Close
Menu

ਵੈਨਜ਼ੁਏਲਾ ਵਿੱਚ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਝੜਪਾਂ

-- 02 May,2019

ਕਰਾਕਸ, 2 ਮਈ
ਵੈਨਜ਼ੁਏਲਾ ਵਿੱਚ ਵਿਰੋਧੀ ਧਿਰ ਦੇ ਆਗੂ ਜੁਆਂ ਗੁਆਇਡੋ ਵੱਲੋਂ ਫ਼ੌਜ ਨੂੰ ਸਰਕਾਰ ਖ਼ਿਲਾਫ਼ ਉੱਠ ਖੜ੍ਹਨ ਦੇ ਦਿੱਤੇ ਸੱਦੇ ਦਰਮਿਆਨ ਰਾਜਧਾਨੀ ਦੀਆਂ ਸੜਕਾਂ ’ਤੇ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਝੜਪਾਂ ਹੋਈਆਂ। ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਦੀ ਤੋੜ-ਭੰਨ ਕੀਤੀ। ਦੰਗਾਕਾਰੀਆਂ ਨੇ ਮਗਰੋਂ ਇਕ ਬੱਸ ਨੂੰ ਅੱਗ ਲਾ ਕੇ ਹਾਈਵੇਅ ਜਾਮ ਕੀਤਾ। ਪ੍ਰਦਰਸ਼ਨਕਾਰੀ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਸਿਹਤ ਅਧਿਕਾਰੀਆਂ ਮੁਤਾਬਕ ਝੜਪਾਂ ਵਿੱਚ 69 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਗੁਆਇਡੋ ਦੇ ਇਨ੍ਹਾਂ ਯਤਨਾਂ ਨੂੰ ਰਾਜ ਪਲਟੇ ਦੀ ਕਾਰਵਾਈ ਕਰਾਰ ਦਿੱਤਾ ਹੈ। ਮਾਦੁਰੋ ਨੇ ਕਿਹਾ ਕਿ ਉਨ੍ਹਾਂ ਵਿਰੋਧੀ ਆਗੂ ਦੇ ਇਸ ਯਤਨ ਨੂੰ ਨਾਕਾਮ ਕੀਤਾ ਹੈ। ਉਂਜ ਝੜਪਾਂ ਮਗਰੋਂ ਰਾਜਧਾਨੀ ਦੇ ਪੂਰਬੀ ਹਿੱਸੇ ਵਿੱਚ ਕਾਲਾ ਧੂੰਆਂ ਨਿਕਲਦਾ ਵੇਖਿਆ ਗਿਆ।
ਰਾਸ਼ਟਰਪਤੀ ਮਾਦੁਰੋ ਨੇ ਟੈਲੀਵਿਜ਼ਨ ਤੇ ਰੇਡੀਓ ’ਤੇ ਆਪਣੇ ਸੰਬੋਧਨ ਵਿੱਚ ਵੈਨਜ਼ੁਏਲਾ ਦੀਆਂ ਸੜਕਾਂ ’ਤੇ ਹਿੰਸਾ ਕਰਨ ਵਾਲੇ ਛੋਟੇ ਸਮੂਹ ਨੂੰ ਭਾਂਜ ਦੇਣ ਵਾਲੀ ਆਪਣੀ ਹਥਿਆਰਬੰਦ ਫ਼ੌਜ ਨੂੰ ਵਧਾਈ ਦਿੱਤੀ ਹੈ। ਸਦਰ ਨੇ ਕਿਹਾ ਕਿ ਅਜਿਹੀ ਕਿਸੇ ਵੀ ਕਾਰਵਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਤੇ ਕਸੂਰਵਾਰਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ।
ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੁਆਇਡੋ ਦੀ ਹਮਾਇਤ ਵਿੱਚ ਕੀਤੇ ਟਵੀਟ ਵਿੱਚ ਕਿਹਾ ਕਿ ਵਾਸ਼ਿੰਗਟਨ ਵੈਨਜ਼ੁਏਲਾ ਦੇ ਲੋਕਾਂ ਤੇ ਉਨ੍ਹਾਂ ਦੀ ‘ਆਜ਼ਾਦੀ’ ਲਈ ਖੜ੍ਹਾ ਹੈ। ਗੁਆਇਡੋ ਨੇ ਵੱਡੇ ਤੜਕੇ ਵੀਡੀਓ ਸੁਨੇਹੇ ਰਾਹੀਂ ਆਪਣੇ ਹਮਾਇਤੀਆਂ ਤੋਂ ਇਮਦਾਦ ਮੰਗੀ ਸੀ। ਕੌਮੀ ਅਸੈਂਬਲੀ ਦੇ ਆਗੂ ਨੇ ਲਾ ਕਾਰਲੋਟਾ ਹਵਾਈ ਬੇਸ ਦੇ ਬਾਹਰ ਹਥਿਆਰਬੰਦ ਫ਼ੌਜਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।

Facebook Comment
Project by : XtremeStudioz