Close
Menu

ਵਿਧਾਨ ਸਭਾ ‘ਚ ਮੋਫ਼ਰ ਦੀ ਚੁੱਪੀ ਤੇ ਅਮਰਿੰਦਰ ਦੀ ਗ਼ੈਰ-ਹਾਜ਼ਰੀ ਨੇ ਖੜ੍ਹੇ ਕੀਤੇ ਕਈ ਸਵਾਲ

-- 05 November,2013

04chd05Sanjay-Kurl1ਚੰਡੀਗੜ ,5 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਪਿਛਲੇ ਹਫ਼ਤੇ ਹੋਏ ਪੰਜਾਬ ਵਿਧਾਨ ਸਭਾ ਸੈਸ਼ਨ ‘ਚ ਭਾਵੇਂ ਕਾਂਗਰਸੀ ਵਿਧਾਇਕਾਂ ਨੇ ਹਰ ਮੁੱਦੇ ‘ਤੇ ਸੱਤਾ ਧਿਰ ਦਾ ਵਿਰੋਧ ਕੀਤਾ ਪਰ ਇਸ ਸੈਸ਼ਨ ‘ਚ ਕਾਂਗਰਸੀ ਵਿਧਾਇਕਾਂ ਦੀ ਵਿਧਾਨ ਸਭਾ ‘ਚ ਭੂਮਿਕਾ ਤੋਂ ਵੱਖ ਤਰ੍ਹਾਂ ਦੇ ਚਰਚੇ ਸ਼ੁਰੂ ਹੋ ਗਏ ਹਨ। ਇਸ ਸੈਸ਼ਨ ‘ਚ ਵਿਧਾਇਕ ਬੀਬੀ ਰਜਿੰਦਰ ਕੌਰ ਭੱਠਲ ਸਿਰਫ਼ ਇਕ ਦਿਨ ਹੀ ਪਹੁੰਚੇ ਸਨ, ਜਦੋਂਕਿ ਕੈਪਟਨ ਅਮਰਿੰਦਰ ਸਿੰਘ ਇਕ ਦਿਨ ਵੀ ਹਾਜ਼ਰ ਨਹੀਂ ਹੋਏ। ਇਹ ਦੋਵੇਂ ਸੀਨੀਅਰ ਆਗੂ ਅਕਸਰ ਹੀ ਵਿਧਾਨ ਸਭਾ ‘ਚ ਕਾਂਗਰਸ ਦੀ ਗੱਲ ਜ਼ੋਰਦਾਰ ਢੰਗ ਨਾਲ ਰੱਖਦੇ ਸਨ ਪਰ ਇਨ੍ਹਾਂ ਆਗੂਆਂ ਵਲੋਂ ਜਿਸ ਤਰ੍ਹਾਂ ਸੈਸ਼ਨ ਨੂੰ ਦਰਕਿਨਾਰ ਕਰ ਦਿੱਤਾ ਗਿਆ, ਉਸ ਨਾਲ ਇਹ ਗੱਲ ਸਾਹਮਣੇ ਆਈ ਕਿ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਸੈਸ਼ਨ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੋਫ਼ਰ ਬਾਰੇ ਤਾਂ ਇਹ ਚਰਚਾ ਸੀ ਕਿ ਉਨ੍ਹਾਂ ਦੀ ਚੁੱਪੀ ਕਾਰਨ ਦਾਲ ‘ਚ ਕੁਝ ਕਾਲਾ ਹੋ ਸਕਦਾ ਹੈ। ਪਿਛਲੇ ਤਕਰੀਬਨ ਸਾਰੇ ਸੈਸ਼ਨਾਂ ‘ਚ ਸਭ ਤੋਂ ਅੱਗੇ ਹੋ ਕੇ ਲੋਕਾਂ ਦੇ ਮੁੱਦੇ ਚੁੱਕਣ ਵਾਲੇ ਅਤੇ ਸੱਤਾ ਧਿਰ ਦਾ ਦਲੀਲਾਂ ਸਮੇਤ ਵਿਰੋਧ ਕਰਨ ਵਾਲੇ ਸਰਦੂਲਗੜ੍ਹ ਦੇ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਇਸ ਸੈਸ਼ਨ ‘ਚ ਬਿਲਕੁਲ ਹੀ ਖਾਮੋਸ਼ ਰਹੇ। ਉਨ੍ਹਾਂ ਨੇ ਕਿਸੇ ਵੀ ਤਿੱਖੀ ਬਹਿਸ ‘ਚ ਹਿੱਸਾ ਨਹੀਂ ਲਿਆ ਅਤੇ ਨਾ ਹੀ ਕਿਸੇ ਮਸਲੇ ‘ਤੇ ਗੱਲ ਕੀਤੀ। ਮੋਫ਼ਰ ਅਸਰਦਾਰ ਢੰਗ ਨਾਲ ਸੈਸ਼ਨ ‘ਚ ਗੱਲ ਕਰਦੇ ਸਨ, ਜਿਸਦਾ ਚੰਗਾ ਅਸਰ ਵੀ ਪੈਂਦਾ ਸੀ। ਸੱਤਾ ਧਿਰ ਵੀ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸੋਚਣ ਨੂੰ ਮਜਬੂਰ ਹੋ ਜਾਂਦਾ ਸੀ। ਉਹ ਅਕਸਰ ਹੀ ਆਮ ਜਨਤਾ ਦੇ ਮੁੱਦੇ ਉਭਾਰਦੇ ਸਨ ਪਰ ਉਨ੍ਹਾਂ ਦੀ ਖਾਮੋਸ਼ੀ ਨੇ ਹੁਣ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਉਨ੍ਹਾਂ ਦੀ ਨਾ ਬੋਲਣ ਦੀ ਮਜਬੂਰੀ ਕੀ ਸੀ?
ਦੂਜੇ ਪਾਸੇ ਵਿਧਾਨ ਸਭਾ ‘ਚ ਕਾਂਗਰਸ ਦੀ ਕਮਾਨ ਜ਼ਿਆਦਾਤਰ ਨੌਜਵਾਨ ਵਿਧਾਇਕਾਂ ਨੇ ਹੀ ਸੰਭਾਲੀ। ਵਿਧਾਇਕ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਕੁਲਜੀਤ ਸਿੰਘ ਨਾਗਰਾ ਅਤੇ ਬਲਬੀਰ ਸਿੰਘ ਸਿੱਧੂ ਨੇ ਹੀ ਵਿਧਾਨ ਸਭਾ ‘ਚ ਉੱਠਣ ਵਾਲੇ ਜ਼ਿਅਦਾਤਰ ਮੁੱਦਿਆਂ ‘ਤੇ ਆਪਣੇ ਵਿਚਾਰ ਰੱਖੇ। ਗ਼ੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਅਤੇ ਡਾਇਰੈਕਟ ਟੈਕਸ ਬਿੱਲ ‘ਤੇ ਹੋਈ ਚਰਚਾ ‘ਚ ਵੀ ਇਨ੍ਹਾਂ ਵਿਧਾਇਕਾਂ ਨੇ ਹਿੱਸਾ ਲਿਆ। ਇਸ ਸੈਸ਼ਨ ‘ਚ ਇਹ ਗੱਲ ਵੀ ਨਵੀਂ ਸੀ ਕਿ ਵਿਧਾਇਕ ਅਸ਼ਵਨੀ ਸੇਖੜੀ ਨੇ ਕਾਂਗਰਸ ਵਲੋਂ ਵਿਧਾਨ ਸਭਾ ‘ਚ ਕਈ ਮਾਮਲਿਆਂ ‘ਤੇ ਜਵਾਬ ਦਿੱਤਾ।
ਵੱਖ-ਵੱਖ ਬਿੱਲਾਂ ਅਤੇ ਮੁੱਦਿਆਂ ‘ਤੇ ਹੋਈ ਚਰਚਾ ਦੌਰਾਨ ਕਈ ਵਾਰ ਤਾਂ ਇਹ ਲੱਗਦਾ ਸੀ ਕਿ ਕਾਂਗਰਸ ਵਲੋਂ ਵਿਧਾਨ ਸਭਾ ਸੈਸ਼ਨ ਦੇ ਲਈ ਗੰਭੀਰਤਾ ਨਾਲ ਤਿਆਰੀ ਨਹੀਂ ਕੀਤੀ ਗਈ, ਭਾਵੇਂ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਆਪਣੀ ਗੱਲ ਤੱਥਾਂ ਸਮੇਤ ਰੱਖਦੇ ਰਹਿੰਦੇ ਸਨ। ਸੀਨੀਅਰ ਕਾਂਗਰਸੀ ਵਿਧਾਇਕ ਲਾਲ ਸਿੰਘ, ਜੋ ਪਿਛਲੇ ਸੈਸ਼ਨਾਂ ‘ਚ ਠੋਕ-ਵਜਾ ਕੇ ਗੱਲ ਕਰਦੇ ਸਨ, ਇਸ ਵਾਰ ਵੀ ਢਿੱਲੇ ਪੈਂਦੇ ਦਿਖੇ।
ਸੱਤਾ ਧਿਰ ‘ਚੋਂ ਜ਼ਿਆਦਾਤਰ ਮਾਮਲੇ ਬਿਕਰਮ ਸਿੰਘ ਮਜੀਠੀਆ ਨੇ ਹੀ ਚੁੱਕੇ। ਉਸਦੇ ਧਿਰ ‘ਚ ਦੋ-ਤਿੰਨ ਨੌਜਵਾਨ ਵਿਧਾਇਕ ਉੱਠ ਕੇ ਕਾਂਗਰਸੀ ਵਿਧਾਇਕਾਂ ਖ਼ਿਲਾਫ਼ ਨੋਕ-ਝੋਕ ਕਰਦੇ ਦਿਖੇ ਪਰ ਮਜੀਠੀਆ ਤੋਂ ਇਲਾਵਾ ਨੌਜਵਾਨ ਵਿਧਾਇਕਾਂ ਨੇ ਵਿਧਾਨ ਸਭਾ ‘ਚ ਘੱਟ ਹੀ ਮੁੱਦਿਆਂ ‘ਤੇ ਗੱਲ ਕੀਤੀ। ਮਜੀਠੀਆ ਦਾ ਵਿਰੋਧ ਵਾਰ-ਵਾਰ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਹੀ ਕਰਦੇ ਸਨ। ਇਨ੍ਹਾਂ ਦੋਵਾਂ ਵਿਚਕਾਰ ਤਿੱਖੀ ਨੋਕ-ਝੋਕ ਹੁੰਦੀ ਸੀ ਅਤੇ ਬਾਅਦ ‘ਚ ਉਹ ਇਕ-ਦੂਜੇ ਨੂੰ ਵੱਡਾ-ਛੋਟਾ ਭਰਾ ਵੀ ਬੋਲਦੇ ਸਨ। ਜ਼ਿਆਦਾਤਰ ਮਾਮਲਿਆਂ ‘ਤੇ ਡਾ. ਦਲਜੀਤ ਸਿੰਘ ਚੀਮਾ, ਦੀਪ ਮਲਹੋਤਰਾ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚਰਚਾ ‘ਚ ਹਿੱਸਾ ਲਿਆ। ਭਾਜਪਾ ਵਲੋਂ ਮਦਨ ਮੋਹਨ ਮਿੱਤਲ ਨੇ ਹੀ ਜ਼ਿਆਦਾ ਚਰਚਾ ਕੀਤੀ ਪਰ ਮਨੋਰੰਜਨ ਕਾਲੀਆ ਅਤੇ ਸੋਮ ਪ੍ਰਕਾਸ਼ ਨੇ ਚਰਚਾ ਦੌਰਾਨ ਸੱਤਾ ਧਿਰ ਦੇ ਮੁੱਦਿਆਂ ‘ਤੇ ਅਸਹਿਮਤੀ ਵੀ ਜਤਾਈ, ਜਿਸ ਨਾਲ ਸੈਸ਼ਨ ‘ਚ ਇਹ ਪ੍ਰਭਾਅ ਬਣਿਆ ਕਿ ਭਾਜਪਾ ਦੇ ਵਿਧਾਇਕ ਸਾਰੇ ਮਾਮਲਿਆਂ ‘ਤੇ ਇਕਮਤ ਨਹੀਂ ਸਨ।
ਇਹ ਵਿਧਾਨ ਸਭਾ ਸੈਸ਼ਨ ਪਿਛਲੇ ਸੈਸ਼ਨਾਂ ਮੁਕਾਬਲੇ ਵਾਕਆਊਟ ਅਤੇ ਬਾਈਕਾਟ ਦੇ ਸਿਲਸਿਲੇ ‘ਚ ਵੀ ਬਚਿਆ ਰਿਹਾ। ਵਿਰੋਧੀ ਧਿਰ ਨੇ ਜੋ ਬਾਈਕਾਟ ਕੀਤੇ, ਉਹ 5-7 ਮਿੰਟਾਂ ਦੇ ਹੀ ਸਨ। ਇਸ ਕਾਰਨ ਵਿਧਾਨ ਸਭਾ ਸੈਸ਼ਨ ਦੇ ਸਾਰੇ ਦਿਨਾਂ ‘ਚ ਬਹਿਸ ਦਾ ਮਾਹੌਲ ਵੀ ਚੰਗਾ ਬਣਦਾ ਸੀ। ਨਿੱਜੀ ਨੋਕ-ਝੋਕ ਵੀ ਪਹਿਲਾਂ ਦੇ ਮੁਕਾਬਲੇ ਘੱਟ ਵੇਖਣ ਨੂੰ ਮਿਲੀ। ਸੱਤਾ ਧਿਰ ਨੇ ਵਾਰ-ਵਾਰ ਵਿਰੋਧੀ ਧਿਰ ਨੂੰ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਵਿਧਾਨ ਸਭਾ ‘ਚ ਆਪਣੀ ਗੱਲ ਚੰਗੀ ਤਰ੍ਹਾਂ ਨਹੀਂ ਕਹਿ ਰਹੇ। ਕੁਝ ਅਕਾਲੀ ਵਿਧਾਇਕਾਂ ਨੇ ਤਾਂ ਇਹ ਤਕ ਵੀ ਕਹਿ ਦਿੱਤਾ ਸੀ ਕਿ ਤੁਹਾਨੂੰ ਤਾਂ ਹੇਠਾਂ ਲਾਹ ਹੀ ਦਿੱਤਾ ਹੈ। ਜਦੋਂ ਸਰਕਾਰੀ ਜ਼ਮੀਨ ‘ਤੇ ਗ਼ੈਰ-ਕਾਨੂੰਨੀ ਕਬਜ਼ਿਆਂ ਦੇ ਮਾਮਲੇ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਵਾਰ-ਵਾਰ ਮਜੀਠੀਆ ਵਲੋਂ ਚੁੱਕਿਆ ਜਾਂਦਾ ਸੀ ਤਾਂ ਵੀ ਕਾਂਗਰਸੀ ਵਿਧਾਇਕਾਂ ਨੇ ਉਸਦਾ ਇਕੱਠਾ ਹੋ ਕੇ ਵਿਰੋਧ ਨਹੀਂ ਕੀਤਾ। ਭਾਵੇਂ ਇਕ-ਦੋ ਵਿਧਾਇਕਾਂ ਨੇ ਇਹ ਮਾਮਲਾ ਚੁੱਕਿਆ ਕਿ ਸੱਤਾ ਧਿਰ ਦੇ ਲੋਕਾਂ ਅਤੇ ਪੁਲਸ ਅਫ਼ਸਰਾਂ ਨੇ ਵੀ ਸਰਕਾਰੀ ਜ਼ਮੀਨਾਂ ‘ਤੇ ਕਬਜ਼ੇ ਕੀਤੇ ਹੋਏ ਹਨ, ਉਸ ਬਾਰੇ ਤਾਂ ਗੱਲ ਕੀਤੀ ਹੀ ਨਹੀਂ ਜਾ ਰਹੀ। ਇਸ ਸੈਸ਼ਨ ‘ਚ ਹੋਈ ਬਹਿਸ ਅਤੇ ਵੱਖ-ਵੱਖ ਮਾਮਲਿਆਂ ‘ਤੇ ਚਰਚਾ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਵਾਰ ਵਿਰੋਧੀ ਕਾਂਗਰਸ ਨੇ ਆਪਣੀ ਗੱਲ ਅੰਦਰ ਹੀ ਕਹਿਣ ਦਾ ਮਨ ਪਹਿਲਾਂ ਤੋਂ ਹੀ ਬਣਾ ਲਿਆ ਸੀ, ਜਦੋਂਕਿ ਪਿਛਲੇ 5-6 ਸੈਸ਼ਨਾਂ ਦੌਰਾਨ ਕਾਂਗਰਸ ਵਾਲੇ ਵਿਧਾਨ ਸਭਾ ‘ਚ ਆਪਣੀ ਗੱਲ ਕਹਿੰਦੇ ਤਾਂ ਸਨ ਪਰ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਵਾਕਆਊਟ ‘ਚ ਚਲਾ ਜਾਂਦਾ ਸੀ। ਪਿਛਲੇ ਸੈਸ਼ਨ ‘ਚ ਤਾਂ ਗੱਲ ਗਾਲੀ-ਗਲੋਚ ਤਕ ਵੀ ਪਹੁੰਚ ਗਈ ਸੀ ਅਤੇ ਕਾਂਗਰਸ ਨੇ ਸੈਸ਼ਨ ਦਾ ਬਾਈਕਾਟ ਕਰਕੇ ਵਿਧਾਨ ਸਭਾ ਦੇ ਬਾਹਰ ਆਪਣਾ ਵੱਖਰਾ ਸੈਸ਼ਨ ਚਲਾਇਆ ਸੀ।

Facebook Comment
Project by : XtremeStudioz