਾਰਵਾਈਆਂ ਦੇ ਨਤੀਜੇ ਭੁਗਤਣੇ ਪੈਣਗੇ ਅਤੇ ਉਹ ਬੇਗੁਨਾਹਾਂ ਲੋਕਾਂ ਦੀਆਂ ਹੱਤਿਆਵਾਂ ਵਿਚ ਸਜ਼ਾ ਤੋਂ ਬੱਚ ਨਹੀਂ ਸਕਦੇ |

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਉਸ ਸਮੇਂ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸੀ ਜਿਸ ਕੋਲ ਸੂਬੇ ਦਾ ਗ੍ਰਹਿ ਮੰਤਰਾਲਾ ਵੀ ਸੀ | ਇਸ ਕਰਕੇ ਉਹ ਬਰਗਾੜੀ ਅਤੇ ਬਹਿਬਲਕਲਾਂ, ਕੋਟਕਪੁਰਾ ਵਿਚ ਵਾਪਰੀਆਂ ਘਟਨਾਵਾਂ ਤੋਂ ਲਾਜ਼ਮੀ ਤੌਰ ‘ਤੇ ਪੂਰੀ ਤਰ੍ਹਾਂ ਜਾਣੂ ਹੋਣਗੇ | ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਧਰੂਵੀਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਕਾਰਨ ਪਿਛਲੇ 20 ਸਾਲਾਂ ਤੋਂ ਇਹ ਉਨ੍ਹਾਂ ਲਈ ਸਭ ਤੋਂ ਔਖਾ ਸਮਾਂ ਹੈ |

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਕਰਨ ‘ਚ ਵਿਸ਼ਵਾਸ ਨਹੀਂ ਰਖਦੀ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹਰੇਕ ਉਸ ਨੂੰ ਮਦਦ ਦੇਣ ਲਈ ਤਿਆਰ ਹਨ ਜੋ ਅਕਾਲੀਆਂ ਨੂੰ ਐਸ.ਜੀ.ਪੀ.ਸੀ ਦੀ ਗੱਦੀ ਤੋਂ ਲਾਹ ਮਾਰੇ ਅਤੇ ਇਸ ਧਾਰਮਿਕ ਸੰਸਥਾ ਨੂੰ ਉਨ੍ਹਾਂ ਦੇ ਸਿਆਸੀ ਸਿਕੰਜੇ ਵਿਚੋਂ ਮੁਕਤ ਕਰਾ ਸਕੇ |

ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਅਤੇ ਜਾਖੜ ਵਿਚਲੇ ਵਖਰੇਵਿਆਂ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਆਗੂ ਪਿਛਲੇ 18 ਮਹੀਨਿਆਂ ਤੋਂ ਇਸ ਹਲਕੇ ਦੀ ਹਰੇਕ ਨੁਕਰ ਵਿਚ ਜਾ-ਜਾ ਕੇ ਕੰਮ ਕਰ ਰਿਹਾ ਹੈ ਜਦਕਿ ਭਾਜਪਾ ਦੇ ਫਿਲਮੀ ਐਕਟਰ ਨੂੰ ਗੁਰਦਾਸਪੁਰ ਦੇ ਲੋਕਾਂ ਦੀ ਭਲਾਈ ਵਿਚ ਕੋਈ ਦਿਲਚੱਸਪੀ ਨਹੀਂ ਹੈ | ਸੰਨੀ ਦਿਓਲ ਸਿਆਸਤ ਵਿਚ ਕੈਰੀਅਰ ਬਣਾਉਣ ਦੀ ਭਾਲ ਵਿਚ ਮੁੰਬਈ ਤੋਂ ਇੱਥੇ ਆਇਆ ਹੈ ਕਿਉਂਕਿ ਉਸ ਦਾ ਕਲਾਕਾਰ ਵਜੋਂ ਕੈਰੀਅਰ ਖਤਮ ਹੋ ਗਿਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਸ ਐਕਟਰ ਦਾ ਗੁਰਦਾਸਪੁਰ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ |

ਕੈਪਟਨ ਅਮਰਿੰਦਰ ਸਿੰਘ ਨੇ ਭਵਿੱਖਵਾਣੀ ਕੀਤੀ ਕਿ ਜਾਖੜ ਲੋਕਾਂ ਨਾਲ ਬਹੁਤ ਨੇੜਿਉਂ ਜੁੜਿਆ ਹੋਇਆ ਹੈ ਅਤੇ ਉਹ ਇੱਕ ਦਿਨ ਸੂਬੇ ਦੇ ਮੁੱਖ ਮੰਤਰੀ ਵਜੋਂ ਅਗਵਾਈ ਕਰੇਗਾ |

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਵੀ ਉਸ ਵੱਲੋਂ ਹਰਿਆਣਾ ਅਤੇ ਹੋਰਨਾਂ ਥਾਵਾਂ ‘ਤੇ ਚੋਣ ਪ੍ਰਚਾਰ ਲਈ ਸਮਾਂ ਗੁਜਾਰਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਵੋਟਰਾਂ ਪ੍ਰਤੀ ਉਸ ਦੇ ਸਪਸ਼ਟ ਘਮੰਡਪੁਣੇ ਦਾ ਪ੍ਰਗਟਾਵਾ ਹੈ |

ਪੁਲਵਾਮਾ ਹਮਲੇ ਨੂੰ ਇੱਕ ਬੁਜਝਦਿਲੀ ਵਾਲੀ ਕਾਰਵਾਈ ਦੱਸਦੇ ਹੋਏ ਮੁੱਖ ਮੰਤਰੀ ਨੇ ਇਸ ਹਮਲੇ ਵਿਚ ਮਾਰੇ ਗਏ ਵਿਅਕਤੀਆਂ ਦੇ ਨਾਂ ‘ਤੇ ਅਤੇ ਬਾਲਾਕੋਟ ਹਵਾਈ ਹਮਲੇ ਦੇ ਨਾਂ ਉੱਤੇ ਵੋਟਾਂ ਮੰਗਣ ਲਈ ਨਰੇਂਦਰ ਮੋਦੀ ਦੀ ਤਿੱਖੀ ਆਲੋਚਨਾ ਕੀਤੀ ਕਿਉਂਕਿ ਉਹ ਭਾਰਤੀ ਫੌਜ ਨੂੰ ਆਪਣੀ ਫੌਜ ਦੱਸ ਰਿਹਾ ਹੈ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮੋਦੀ ਦੀ ਫੌਜ ਨਹੀਂ ਹੈ ਸਗੋਂ ਭਾਰਤੀ ਫੌਜ ਹੈ ਜਿਸ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਅਤੇ ਕੁਰਬਾਨੀਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰਨੀ ਨਿੰਦਾਯੋਗ ਹੈ | ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ਕਦੇ ਵੀ 1971 ਵਿਚ ਪਾਕਿਸਤਾਨ ਨੂੰ ਵੰਡਣ ਦਾ ਸਿਹਰਾ ਆਪਣੇ ਸਿਰ ਨਹੀਂ ਲਿਆ | ਉਸ ਨੇ ਇਸ ਦਾ ਸਾਰਾ ਸਿਹਰਾ ਹਥਿਆਰਬੰਦ ਫੌਜਾਂ ਨੂੰ ਦਿੱਤਾ |

ਸਕੰਟ ਵਿਚ ਘਿਰੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਮੁੱਖ ਮੰਤਰੀ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਦੁਹਰਾਈ | ਇਸੇ ਦੌਰਾਨ ਹੀ ਉਨ੍ਹਾਂ ਨੇ ਬਟਾਲਾ ਵਿਖੇ ਮਿੰਨੀ ਸਕੱਤਰੇਤ ਬਣਾਉਣ ਦੀ ਸਥਾਨਕ ਲੋਕਾਂ ਦੀ ਮੰਗ ਨੂੰ ਪ੍ਰਵਾਨ ਕਰਨ ਦਾ ਐਲਾਨ ਕੀਤਾ |

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਐਸ.ਆਈ.ਟੀ ਦੇ ਮੈਂਬਰ ਆਈ.ਜੀ. ਕੁੰਵਰ ਪ੍ਰਤਾਪ ਸਿੰਘ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਤਿੱਖੀ ਆਲੋਚਨਾ ਕੀਤੀ ਅਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਾਬਕਾ ਮੰਤਰੀ ਆਪਣੇ ਕੁਕਰਮਾਂ ਲਈ ਜੇਲ੍ਹ ਵਿਚ ਜੀਵਨ ਬਤੀਤ ਕਰੇਗਾ |

ਸਮਰਥਨ ਅਤੇ ਵੋਟਾਂ ਲਈ ਲੋਕਾਂ ਨੂੰ ਅਪੀਲ ਕਰਦੇ ਹੋਏ ਜਾਖੜ ਨੇ ਪੁਲਵਾਮਾ ਘਟਨਾ ਦੇ ਸਬੰਧ ਵਿਚ ਜ਼ਿੰਮੇਵਾਰੀ ਤੈਅ ਕਰਨ ਲਈ ਕੋਈ ਵੀ ਜਾਂਚ ਨਾ ਕਰਵਾਉਣ ਲਈ ਆਪਣੀਆਂ ਚਿੰਤਾਵਾਂ ਪ੍ਰਗਟਾਈਆਂ | ਉਨ੍ਹਾਂ ਕਿਹਾ ਕਿ ਸੁਰੱਖਿਆ ਫੋਰਸਾਂ ਦੀ ਮੂਵਮੈਂਟ ਲਈ ਐਸ.ਓ.ਪੀਜ਼ ਦਾ ਅਨੁਸਰਨ ਕਿਉਂ ਨਹੀਂ ਕੀਤਾ ਗਿਆ | ਹਰੇਕ ਨੂੰ ਇਸ ਗੱਲ ਦੀ ਸ਼ੰਕਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਵੱਲੋਂ ਇਹ ਨਿਰਾਸ਼ਾਜਨਕ ਕਦਮ ਉਠਾਇਆ ਹੋਵੇਗਾ ਜਿਸ ਦਾ ਉਦੇਸ਼ ਫਿਰਕੂ ਤਨਾਅ ਜਾਂ ਪਾਕਿਸਤਾਨ ਨਾਲ ਤਨਾਅ ਪੈਦਾ ਕਰਨਾ ਹੋਵੇਗਾ | ਉਨ੍ਹਾਂ ਕਿਹਾ ਕਿ ਖੂਫੀਆ ਜਾਣਕਾਰੀ ਹੋਣ ਦੇ ਬਾਵਜੂਦ ਇਹ ਹਮਲਾ ਕਿਸ ਤਰ੍ਹਾਂ ਹੋਇਆ?

ਜਾਖੜ ਨੇ ਕਿਹਾ ਕਿ ਸੱਤਾ ਵਿਚ ਰਹਿਣ ਲਈ ਮੋਦੀ ਕੁਝ ਵੀ ਕਰ ਸਕਦਾ ਹੈ | ਇੱਥੋਂ ਤੱਕ ਕਿ ਭਾਜਪਾ ਦੇ ਹਿੱਤਾਂ ਦੇ ਮੱਦੇਨਜ਼ਰ ਕਰਤਾਰਪੁਰ ਲਾਂਘੇ ਦੀ ਵੀ ਬਲੀ ਦਿੱਤੀ ਜਾ ਸਕਦੀ ਹੈ | ਵੋਟ ਰਾਜਨੀਤੀ ਦੇ ਹਿੱਸੇ ਵਜੋਂ ਉਹ ਪਾਕਿਸਤਾਨ ਨਾਲ ਤਨਾਅ ਪੈਦਾ ਕਰ ਰਹੇ ਹਨ | ਜੇ ਲਾਂਘੇ ਨੂੰ ਅਸਲੀਅਤ ਵਿਚ ਲਿਆਉਣਾ ਹੈ ਤਾਂ ਮੋਦੀ ਨੂੰ ਸੱਤਾ ਵਿਚੋਂ ਲਾਂਭੇ ਕਰਨਾ ਜ਼ਰੂਰੀ ਹੈ ਜਿਸ ਨੇ ਪਿਛਲੇ ਦੋ ਸਾਲਾਂ ਵਿਚ ਪੰਜਾਬ ਲਈ ਕੁਝ ਵੀ ਨਹੀਂ ਕੀਤਾ | ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੂਬੇ ਨੂੰ ਇੱਕ ਵੀ ਧੇਲਾ ਵੀ ਨਹੀਂ ਦਿੱਤਾ |

ਜਾਖੜ ਨੇ ਕਿਹਾ ਕਿ ਮੋਦੀ ਕੋਲ ਰਾਫੇਲ, ਅਯੋਧਿਆ, ਕਿਸਾਨ ਖੁਦਕੁਸ਼ੀਆਂ ਅਤੇ ਬੇਗੁਨਾਹ ਫੌਜੀਆਂ ਦੀਆਂ ਸਰਹੱਦ ‘ਤੇ ਹੋ ਰਹੀਆਂ ਹੱਤਿਆਵਾਂ ਸਣੇ ਕਿਸੇ ਵੀ ਗੰਭੀਰ ਮੁੱਦੇ ‘ਤੇ ਕੋਈ ਸਪਸ਼ਟੀਕਰਨ ਨਹੀਂ ਹੈ | ਉਹ ਕੇਵਲ ਤੇ ਕੇਵਲ ਆਪਣੀਆਂ ਸਿਆਸੀ ਅਤੇ ਨਿੱਜੀ ਖਾਹਿਸ਼ਾਂ ਵਿਚ ਦਿਲਚੱਸਪੀ ਰੱਖਦਾ ਹੈ |

Facebook Comment
Project by : XtremeStudioz