Close
Menu

ਵਿਸ਼ਵ ਕੱਪ: ਚੌਥੇ ਨੰਬਰ ’ਤੇ ਬੱਲੇਬਾਜ਼ ਉਤਾਰਨਾ ਭਾਰਤ ਲਈ ਚੁਣੌਤੀ ਬਣਿਆ

-- 16 May,2019

ਨਵੀਂ ਦਿੱਲੀ, 16 ਮਈ
ਭਾਰਤੀ ਕ੍ਰਿਕਟ ਟੀਮ ਚੁਣਨ ਮਗਰੋਂ ਵੀ ਦੇਸ਼ ਲਈ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਨੰਬਰ ਚਾਰ ਦੀ ਬੱਲੇਬਾਜ਼ੀ ਚੁਣੌਤੀ ਬਣੀ ਹੋਈ ਹੈ। ਆਲਮੀ ਟੂਰਨਾਮੈਂਟ 30 ਮਈ ਤੋਂ ਇੰਗਲੈਂਡ ਵਿੱਚ ਹੋ ਰਿਹਾ ਹੈ। ਭਾਰਤ ਜਦੋਂ 2011 ਵਿੱਚ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਿਆ ਤਾਂ ਵਿਰਾਟ ਕੋਹਲੀ ਅਤੇ ਯੁਵਰਾਜ ਸਿੰਘ ਨੇ ਬੱਲੇਬਾਜ਼ੀ ਵਿੱਚ ਨੰਬਰ ਚਾਰ ’ਤੇ ਅਹਿਮ ਭੂਮਿਕਾ ਨਿਭਾਈ ਸੀ। ਅੱਠ ਸਾਲ ਮਗਰੋਂ ਨੰਬਰ ਚਾਰ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ।
ਚੋਣਕਾਰਾਂ ਨੇ ਵਿਜੈ ਸ਼ੰਕਰ ਨੂੰ ਇਸ ਸਥਾਨ ਲਈ ਚੁਣਿਆ ਸੀ, ਪਰ ਉਹ ਆਈਪੀਐਲ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਿਆ। ਕੇਐਲ ਰਾਹੁਲ ਨੇ ਚੰਗੀ ਲੈਅ ਵਿਖਾ ਕੇ ਆਪਣਾ ਦਾਅਵਾ ਮਜ਼ਬੂਤ ਕੀਤਾ, ਜਦਕਿ ਦਿਨੇਸ਼ ਕਾਰਤਿਕ ਅਤੇ ਮਹਿੰਦਰ ਸਿੰਘ ਧੋਨੀ ਨੂੰ ਵੀ ਇਸ ਨੰਬਰ ’ਤੇ ਭੇਜਿਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਸ਼ੰਕਰ, ਰਾਹੁਲ ਅਤੇ ਕਾਰਤਿਕ ਨੂੰ ਵਿਸ਼ਵ ਕੱਪ ਦਾ ਅਨੁਭਵ ਨਹੀਂ ਹੈ।
ਧੋਨੀ ਤਿੰਨ ਵਿਸ਼ਵ ਕੱਪ ਵਿੱਚ ਖੇਡਿਆ ਹੈ, ਪਰ ਸਿਰਫ਼ ਇੱਕ ਵਾਰ 2007 ਵਿੱਚ ਨੰਬਰ ਚਾਰ ’ਤੇ ਬੱਲੇਬਾਜ਼ੀ ਲਈ ਉਤਰਿਆ, ਜਿਸ ਵਿੱਚ ਉਸ ਨੇ 29 ਦੌੜਾਂ ਬਣਾਈਆਂ ਸਨ। ਕੋਹਲੀ ਨੂੰ ਵਿਸ਼ਵ ਕੱਪ 2011 ਵਿੱਚ ਪੰਜ ਮੈਚਾਂ ਵਿੱਚ ਨੰਬਰ ਚਾਰ ’ਤੇ ਉਤਾਰਿਆ ਸੀ, ਜਿਸ ਵਿੱਚ ਉਸ ਨੇ ਇੱਕ ਸੈਂਕੜੇ ਦੀ ਮਦਦ ਨਾਲ 202 ਦੌੜਾਂ ਬਣਾਈਆਂ। ਯੁਵਰਾਜ ਨੇ ਵੀ ਦੋ ਮੈਚਾਂ ਵਿੱਚ ਇਸ ਸਥਾਨ ਦੀ ਜ਼ਿੰਮੇਵਾਰੀ ਸੰਭਾਲੀ ਸੀ ਅਤੇ ਇੱਕ ਸੈਂਕੜੇ ਦੀ ਮਦਦ ਨਾਲ 171 ਦੌੜਾਂ ਬਣਾਈਆਂ।
ਭਾਰਤ ਜਦੋਂ 1983 ਵਿੱਚ ਵਿਸ਼ਵ ਚੈਂਪੀਅਨ ਬਣਿਆ ਤਾਂ ਯਸ਼ਪਾਲ ਸ਼ਰਮਾ (ਤਿੰਨ ਮੈਚਾਂ ਵਿੱਚ 112 ਦੌੜਾਂ) ਅਤੇ ਸੰਦੀਪ ਪਾਟਿਲ (ਤਿੰਨ ਮੈਚਾਂ ਵਿੱਚ 87 ਦੌੜਾਂ) ਨੇ ਨੰਬਰ ਚਾਰ ’ਤੇ ਸ਼ਾਨਦਾਰ ਯੋਗਦਾਨ ਪਾਇਆ ਸੀ। ਦਿਲੀਪ ਵੈਂਗਸਰਕਰ ਦੋ ਮੈਚਾਂ ਵਿੱਚ ਇਸ ਸਥਾਨ ’ਤੇ ਉਤਰਿਆ, ਜਿਸ ਵਿੱਚ ਉਸ ਨੇ 37 ਦੌੜਾਂ ਬਣਾਈਆਂ ਸਨ। ਇਸ ਮਗਰੋਂ 1987 ਵਿੱਚ ਉਸ ਨੇ 171 ਦੌੜਾਂ ਬਣਾਈਆਂ ਸਨ। ਪਹਿਲੇ ਦੋ ਵਿਸ਼ਵ ਕੱਪ ਵਿੱਚ ਗੁੰਡੱਪਾ ਵਿਸ਼ਵਨਾਥ (ਕੁੱਲ ਛੇ ਮੈਚਾਂ ਵਿੱਚ 145 ਦੌੜਾਂ) ਨੇ ਇਹ ਭੂਮਿਕਾ ਨਿਭਾਈ ਸੀ, ਜਦਕਿ 1992 ਵਿੱਚ ਤੇਂਦੁਲਕਰ (ਸੱਤ ਮੈਚਾਂ ਵਿੱਚ 229 ਦੌੜਾਂ) ਲਈ ਇਹ ਨੰਬਰ ਤੈਅ ਸੀ। ਤੇਂਦੁਲਕਰ ਨੇ ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਨੰਬਰ ਚਾਰ ’ਤੇ ਸਭ ਤੋਂ ਵੱਧ 12 ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਸ ਦੇ ਨਾਮ 400 ਦੌੜਾਂ ਦਰਜ ਹਨ। ਉਸ ਮਗਰੋਂ ਮੁਹੰਮਦ ਅਜ਼ਹਰੂਦੀਨ (ਨੌਂ ਮੈਚਾਂ ਵਿੱਚ 238 ਦੌੜਾਂ) ਦਾ ਨੰਬਰ ਆਉਂਦਾ ਹੈ। ਉਹ 1996 ਵਿੱਚ ਛੇ ਮੈਚਾਂ ਵਿੱਚ ਨੰਬਰ ਚਾਰ ’ਤੇ ਉਤਰਿਆ ਸੀ, ਪਰ ਉਹ ਸਿਰਫ਼ ਨਾਬਾਦ 72 ਦੌੜਾਂ ਹੀ ਬਣਾ ਸਕਿਆ। ਇੰਗਲੈਂਡ ਵਿੱਚ ਪਿਛਲਾ ਵਿਸ਼ਵ ਕੱਪ 1999 ਵਿੱਚ ਖੇਡਿਆ ਗਿਆ ਸੀ। ਉਦੋਂ ਅਜੇ ਜਡੇਜਾ (ਤਿੰਨ ਮੈਚਾਂ ਵਿੱਚ 182 ਦੌੜਾਂ), ਤੇਂਦੁਲਕਰ (ਤਿੰਨ ਮੈਚਾਂ ਵਿੱਚ 164 ਦੌੜਾਂ) ਅਤੇ ਅਜ਼ਹਰ (ਦੋ ਮੈਚਾਂ ਵਿੱਚ 31 ਦੌੜਾਂ) ਨੇ ਇਸ ਨੰਬਰ ਦੀ ਜ਼ਿੰਮੇਵਾਰੀ ਸੰਭਾਲੀ ਸੀ। ਇਸ ਤੋਂ ਚਾਰ ਸਾਲ ਮਗਰੋਂ ਦੱਖਣੀ ਅਫਰੀਕਾ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਮੁਹੰਮਦ ਕੈਫ ਸਭ ਤੋਂ ਵੱਧ ਛੇ ਮੈਚਾਂ ਵਿੱਚ ਨੰਬਰ ਚਾਰ ’ਤੇ ਉਤਰਿਆ ਅਤੇ 142 ਦੌੜਾਂ ਬਣਾਈਆਂ ਸਨ। ਉਸ ਤੋਂ ਇਲਾਵਾ ਰਾਹੁਲ ਦਰਾਵਿੜ, ਸੌਰਭ ਗਾਂਗੁਲੀ, ਯੁਵਰਾਜ ਸਿੰਘ ਅਤੇ ਨੈਨ ਮੌਂਗੀਆ ਨੂੰ ਵੀ ਇਸੇ ਨੰਬਰ ’ਤੇ ਪਰਖਿਆ ਗਿਆ ਸੀ। ਕੋਹਲੀ ਨੇ ਵਿਸ਼ਵ ਕੱਪ 2011 ਮਗਰੋਂ ਨੰਬਰ ਤਿੰਨ ’ਤੇ ਚੰਗੀ ਜ਼ਿੰਮੇਵਾਰੀ ਨਿਭਾਈ ਅਤੇ ਵਿਸ਼ਵ ਕੱਪ 2015 ਵਿੱਚ ਅਜਿੰਕਿਆ ਰਹਾਣੇ ਸੱਤ ਮੈਚਾਂ ਵਿੱਚ ਇਸ ਸਥਾਨ ’ਤੇ ਬੱਲੇਬਾਜ਼ੀ ਲਈ ਉਤਰਿਆ, ਜਿਸ ਵਿੱਚ ਉਸ ਨੇ 208 ਦੌੜਾਂ ਬਣਾਈਆਂ। ਇੱਕ ਮੈਚ ਵਿੱਚ ਸੁਰੇਸ਼ ਰੈਣਾ ਨੇ ਇਹ ਜ਼ਿੰਮੇਵਾਰੀ ਸੰਭਾਲੀ ਅਤੇ 74 ਦੌੜਾਂ ਦੀ ਪਾਰੀ ਖੇਡੀ। ਇਹ ਦੋਵੇਂ ਇਸ ਸਮੇਂ ਵਿਸ਼ਵ ਕੱਪ ਟੀਮ ਵਿੱਚ ਨਹੀਂ ਹਨ।

Facebook Comment
Project by : XtremeStudioz