Close
Menu

ਵਿਰੋਧੀ ਪਾਰਟੀਆਂ ਮੂਧੇ ਮੂੰਹ ਡਿੱਗਣਗੀਆਂ: ਮੋਦੀ

-- 13 May,2019

ਕੁਸ਼ੀਨਗਰ/ਦਿਓਰੀਆ(ਉੱਤਰ ਪ੍ਰਦੇਸ਼)/ ਖਾਂਡਵਾ, 13 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੇ ਦਿਓਰੀਆ ਅਤੇ ਮੱਧ ਪ੍ਰਦੇਸ਼ ਦੇ ਖਾਂਡਵਾ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਤੇ ਵਿਰੋਧੀ ਪਾਰਟੀਆਂ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਲੋਕ ਸਭਾ ਚੋਣਾਂ ਵਿੱਚ ਮੂਧੇ ਮੂੰਹ ਡਿੱਗਣਗੀਆਂ। ਉਨ੍ਹਾਂ ਕਾਂਗਰਸ ’ਤੇ ‘ਹਿੰਦੂ ਆਤੰਕਵਾਦ’ ਦੀ ਸਾਜ਼ਿਸ਼ ਘੜ ਕੇ ਮੁਲਕ ਦੀ ਧਾਰਮਿਕ ਵਿਰਾਸਤ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ। 84 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਕਾਂਗਰਸੀ ਆਗੂ ਸੈਮ ਪਿਤਰੋਦਾ ਦੀ ਟਿੱਪਣੀ ‘ਹੂਆ ਤੋ ਹੂਆ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵਿਰੋਧੀ ਧਿਰ ਦੀ ਮਾਨਸਿਕਤਾ ਦਰਸਾਉਂਦਾ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਦੀ ਹਾਰ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਲੋਕਾਂ ਨੇ ਅਸਰਦਾਰ ਸਰਕਾਰ ਲਈ ਵੋਟਾਂ ਪਾਈਆਂ ਹਨ।
ਸਪਾ-ਬਸਪਾ ਗੱਠਜੋੜ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ ਅਤੇ ਮਾਇਆਵਤੀ ਦਾ ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਾਂਝੇ ਕਾਰਜਕਾਲ ਨਾਲੋਂ ਵਧ ਸਮਾਂ ਉਹ ਗੁਜਰਾਤ ਦੇ ਮੁੱਖ ਮੰਤਰੀ ਰਹੇ ਹਨ ਅਤੇ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦਾ ਕੋਈ ਦਾਗ਼ ਨਹੀਂ ਹੈ। ਬਸਪਾ ਸੁਪਰੀਮੋ ਮਾਇਆਵਤੀ ਦੇ ਅਲਵਰ ਗੈਂਗਰੇਪ ਮਾਮਲੇ ਬਾਰੇ ਟਿੱਪਣੀ ’ਤੇ ਹਮਲਾ ਬੋਲਦਿਆਂ ਉਨ੍ਹਾਂ ਮਾਇਆਵਤੀ ਨੂੰ ਪੀੜਤਾ ਲਈ ਮਗਰਮੱਛ ਦੇ ਹੰਝੂ ਨਾ ਵਹਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇ ਉਹ ਇਸ ਬਾਰੇ ਗੰਭੀਰ ਸਨ ਤਾਂ ਉਨ੍ਹਾਂ ਰਾਜਸਥਾਨ ਦੀ ਕਾਂਗਰਸ ਸਰਕਾਰ ਤੋਂ ਸਮਰਥਨ ਵਾਪਸ ਕਿਉਂ ਨਹੀਂ ਲਿਆ। ਮੱਧ ਪ੍ਰਦੇਸ਼ ਦੇ ਖਾਂਡਵਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ ਭਾਵੇਂ ਉਹ ਜਿੰਨੇ ਮਰਜ਼ੀ ਜਨੇਊ ਦਿਖਾਉਣ, ਕਾਂਗਰਸ ਅਤੇ ਉਸ ਦੇ ‘ਮਹਾਮਿਲਾਵਟ’ ਸਹਿਯੋਗੀ ਹਿੰਦੂ ਧਰਮ ਦੇ ਭਗਵਾ ਰੰਗ ’ਤੇ ਦਹਿਸ਼ਤਵਾਦ ਦਾ ਧੱਬਾ ਲਾਉਣ ਦੇ ਪਾਪ ਤੋਂ ਨਹੀਂ ਬਚ ਸਕਦੇ। ’’ ਉਹ ਪਿਤਰੋਦਾ ਦੀ ਟਿੱਪਣੀ ‘ਹੂਆ ਤੋ ਹੂਆ’ ਨਾਲ ਕਾਂਗਰਸ ’ਤੇ ਹਮਲਾ ਬੋਲ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਆਪਣੇ ਚੰਗੇ ਕੰਮਾਂ ਦਾ ਪ੍ਰਚਾਰ ਕਰ ਰਹੇ ਹਨ, ਜਦੋਂ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀ ਝੂਠ ਦੇ ਸਹਾਰੇ ਚੋਣਾਂ ਲੜ ਰਹੇ ਹਨ।

Facebook Comment
Project by : XtremeStudioz