Close
Menu

ਵਿਸ਼ਵ ਕੱਪ ਕ੍ਰਿਕਟ: ਦੱਖਣੀ ਅਫਰੀਕਾ ਤੇ ਸ੍ਰੀਲੰਕਾ ਨੇ ਟੀਮਾਂ ਐਲਾਨੀਆਂ

-- 19 April,2019

ਕੇਪ ਟਾਊਨ/ਕੋਲੰਬੋ, 19 ਅਪਰੈਲ
ਤਜਰਬੇਕਾਰ ਬੱਲੇਬਾਜ਼ ਹਾਸ਼ਿਮ ਅਮਲਾ ਨੂੰ 30 ਮਈ ਤੋਂ ਬਰਤਾਨੀਆ ’ਚ ਸ਼ੁਰੂ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਲਈ ਅੱਜ ਚੁਣੀ ਗਈ ਦੱਖਣੀ ਅਫਰੀਕਾ ਦੀ ਟੀਮ ’ਚ ਨੌਜਵਾਨ ਰੀਜਾ ਹੈਂਡ੍ਰਿਕਸ ਦੀ ਥਾਂ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਅਮਲਾ ਨੇ ਦੱਖਣੀ ਅਫਰੀਕਾ ਲਈ ਕੌਮਾਂਤਰੀ ਕ੍ਰਿਕਟ ਦੀਆਂ ਵੱਖ ਵੱਖ ਵੰਨਗੀਆਂ ’ਚ 18 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ, ਪਰ ਖਰਾਬ ਫਾਰਮ ਕਾਰਨ ਟੀਮ ’ਚੋਂ ਬਾਹਰ ਸੀ। ਚੋਣਕਾਰਾਂ ਨੇ ਹਾਲਾਂਕਿ 18 ਇੱਕ ਰੋਜ਼ਾ ਮੈਚ ਖੇਡਣ ਵਾਲੇ ਹੈਂਡ੍ਰਿਕਸ ਦੀ ਥਾਂ 36 ਸਾਲਾ ਦੇ ਇਸ ਤਜਰਬੇਕਾਰ ਖਿਡਾਰੀ ’ਤੇ ਭਰੋਸਾ ਜਤਾਇਆ ਹੈ। ਫਾਫ ਡੂ ਪਲੈਸਿਸ ਦੀ ਅਗਵਾਈ ਵਾਲੀ ਇਸ ਟੀਮ ’ਚ ਹੋਰ ਕੋਈ ਵੀ ਨਾਂ ਹੈਰਾਨ ਕਰਨ ਵਾਲਾ ਨਹੀਂ ਹੈ। ਟੀਮ ਕੋਲ ਡੇਲ ਸਟੇਨ, ਕਾਗਿਸੋ ਰਬਾਡਾ, ਲੁੰਗੀ ਐਨਗਿੜੀ ਅਤੇ ਐਨਰਿਸ ਨੌਰਟਜੇ ਵਰਗੇ ਸ਼ਾਨਦਾਰ ਤੇਜ਼ ਗੇਂਦਬਾਜ਼ ਹਨ ਤੇ ਉੱਥੇ ਹੀ ਇਮਰਾਨ ਤਾਹਿਰ ਅਤੇ ਤਬਰੇਜ ਸ਼ਮਸੀ ਸਪਿੰਨ ਗੇਂਬਾਜ਼ੀ ਦੀ ਕਮਾਨ ਸੰਭਾਲਣਗੇ। ਪੰਦਰਾਂ ਮੈਂਬਰੀ ਟੀਮ ’ਚ ਹਰਫਨਮੌਲਾ ਖਿਡਾਰੀਆਂ ਵਜੋਂ ਐਂਡਿਲੇ ਫੇਹਲੁਕਵਾਇਓ ਤੇ ਡਵੇਨ ਪ੍ਰਿਟੋਰੀਅਸ ਨੂੰ ਚੁਣਿਆ ਗਿਆ ਹੈ। ਕਵਿੰਟਨ ਡੀ ਕਾਕ ਇੱਕਲੌਤੇ ਵਿਕਟ ਕੀਪਰ ਹਨ ਜਦਕਿ ਉਸ ਦੀ ਗ਼ੈਰ-ਹਾਜ਼ਰੀ ’ਚ ਡੇਵਿਡ ਮਿੱਲਰ ਇਹ ਭੂਮਿਕਾ ਨਿਭਾਉਣਗੇ।
ਇਸੇ ਤਰ੍ਹਾਂ ਕਪਤਾਨ ਦੇ ਤੌਰ ’ਤੇ ਹਟਾਏ ਗਏ ਤੇਜ਼ ਗੇਂਦਬਾਜ਼ ਲਾਸਿਥ ਮਲਿੰਗਾ ਨੂੰ ਵਿਸ਼ਵ ਕੱਪ ਲਈ ਸ੍ਰੀਲੰਕਾ ਦੀ 15 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਮਲਿੰਗਾ ਦੀ ਥਾਂ ਟੈਸਟ ਕਪਤਾਨ ਦਿਮੁਥ ਕਰੁਣਾਰਤਨੇ ਨੂੰ ਕਮਾਨ ਸੌਂਪੀ ਗਈ ਹੈ ਜਿਸ ਨੇ 2015 ਵਿਸ਼ਵ ਕੱਪ ਤੋਂ ਇੱਕ ਰੋਜ਼ਾ ਕ੍ਰਿਕਟ ਮੈਚ ਨਹੀਂ ਖੇਡੇ ਹਨ।

Facebook Comment
Project by : XtremeStudioz