Close
Menu

ਸਾਵਾ ਹੰਸ

-- 04 February,2016

ਅੰਮ੍ਰਿਤਸਰ ਤੋਂ ਤਕਰੀਬਨ 70-75 ਕਿਲੋਮੀਟਰ ਦੂਰ ਹਰੀਕੇ ਪੱਤਣ ’ਤੇ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਸੰਗਮ ਹੁੰਦਾ ਹੈ। ਉੱਥੇ ਬੈਰੀਕੇਡ ਬਣਾ ਕੇ ਪਾਣੀ ਨੂੰ ਦੋ ਨਹਿਰਾਂ ਵਿੱਚ ਮੋੜ ਦਿੱਤਾ ਗਿਆ ਹੈ। ਬੈਰੀਕੇਡ ਤੋਂ ਪਹਿਲਾਂ ਪਾਣੀ ਨੇ ਕਈ ਸੌ ਏਕੜ ਜ਼ਮੀਨ ਨੂੰ ਪੰਜਾਬ ਦੇ ਸਭ ਤੋਂ ਵੱਡੇ ਛੰਭ ਵਿੱਚ ਤਬਦੀਲ ਕੀਤਾ ਹੋਇਆ ਹੈ। ਇਸ ਛੰਭ ਵਿੱਚ ਬਹੁਤ ਸਾਰੇ ਜੰਗਲੀ ਜੀਵ-ਜੰਤੂ ਰਹਿੰਦੇ ਹਨ। ਇੱਥੇ ਸਰਦੀਆਂ ਵਿੱਚ ਪਰਵਾਸੀ ਪੰਛੀਆਂ ਦੇ ਆਉਣ ਨਾਲ ਪੰਛੀਆਂ ਦੀ ਗਿਣਤੀ ਵਧ ਕੇ ਲੱਖਾਂ ਵਿੱਚ ਹੋ ਜਾਂਦੀ ਹੈ। ਹਰ ਸਾਲ ਸਾਰੀ ਦੁਨੀਆਂ ਵਿੱਚ ਦੋ ਫਰਵਰੀ ਨੂੰ ‘ਵਰਲਡ ਵੈੱਟਲੈਂਡ ਡੇਅ’ ਮਨਾਇਆ ਜਾਂਦਾ ਹੈ। ਵਿਦਿਆਰਥੀਆਂ ਨੂੰ ਹਰੀਕੇ ਪੱਤਣ ‘ਵਰਲਡ ਵੈੱਟਲੈਂਡ ਡੇਅ’ ਮਨਾਉਣ ਲਈ ਲਿਜਾਣ ਵਾਸਤੇ ਇੱਕ ਵਾਰ ਮੇਰੀ ਡਿਊਟੀ ਲੱਗੀ। ਵਿਦਿਆਰਥੀ ਆਪੋ-ਆਪਣੀਆਂ ਦੂਰਬੀਨਾਂ, ਨੋਟਬੁੱਕਸ, ਪੈੱਨ ਆਦਿ ਨਾਲ ਲੈਸ ਪਾਣੀ ਵਿੱਚ ਤੈਰਦੀਆਂ ਅਤੇ ਪਾਣੀ ਵਿੱਚ ਬਣੀਆਂ ਰੇਤੇ ਦੀਆਂ ਟਿੱਬੀਆਂ ਉੱਤੇ ਬੈਠੀਆਂ ਮੁਰਗਾਬੀਆਂ, ਚਾਹਿਆਂ, ਬੱਤਖ਼ਾਂ, ਬਗਲਿਆਂ, ਲਮਢੀਂਗਾਂ ਆਦਿ ਨੂੰ ਦੇਖ ਕੇ ਨੋਟਸ ਲੈ ਰਹੇ ਸਨ। ਉਹ ਲੋੜ ਮੁਤਾਬਿਕ ਸਾਡੇ (ਅਧਿਆਪਕਾਵਾਂ) ਨਾਲ ਸਲਾਹ ਮਸ਼ਵਰਾ ਵੀ ਕਰੀ ਜਾ ਰਹੇ ਸਨ। ਇੱਕ ਵਿਦਿਆਰਥਣ ਨੇ ਪਾਣੀ ਕੰਢੇ ਜ਼ਮੀਨ ਉੱਤੇ ਬੈਠੇ ਕੁਝ ਪੰਛੀਆਂ ਵੱਲ ਇਸ਼ਾਰਾ ਕਰ ਕੇ ਮੈਨੂੰ ਪੁੱਛਿਆ, ‘‘ਮੈਡਮ, ਇਹ ਕਿਹੜੀਆਂ ਬੱਤਖ਼ਾਂ ਹਨ?’’ ਉਸ ਦੇ ਇਸ਼ਾਰਾ ਕਰਨ ਦੀ ਦੇਰ ਸੀ ਕਿ ਉਹ ਸਾਰੇ ਪੰਛੀ ਫਟਾਫਟ ਪਾਣੀ ਵਿੱਚ ਚਲੇ ਗਏ ਅਤੇ ਤੈਰ ਕੇ ਕੰਢੇ ਤੋਂ ਦੂਰ ਪਹੁੰਚ ਗਏ। ਮੈਂ ਉਸ ਵਿਦਿਆਰਥਣ ਨੂੰ ਦੱਸਿਆ ਕਿ ਇਹ ਬੱਤਖ਼ਾਂ ਨਹੀਂ ਸਗੋਂ ਹੰਸ ਹਨ ਅਤੇ ਇਸ ਹੰਸ ਨੂੰ ਇਸ ਦੇ ਰੰਗ ਕਰਕੇ ‘ਸਾਵਾ ਹੰਸ’ ਜਾਂ ‘ਸਾਵਾ ਮੱਘ’ ਕਹਿੰਦੇ ਹਨ। ਇਸ ਨੂੰ ਅੰਗਰੇਜ਼ੀ ਵਿੱਚ ‘ਬਾਰ ਹੈੱਡਿਡ ਗੀਜ਼’ ਅਤੇ ਹਿੰਦੀ ਵਿੱਚ ‘ਬਿਰਵਾ’ ਸੱਦਦੇ ਹਨ। ਹੰਸ ਦਾ ਨਾਂ ਸੁਣ ਕੇ ਉਸ ਵਿਦਿਆਰਥਣ ਦੀਆਂ ਅੱਖਾਂ ਵਿੱਚ ਇੱਕ ਚਮਕ ਜਿਹੀ ਆ ਗਈ ਅਤੇ ਉਹ ਅੱਗੋਂ ਕਹਿੰਦੀ, ‘‘ਮੈਡਮ, ਮੈਂ ਹੰਸਾਂ ਬਾਰੇ ਹੁਣ ਤਕ ਸਿਰਫ਼ ਕਹਾਣੀਆਂ ਵਿੱਚ ਪੜ੍ਹਿਆ ਸੀ। ਅੱਜ ਦੇਖ ਵੀ ਲਿਆ ਹੈ, ਪਰ ਬੱਤਖ਼ਾਂ ਅਤੇ ਹੰਸਾਂ ਵਿੱਚ ਦੇਖਣ ਨੂੰ ਕੀ ਫ਼ਰਕ ਹੁੰਦਾ ਹੈ?’’ ਮੈਂ ਉਸ ਨੂੰ ਦੱਸਿਆ ਕਿ ਬੱਤਖ਼ਾਂ ਦੀ ਗਰਦਨ ਵਿੱਚ ਪੰਦਰਾਂ ਤੋਂ ਘੱਟ ਮਣਕੇ ਹੁੰਦੇ ਹਨ, ਉਨ੍ਹਾਂ ਦੇ ਨਰ ਬਹੁਤੇ ਰੰਗ-ਬਿਰੰਗੇ ਹੁੰਦੇ ਹਨ ਅਤੇ ਉਹ ਛੋਟੇ ਕੱਦ ਦੀਆਂ ਤਕਰੀਬਨ ੲਿੱਕ ਕਿਲੋਗ੍ਰਾਮ ਭਾਰ ਦੀਆਂ ਹੁੰਦੀਆਂ ਹਨ। ਦੂਜੇ ਪਾਸੇ ਹੰਸਾਂ ਦੀ ਲੰਬੀ ਗਰਦਨ ਵਿੱਚ 15 ਤੋਂ ਵੱਧ ਮਣਕੇ ਹੁੰਦੇ ਹਨ, ਉਹ ਚਿੱਟੇ ਅਤੇ ਭੂਸਲੇ ਰੰਗਾਂ ਦੇ ਨਾਲ ਵੱਡੇ ਅਤੇ ਭਾਰੇ ਵੀ ਜ਼ਿਆਦਾ ਹੁੰਦੇ ਹਨ। ਉਹ ਵਿਦਿਆਰਥਣ ਅੱਗੋਂ ਪੁੱਛਦੀ, ‘‘ਮੈਡਮ, ਫਿਰ ਸਵੈਨ ਕਿਸ ਪੰਛੀ ਨੂੰ ਕਹਿੰਦੇ ਹਨ?’’ ਮੈਂ ਉਸ ਨੂੰ ਦੱਸਿਆ ਕਿ ਸਵੈਨ ਨੂੰ ਪੰਜਾਬੀ ਵਿੱਚ ‘ਰਾਜ ਹੰਸ’ ਕਹਿੰਦੇ ਹਨ। ਆਮ ਤੌਰ ਉੱਤੇ ਉਹ ਚਿੱਟੇ ਜਾਂ ਕਾਲੇ ਹੀ ਹੁੰਦੇ ਹਨ। ਉਨ੍ਹਾਂ ਦੀ ਗ਼ਰਦਨ ਹੋਰ ਵੀ ਲੰਬੀ, ਕੱਦ ਵੱਡਾ ਅਤੇ ਭਾਰ 8-10 ਕਿਲੋਗ੍ਰਾਮ ਦੇ ਕਰੀਬ ਹੁੰਦਾ ਹੈ। ਉਂਜ, ਭਾਰਤ ਵਿੱਚ ‘ਸਵੈਨ’ ਨਹੀਂ ਹੁੰਦੇ, ਇਹ ਸਿਰਫ਼ ਠੰਢੇ ਇਲਾਕਿਆਂ ਵਿੱਚ ਹੀ ਮਿਲਦੇ ਹਨ।

ਮੈਂ ਉਸ ਵਿਦਿਆਰਥਣ ਨੂੰ ਦੱਸਣਾ ਜਾਰੀ ਰੱਖਿਆ ਕਿ ਇਹ ਸ਼ਰਮਾਕਲ ‘ਸਾਵੇ ਹੰਸ’ ਪਾਲਤੂ ਹੰਸਾਂ ਦੇ ਕੱਦ-ਕਾਠ ਦੇ ਹੀ ਹੁੰਦੇ ਹਨ। ਇਨ੍ਹਾਂ ਦੀ ਲੰਬਾਈ 70-75 ਸੈਂਟੀਮੀਟਰ, ਵੱਡੇ ਗੋਲ ਖੰਭਾਂ ਦਾ ਪਸਾਰ 140 ਤੋਂ 160 ਸੈਂਟੀਮੀਟਰ ਅਤੇ ਭਾਰ 1.8 ਤੋਂ 3.2 ਕਿਲੋਗ੍ਰਾਮ ਤਕ ਹੁੰਦਾ ਹੈ। ‘ਸਾਵੇ ਹੰਸਾਂ’ ਦੇ ਸਰੀਰ ਦਾ ਰੰਗ ਦੂਰੋਂ ਪੀਲੀ ਭਾਹ ਵਾਲਾ ਸਲੇਟੀ ਦਿਖਦਾ ਹੈ, ਪਰ ਨੇੜੇ ਹੋ ਕੇ ਦੇਖਣ ਉੱਤੇ ਫਿੱਕੇ ਸਲੇਟੀ ਰੰਗ ਉੱਤੇ ਗੂੜ੍ਹੀਆਂ ਭੂਰੀਆਂ-ਸਲੇਟੀ ਟੁੱਟੀਆਂ-ਭੱਜੀਆਂ ਫਾਂਟਾਂ ਦਾ ਲਹਿਰੀਆ ਜਿਹਾ ਦਿਸਦਾ ਹੈ। ਇਨ੍ਹਾਂ ਦਾ ਸਿਰ ਅਤੇ ਲੰਬੀ ਗਰਦਨ ਚਿੱਟੇ ਰੰਗ ਦੇ ਹੁੰਦੇ ਹਨ। ਸਿਰ ਉੱਤੇ ਘੋੜੇ ਦੀ ਖੁਰੀ ਦੇ ਆਕਾਰ ਦੀਆਂ ਉਂਗਲ ਜਿੱਡੀਆਂ ਮੋਟੀਆਂ ਗੂੜ੍ਹੇ-ਭੂਰੇ ਰੰਗ ਦੀਆਂ ਦੋ ਫਾਂਟਾਂ ਹੁੰਦੀਆਂ ਹਨ। ਇਹ ਫਾਂਟਾਂ ਦੂਰੋਂ ਹੀ ਇਨ੍ਹਾਂ ਦੀ ਸ਼ਨਾਖ਼ਤ ਕਰਨ ਵਿੱਚ ਮਦਦ ਕਰਦੀਆਂ ਹਨ। ਇਨ੍ਹਾਂ ਦੇ ਵੱਡੇ ਖੰਭਾਂ ਦੇ ਸਿਰੇ ਕਾਲੇ ਹੁੰਦੇ ਹਨ। ਚਪਟੀ-ਪੋਲੀ ਸੰਗਤਰੀ ਰੰਗ ਦੀ ਚੁੰਝ ਦੇ ਪਾਸਿਆਂ ਉੱਤੇ ਬਾਰੀਕ ਦੰਦਿਆਂ ਦੀ ਕੰਘੀ ਜਿਹੀ ਬਣੀ ਹੁੰਦੀ ਹੈ। ਸਰੀਰ ਦੇ ਪਿੱਛੇ ਨੂੰ ਕਰਕੇ ਲੱਗੀਆਂ ਮਜ਼ਬੂਤ ਅਤੇ ਖੁਰਦਰੀਆਂ ਲੱਤਾਂ ਅਤੇ ਝਿੱਲੀਦਾਰ ਪੰਜਿਆਂ ਦਾ ਰੰਗ ਸੰਗਤਰੀ ਹੀ ਹੁੰਦਾ ਹੈ।
ਇਸ ਸ਼ਾਂਤ ਸੁਭਾਅ ਦੇ ਚੌਕੰਨੇ ‘ਸਾਵੇ ਹੰਸ’ ਦਾ ਤਕਨੀਕੀ ਨਾਂ ‘ਐਨਸਰ ਇੰਡੀਕਸ’ ਹੈ। ਕੁਸ਼ਲ ਤੈਰਾਕ ਬੱਤਖ਼ਾਂ, ਹੰਸਾਂ ਅਤੇ ਰਾਜ ਹੰਸਾਂ ਦੀਆਂ ਕੋਈ 150 ਜਾਤੀਆਂ ਦੇ ਪਰਿਵਾਰ ਨੂੰ ‘ਐਨਾਟੀਡੇਈ’ ਕਹਿੰਦੇ ਹਨ। ਭਾਰਤ ਵਿੱਚ ਸਰਦੀਆਂ ਕੱਟਣ ਵਾਲੇ ਇਹ ਸਾਵੇ ਹੰਸ ਆਪਣੀਆਂ ਗਰਮੀਆਂ ਤਿੱਬਤ, ਲੱਦਾਖ ਅਤੇ ਮੰਗੋਲੀਆ ਵਿੱਚ ਕੱਟਦੇ ਹਨ। ਆਪਣੇ ਪਰਿਵਾਰ ਵਿੱਚ ਸਭ ਤੋਂ ਉੱਚੀਆਂ ਉਡਾਣਾਂ ਭਰਨ ਵਾਲੇ ਇਹ ਹੰਸ 8,800 ਮੀਟਰ ਦੀ ਉਚਾਈ ’ਤੇ ਉੱਡਦੇ ਹੋਏ ਹਿਮਾਲਿਆ ਪਰਬਤ ਨੂੰ ਪਾਰ ਕਰ ਕੇ ਭਾਰਤ ਆਉਂਦੇ ਹਨ। ਇਹ ਅਗਸਤ ਸਤੰਬਰ ਵਿੱਚ ਝੁੰਡਾਂ ਵਿੱਚ ਇਕੱਠੇ ਹੋਣਾ ਸ਼ੁਰੂ ਕਰ ਦਿੰਦੇ ਹਨ ਜਿਨ੍ਹਾਂ ਨੂੰ ‘ਸਕੀਨਸ’ ਕਹਿੰਦੇ ਹਨ। ਕਈ ਵਾਰ ਤਾਂ ਇੱਕ ਦਿਨ ਵਿੱਚ ਹੀ ਇਹ 1,000 ਕਿਲੋਮੀਟਰ ਦਾ ਪੈਂਡਾ ਤੈਅ ਕਰ ਲੈਂਦੇ ਹਨ ਅਤੇ ਇੱਕ ਹਫ਼ਤੇ ਵਿੱਚ ਹੀ ਆਪਣੇ ਟਿਕਾਣੇ ਉੱਤੇ ਪਹੁੰਚ ਜਾਂਦੇ ਹਨ। ਇਨ੍ਹਾਂ ਦੇ ‘ਸਕੀਨਸ’ ਅੰਗਰੇਜ਼ੀ ਦੇ ‘ਵੀ’ ਅੱਖਰ ਦੇ ਆਕਾਰ ਵਿੱਚ ਹਵਾ ਵਿੱਚ ਲਹਿਰਾਉਂਦੇ ਕਿਸੇ ਰਿਬਨ ਵਾਂਗ ਉੱਡਦੇ ਹਨ। ਉਡਦਿਆਂ ਇਹ ਰਲ ਕੇ ‘ਅੰਗ-ਅੰਗ-ਅੰਗ’ ਦੀਆਂ ਉੱਚੀਆਂ-ਨੀਵੀਂਆਂ ਸੰਗੀਤਮਈ ਧੁਨੀਆਂ ਕੱਢਦੇ ਹਨ। ਭਾਰਤ ਵਿੱਚ ਇਹ ਝੀਲਾਂ, ਦਲਦਲਾਂ, ਛੰਭਾਂ, ਦਰਿਆਵਾਂ ਵਿੱਚ ਵੱਡੇ-ਵੱਡੇ ਝੁੰਡਾਂ ਵਿੱਚ ਇਕੱਠੇ ਹੋ ਕੇ ਤੈਰਦੇ ਹਨ। ਦਿਨ ਵੇਲੇ ਇਹ ਥੋੜ੍ਹੇ ਬਹੁਤੇ ਕੀੜੇ-ਮਕੌੜੇ, ਘੋਗੇ, ਗੰਡੋਏ ਹੀ ਫੜ ਕੇ ਖਾਂਦੇ ਹਨ ਅਤੇ ਬਹੁਤਾ ਸਮਾਂ ਪਾਣੀ ਵਿੱਚ ਬਣੀਆਂ ਰੇਤ ਦੀਆਂ ਟਿੱਬੀਆਂ ਉੱਤੇ ਅਾਰਾਮ ਹੀ ਕਰਦੇ ਹਨ।
ਰਲ-ਮਿਲ ਕੇ ਰਹਿਣ ਵਾਲੇ ਅਤੇ ਬਹੁਤ ਸਮਾਜਿਕ ਪੰਛੀ ਹੋਣ ਕਰਕੇ ਕਦੇ-ਕਦੇ ਥੋੜ੍ਹੀ ਦੇਰ ਲਈ ਕੁਝ ‘ਸਾਵੇ ਹੰਸ’ ਇਕੱਠੇ ਹੋ ਕੇ ਪਾਣੀ ਵਿੱਚ ਤੇਜ਼-ਤੇਜ਼ ਚੁੱਭੀਆਂ ਮਾਰਦੇ, ਆਪਣੇ ਖੰਭ ਪਾਣੀ ’ਤੇ ਮਾਰਦੇ, ਰੌਲਾ ਪਾਉਂਦੇ, ਪਾਣੀ ਨੂੰ ਹਵਾ ਵਿੱਚ ਉਡਾਉਂਦੇ ਗੇੜੇ ਕੱਢਦੇ ਆਪਸ ਵਿੱਚ ਖੇਡਦੇ ਹਨ। ਸ਼ਾਮ ਵੇਲੇ ਇਹ ਇਕੱਠੇ ਹੋ ਕੇ ਉੱਡ ਕੇ ਪਾਣੀ ਦੇ ਸੋਮੇ ਦੇ ਪਾਸਿਆਂ ’ਤੇ ਉੱਗੇ ਕੱਚੇ ਘਾਹ ਦੇ ਮੈਦਾਨਾਂ ਅਤੇ ਛੋਲਿਆਂ, ਚੌਲਾਂ ਅਤੇ ਕਣਕ ਦੇ ਖੇਤਾਂ ਵਿੱਚ ਰਲ ਕੇ ਬੱਕਰੀਆਂ ਵਾਂਗ ਪੱਤੇ ਚੂੰਡਦੇ ਹਨ। ਇਨ੍ਹਾਂ ਦੇ ਇਸ ਤਰ੍ਹਾਂ ਦੇ ਝੁੰਡ ਨੂੰ ‘ਗੈਗਲ’ ਕਹਿੰਦੇ ਹਨ। ਇਹ ਪੱਤੇ ਚੂੰਡਣ ਦਾ ਕੰਮ ਸਾਰੀ ਰਾਤ ਕਰਦੇ ਹਨ।
ਮਾਰਚ ਵਿੱਚ ਉਸੇ ਰਸਤੇ ਤੋਂ ਇਹ ਵਾਪਸੀ ਦਾ ਸਫ਼ਰ ਕਰਦੇ ਹੋਏ ਆਪਣੇ ਗਰਮੀਆਂ ਦੇ ਟਿਕਾਣਿਆਂ ’ਤੇ ਪਹੁੰਚ ਜਾਂਦੇ ਹਨ। ਉੱਥੇ ਵੱਡੀਆਂ ਝੀਲਾਂ ਦੇ ਪਾਸਿਆਂ ਦੇ 5,000 ਮੀਟਰ ਤੋਂ ਉੱਚੇ ਪਹਾੜਾਂ ਦੀਆਂ ਚੱਟਾਨਾਂ ਉੱਤੇ ਜਿੱਥੇ ਵੀ ਇਨ੍ਹਾਂ ਨੂੰ ਛੋਟਾ ਜਿਹਾ ਟੋਆ ਦਿਸ ਪਵੇ ਉਸ ਨੂੰ ਆਪਣੀ ਛਾਤੀ ਦੇ ਖੰਭਾਂ ਨਾਲ ਪੋਲਾ ਕਰ ਕੇ ਆਪਣਾ ਆਲ੍ਹਣਾ ਬਣਾਉਂਦੇ ਹਨ। ਭਾਈਚਾਰੇ ਵਾਲੇ ਸੁਭਾਅ ਮੁਤਾਬਿਕ ਕਈ ਵਾਰ ਇੱਕੋੋ ਵੱਡੀ ਚੱਟਾਨ ਉੱਤੇ ਇਨ੍ਹਾਂ ਦੇ 1,000 ਤਕ ਆਲ੍ਹਣੇ ਹੁੰਦੇ ਹਨ। ਮਾਦਾ ਅਾਪਣੇ ਆਲ੍ਹਣੇ ਵਿੱਚ 4 ਤੋਂ 6 ਦੁੱਧ ਚਿੱਟੇ ਅੰਡੇ ਦਿੰਦੀ ਹੈ ਅਤੇ ਉਨ੍ਹਾਂ ਨੂੰ 27 ਤੋਂ 30 ਦਿਨ ਸੇਕ ਕੇ ਚੂਚੇ ਕੱਢ ਲੈਂਦੀ ਹੈ। ਇਨ੍ਹਾਂ ਦੇ ਚੂਚਿਆਂ ਨੂੰ ‘ਗੂਜ਼ਲਿੰਗ’ ਆਖਦੇ ਹਨ। ‘ਗੂਜ਼ਲਿੰਗਜ਼’ ਦਾ ਸਰੀਰ ਪੋਲੇ-ਪੋਲੇ ਅਤੇ ਛੋਟੇ-ਛੋਟੇ ਸਲੇਟੀ-ਭੂਰੇ ਤੇ ਪੀਲੇ ਰੰਗ ਦੇ ਖੰਭਾਂ ਨਾਲ ਪੂਰੀ ਤਰ੍ਹਾਂ ਢੱਕਿਆ ਹੁੰਦਾ ਹੈ। ਉਨ੍ਹਾਂ ਦਾ ਭਾਰ 140 ਗ੍ਰਾਮ ਦੇ ਨੇੜੇ-ਤੇੜੇ ਹੁੰਦਾ ਹੈ। ਨਰ ਅਤੇ ਮਾਦਾ ਰਲ ਕੇ ਚੂਚੇ ਪਾਲਦੇ ਹਨ ਅਤੇ ਤੀਹ ਦਿਨਾਂ ਵਿੱਚ ਚੂਚੇ ਉੱਡਣ ਦੇ ਕਾਬਿਲ ਹੋ ਜਾਂਦੇ ਹਨ। ਜਵਾਨ ਬੱਚਿਆਂ ਦੇ ਸਿਰਾਂ ਉੱਤੇ ਘੋੜੇ ਦੀ ਖੁਰੀ ਵਰਗੇ ਗੂੜ੍ਹੇ ਨਿਸ਼ਾਨ ਨਹੀਂ ਹੁੰਦੇ ਅਤੇ ਉਹ ਪ੍ਰੋੜ੍ਹ ਬਣਟ ਵਿੱਚ ਦੋੋ ਤੋਂ ਤਿੰਨ ਸਾਲ ਲੈ ਲੈਂਦੇ ਹਨ। ਬੱਚੇ ਕੱਢਣ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਤੋਂ ਵਿਹਲੇ ਹੋ ਕੇ ਥੋੜ੍ਹੇ ਦਿਨਾਂ ਵਿੱਚ ਹੀ ‘ਸਾਵੇ ਹੰਸ’ ਆਪਣੇ ਸਾਰੇ ਖੰਭ ਸੁੱਟ ਦਿੰਦੇ ਹਨ ਅਤੇ ਨਵੇਂ ਉਗਾ ਲੈਂਦੇ ਹਨ।
ਕਈ ਇਨਸਾਨਾਂ ਦੀ ਨਜ਼ਰ ਇਨ੍ਹਾਂ ਦੇ ਮੀਟ ਅਤੇ ਖੰਭਾਂ ਉੱਤੇ ਸਦਾ ਹੀ ਰਹੀ ਹੈ। ਉਹ ਇਨ੍ਹਾਂ ਦੇ ਖੰਭਾਂ ਨੂੰ ਸਿਰਹਾਣਿਆਂ, ਗੱਦਿਆਂ ਅਤੇ ਰਜਾਈਆਂ ਵਿੱਚ ਵਰਤਦੇ ਹਨ। ਇਸੇ ਲਈ ਜਦੋਂ ਸਾਵੇ ਹੰਸ ਆਪਣੇ ਲੰਬੇ ਪੈਂਡੇ ਉੱਤੇ ਹੁੰਦੇ ਹਨ ਤਾਂ ਇਨਸਾਨ ਵੀ ਇਨ੍ਹਾਂ ਨਾਲ ਪੂਰਾ ਵੈਰ ਕਮਾਉਂਦੇ ਹਨ। ਕਈ ਥਾਵਾਂ ਉੱਤੇ ਕਿਸਾਨ ਆਪਣੀਆਂ ਫ਼ਸਲਾਂ ਬਚਾਉਣ ਦੇ ਚੱਕਰ ਵਿੱਚ ਇਨ੍ਹਾਂ ਨੂੰ ਜ਼ਹਿਰ ਦੇ ਕੇ ਮਾਰਦੇ ਵੀ ਹਨ।
ਮੇਰੀਆਂ ਗੱਲਾਂ ਸੁਣ ਰਹੀ ਵਿਦਿਆਰਥਣ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਅਤੇ ਉਹ ਕਹਿੰਦੀ, ‘‘ਮੈਡਮ, ਕਿੰਨਾ ਚੰਗਾ ਹੋਵੇ ਜੇ ਇਨਸਾਨ ਦੂਸਰੇ ਜੀਵਾਂ ਨੂੰ ਜਿਊਣ ਦੇਵੇ ਅਤੇ ਆਪ ਵੀ ਜੀਵੇ।’

– ਪੁਸ਼ਪਿੰਦਰ ਜੈ ਰੂਪ’

Facebook Comment
Project by : XtremeStudioz