Close
Menu

ਸਫ਼ਲਤਾ ਦਾ ਰਾਹ

-- 31 August,2015

ਮੀਤ ਅਤੇ ਬੀਰ ਦੋਵੇਂ ਗੂੜ੍ਹੇ ਦੋਸਤ ਸਨ। ਦੋਵੇਂ ਪਿੰਡ ਦੇ ਸਕੂਲ ਵਿੱਚ ਪੜ੍ਹਦੇ ਸਨ। ਪੜ੍ਹਾੲੀ ਵਿੱਚ ਵੀ ਦੋਵੇਂ ਪੂਰੇ ਹੁਸ਼ਿਆਰ ਸਨ। ਫ਼ਰਕ ਸਿਰਫ਼ ਐਨਾ ਸੀ ਕਿ ਮੀਤ ਲਗਨ ਤੇ ਮਿਹਨਤ ਨਾਲ ਪਹਿਲੇ ਨੰਬਰ ਉੱਤੇ ਆਉਂਦਾ ਸੀ ਜਦੋਂਕਿ ਬੀਰ ਥੋਡ਼੍ਹੀ ਜਿਹੀ ਲਾਪਰਵਾਹੀ ਕਰਕੇ ਦੂਜੇ ਨੰਬਰ ’ਤੇ ਰਹਿ ਜਾਂਦਾ ਸੀ। ਮੀਤ ਦੇ ਪਿਤਾ ਦੋਧੀ ਸਨ ਜੋ ਪਿੰਡ ਵਿੱਚੋਂ ਦੁੱਧ ਇਕੱਠਾ ਕਰਕੇ ਸ਼ਹਿਰ ਵੇਚਦੇ ਸਨ। ੳੁਨ੍ਹਾਂ ਦੀ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਸੀ। ਘਰ ਦੀ ਹਾਲਤ ਵੀ ਠੀਕ-ਠਾਕ ਹੀ ਸੀ ਅਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਮੀਤ ਦੇ ਪਿਤਾ ਸਿਰ ਸੀ। ਛੋਟਾ ਹੋਣ ਦੇ ਬਾਵਜੂਦ ਮੀਤ ਇਸ ਗੱਲ ਨੂੰ ਸਮਝਦਾ ਸੀ। ਇਸ ਲਈ ਉਹ ਪੜ੍ਹ-ਲਿਖ ਕੇ ਕੁਝ ਬਣਨਾ ਚਾਹੁੰਦਾ ਸੀ। ਦੂਜੇ ਪਾਸੇ ਬੀਰ ਇੱਕ ਅਮੀਰ ਘਰ ਦਾ ਲੜਕਾ ਸੀ। ਸ਼ਾਇਦ ਇਹੀ  ਉਸ ਦੀ ਲਾਪਰਵਾਹੀ ਦਾ ਇੱਕ ਕਾਰਨ ਸੀ।
ਇਮਤਿਹਾਨ ਨੇੜੇ ਆ ਰਹੇ ਸਨ। ਉਨ੍ਹਾਂ ਦੇ ਅਧਿਆਪਕ ਪਰਮਾਰ ਨੇ ਐਲਾਨ ਕੀਤਾ ਕਿ ਜੋ ਵੀ ਬੱਚਾ ਪਹਿਲੇ ਸਥਾਨ ’ਤੇ ਆਵੇਗਾ, ਉਸ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਕਾਰਨ ਮੀਤ ਅਤੇ ਬੀਰ ਦੋਵੇਂ ਹੀ ਕਿਸੇ ਵੀ ਹਾਲਤ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨਾ ਚਾਹੁੰਦੇ ਸਨ। ਬੀਰ ਨੇ ਘਰ ਜਾ ਕੇ ਇਨਾਮ ਬਾਰੇ ਆਪਣੀ ਦਾਦੀ ਨੂੰ ਦੱਸਿਆ। ਉਨ੍ਹਾਂ ਦੇ ਪਿੰਡ ਇੱਕ ਪਾਖੰਡੀ ਸਾਧੂ ਰਹਿੰਦਾ ਸੀ ਜੋ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਦਾ ਸੀ। ਪਿੰਡ ਦੇ ਕਈ ਪਿਛਲੱਗੂ ਲੋਕ ਉਸ ਦੇ ਡੇਰੇ ਜਾਂਦੇ ਸਨ। ਬੀਰ ਦੀ ਦਾਦੀ ਵੀ ਉੱਥੇ ਅਕਸਰ ਜਾਇਆ ਕਰਦੀ ਸੀ। ਇੱਕ ਦਿਨ ਉਹ ਬੀਰ ਨੂੰ ਨਾਲ ਲੈ ਕੇ ਸਾਧੂ ਕੋਲ ਚਲੀ ਗਈ। ਬੀਰ ਦੀ ਦਾਦੀ ਨੇ ਸਾਧੂ ਨੂੰ ਦੱਸਿਆ ਕਿ ਬੀਰ ਆਪਣੀ ਕਲਾਸ ਵਿੱਚੋਂ ਪਹਿਲੇ ਸਥਾਨ ’ਤੇ ਆਉਣਾ ਚਾਹੁੰਦਾ ਹੈ। ਇਸ ਲਈ ਮੈਂ ਇਸ ਨੂੰ ਤੁਹਾਡੇ ਕੋਲ ਲੈ ਕੇ ਆਈ ਹਾਂ। ਸਾਧੂ ਨੇ ਬੀਰ ਨੂੰ ਕਿਹਾ ਕਿ ਉਸ ਨੂੰ ਪੜ੍ਹਨ ਦੀ ਕੋਈ ਲੋੜ ਨਹੀਂ ਹੈ। ਉਹ ਬਸ ਡੇਰੇ ਵਿੱਚ ਸਵੇਰੇ-ਸ਼ਾਮ ਚੌਂਕੀ ਭਰਨ ਆਇਆ ਕਰੇ ਅਤੇ 1100 ਰੁਪਏ ਦਾ ਚੜਾਵਾ ਚੜਾ ਜਾਵੇ। ਉਸ ਨੂੰ ਪਹਿਲੇ ਸਥਾਨ ’ਤੇ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਬੀਰ ਸਾਧੂ ਦੀ ਗੱਲ ਮੰਨ ਕੇ ਖ਼ੁਸ਼ੀ-ਖ਼ੁਸ਼ੀ ਆਪਣੀ ਦਾਦੀ ਨਾਲ ਵਾਪਸ ਘਰ ਆ ਗਿਆ।
ਸਾਧੂ ਉੱਪਰ ਭਰੋਸਾ ਕਰਕੇ ਬੀਰ ਨੇ ਪੜ੍ਹਨਾ ਬਿਲਕੁਲ ਛੱਡ ਦਿੱਤਾ। ਉਹ ਹਰ ਰੋਜ਼  ਡੇਰੇ ਜਾਣ ਲੱਗ ਪਿਆ ਜਦੋਂਕਿ ਦੂਜੇ ਪਾਸੇ ਮੀਤ ਪੂਰੇ ਜੀਅ-ਜਾਨ ਨਾਲ ਪੜ੍ਹ ਰਿਹਾ ਸੀ। ਪੇਪਰ ਹੋਏ ਦੋਵੇਂ ਬੜੇ ਖ਼ੁਸ਼ ਸਨ। ਦੋਵਾਂ ਨੂੰ ਹੀ ਪਹਿਲੇ ਸਥਾਨ ’ਤੇ ਆਉਣ ਦੀ ਉਮੀਦ ਸੀ। ਆਖਰ ਉਹ ਦਿਨ ਵੀ ਆ ਗਿਆ ਜਿਸ ਦਿਨ ਨਤੀਜਾ ਘੋਸ਼ਿਤ ਕੀਤਾ ਜਾਣਾ ਸੀ। ਬੀਰ ਸਭ ਤੋਂ ਪਹਿਲਾਂ ਸਕੂਲ ਪਹੁੰਚ ਗਿਆ। ਉਹ ਖ਼ੁਸ਼ੀ ਵਿੱਚ ਫੁਲਿਆ ਨਹੀਂ ਸੀ ਸਮਾ ਰਿਹਾ, ਪਰ   ਜਦੋਂ ਅਧਿਆਪਕ ਨੇ ਨਤੀਜਾ ਘੋਸ਼ਿਤ ਕੀਤਾ ਤਾਂ ਬੀਰ ਹੈਰਾਨ ਰਹਿ ਗਿਆ। ਮੀਤ ਇਸ ਵਾਰ ਫਿਰ ਪਹਿਲੇ ਸਥਾਨ ’ਤੇ ਸੀ, ਜਦੋਂਕਿ ਬੀਰ ਖਿਸਕ ਕੇ ਸੱਤਵੇਂ ਸਥਾਨ ’ਤੇ ਚਲਿਆ ਗਿਆ ਸੀ। ਜਦੋਂ ਅਧਿਆਪਕ ਨੇ ਮੀਤ ਨੂੰ   500 ਰੁਪਏ ਦਾ ਇਨਾਮ ਦਿੱਤਾ ਤਾਂ ਸਾਰੇ ਬੱਚਿਆਂ ਨੇ    ਖ਼ੂਬ ਤਾੜੀਆਂ ਮਾਰੀਆਂ। ਬੀਰ ਨੀਵੀਂ ਪਾਈ ਚੁੱਪਚਾਪ ਬੈਠਾ ਸੀ।
ਨਤੀਜੇ ਤੋਂ ਬਾਅਦ ਅਧਿਆਪਕ ਨੇ ਬੀਰ ਤੋਂ ਉਸ ਦੇ ਪਿੱਛੇ ਰਹਿਣ ਦਾ ਕਾਰਨ ਪੁੱਛਿਆ ਤਾਂ ਬੀਰ ਨੇ ਸਭ ਕੁਝ ਸੱਚ ਦੱਸ ਦਿੱਤਾ। ਅਧਿਆਪਕ ਨੇ ਸਮਝਾਉਂਦੇ ਹੋਏ ਕਿਹਾ ਕਿ ਦੇਖ ਬੇਟਾ! ਜੇਕਰ ਤੂੰ ਉਸ ਪਾਖੰਡੀ ਸਾਧੂ ਦੀਆਂ ਗੱਲਾਂ ਵਿੱਚ ਨਾ ਆ ਕੇ, ਉਹੀ ਸਮਾਂ ਮਿਹਨਤ ਕਰਦਾ ਤਾਂ ਸ਼ਾਇਦ ਅੱਜ ਮੀਤ ਦੀ ਜਗ੍ਹਾ ਤੂੰ ਖੜਾ ਹੁੰਦਾ। ਤੂੰ ਜੋ ਸੱਤਵੇਂ ਨੰਬਰ ’ਤੇ ਆਇਆ ਏਂ ਇਹ ਵੀ ਤੇਰੀ ਪਹਿਲਾਂ ਕੀਤੀ ਹੋਈ ਪਡ਼੍ਹਾਈ ਕਰਕੇ ਹੈ। ਤੈਨੂੰ ਪਹਿਲੇ ਨੰਬਰ ਉੱਪਰ ਆਉਣ ਦਾ ਵਿਸ਼ਵਾਸ ਸੀ, ਪਰ ਮਿਹਨਤ ਤੋਂ ਬਿਨਾਂ ਵਿਸ਼ਵਾਸ ਦੇ ਕੋਈ ਅਰਥ ਨਹੀਂ ਹੁੰਦੇ। ਮਿਹਨਤ ਦੀ ਮਿੱਟੀ ਵਿੱਚ ਹੀ ਸਫ਼ਲਤਾ ਦਾ ਬੂਟਾ ਪੈਦਾ ਹੁੰਦਾ ਹੈ, ਪਰ ਚੰਗੀ ਗੱਲ ਹੈ ਕਿ ਤੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ। ਇਸ ਲਈ ਅੱਗੇ ਤੋਂ ਹਮੇਸ਼ਾਂ ਜੀਵਨ ਵਿੱਚ ਮਿਹਨਤ ਉੱਪਰ ਹੀ ਵਿਸ਼ਵਾਸ ਰੱਖੀ।
ਬੱਚਿਓ, ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਜੀਵਨ ਵਿੱਚ ਕਦੇ ਵੀ ਸਫ਼ਲਤਾ ਲਈ ਅੰਧ-ਵਿਸ਼ਵਾਸ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਸਫ਼ਲਤਾ ਦਾ ਇੱਕੋ-ਇੱਕ ਰਾਹ ਹੈ ਸਖ਼ਤ ਮਿਹਨਤ ਤੇ ਪੱਕਾ ਇਰਾਦਾ।

Facebook Comment
Project by : XtremeStudioz