Close
Menu

ਸਿੱਧੂ ਪੰਥ ਦਾ ਗੱਦਾਰ ਹੈ, ਉਹ ਸਿਰਫ ਆਪਣਾ ਫਾਇਦਾ ਵੇਖਦਾ ਹੈ: ਮਜੀਠੀਆ

-- 17 May,2019

ਚੰਡੀਗੜ੍ਹ/17 ਮਈ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਸੋਨੀਆ ਗਾਂਧੀ ਨੂੰ ‘ਮੁੰਨੀ’ ਅਤੇ ਰਾਹੁਲ ਗਾਂਧੀ  ਨੂੰ ‘ਪੱਪੂ’ ਕਹਿੰਦਾ ਹੁੰਦਾ ਸੀ ਅਤੇ ਹੁਣ ਆਪਣੇ ਸਿਆਸੀ ਫਾਇਦੇ ਲਈ ਉਹਨਾਂ ਦਾ ਖੁਸ਼ਾਮਦੀ ਬਣਿਆ ਹੋਇਆ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਮਜੀਠੀਆ ਨੂੰ ਸਭ ਤੋਂ ਬੇਈਮਾਨ ਵਿਅਕਤੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕੋਈ ਵੀ ਅਣਖ ਵਾਲਾ ਸਿੱਖ ਸੋਨੀਆ ਅਤੇ ਰਾਹੁਲ ਦੇ ਇਸ਼ਾਰਿਆਂ ਉਤੇ ਨੱਚਣਾ ਪਸੰਦ ਨਹੀਂ ਕਰੇਗਾ, ਜਿਹਨਾਂ ਨੇ ਸਿੱਖ ਧਰਮ ਦੀ ਸਭ ਤੋਂ ਵੱਡੀ ਬੇਅਦਬੀ ਕੀਤੀ ਹੈ। ਸਿੱਧੂ ਨੇ ਮੰਤਰੀ ਦਾ ਅਹੁਦਾ ਲੈਣ ਵਾਸਤੇ ਆਪਣੀ ਜ਼ਮੀਰ ਵੇਚ ਦਿੱਤੀ ਹੈ ਅਤੇ ਹੁਣ ਉਹ ਆਪਣੇ ਆਕਾਵਾਂ (ਸੋਨੀਆ ਅਤੇ ਰਾਹੁਲ) ਦੇ ਇਸ਼ਾਰੇ ਉੱਤੇ ਕੁੱਝ ਵੀ ਕਰਨ ਲਈ ਤਿਆਰ ਰਹਿੰਦਾ ਹੈ।

ਸਰਦਾਰ ਮਜੀਠੀਆ ਨੇ ਸਿੱਧੂ ਉਤੇ ਸਿੱਖਾਂ ਅਤੇ ਪੰਜਾਬ ਦੇ ਸਭ ਤੋਂ ਵੱਡੀ ਦੁਸ਼ਮਣ ਗਾਂਧੀ ਪਰਿਵਾਰ ਦੇ ਪੈਰਾਂ ਵਿਚ ਡਿੱਗਣ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ ਇਸ ਪਰਿਵਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਸੀ, ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ ਸੀ ਅਤੇ ਦਿੱਲੀ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੀ ਸਾਜ਼ਿਸ਼ ਰਚੀ ਸੀ। ਇੰਨਾ ਹੀ ਇਸ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਵਜ਼ੀਰੀਆਂ ਨਾਲ ਨਿਵਾਜਿਆ ਸੀ।

ਉਹਨਾਂ ਕਿਹਾ ਕਿ ਕੋਈ ਵੀ ਗੈਰਤਮੰਦ ਸਿੱਖ ਗਾਂਧੀ ਪਰਿਵਾਰ ਦੀ ਚਮਚਾਗਿਰੀ ਨਹੀਂ ਕਰੇਗਾ, ਪਰ ਸਿੱਧੂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਜਨਤਕ ਤੌਰ ਤੇ ਇਹ ਗੱਲ ਕਹਿ ਚੁੱਕਿਆ ਹੈ ਕਿ ਨਵਜੋਤ ਕੌਰ ਸਿੱਧੂ ਨੂੰ ਬਠਿੰਡਾ ਤੋਂ ਟਿਕਟ ਦੀ ਪੇਸ਼ਕਸ਼ ਕੀਤੀ ਗਈ ਸੀ।  ਉਹਨਾਂ ਕਿਹਾ ਕਿ ਅਕਾਲੀ ਉਮੀਦਵਾਰ ਦਾ ਸਾਹਮਣਾ ਕਰਨ ਤੋਂ ਡਰਦੀ ਸਿੱਧੂ ਜੋੜੀ ਦੇ ਹੱਥ-ਪੈਰ ਠੰਡੇ ਪੈ ਗਏ।  ਉਹਨਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਬਠਿੰਡਾ ਲਈ ਕੁੱਝ ਵੀ ਨਹੀਂ ਕੀਤਾ ਹੈ। ਉਹ ਕੋਈ ਇੱਕ ਪ੍ਰਾਜੈਕਟ ਗਿਣਾਵੇ, ਜਿਹੜਾ ਉਹ ਬਠਿੰਡਾ ਵਿਚ ਲੈ ਕੇ ਆਇਆ ਹੈ। ਫਿਰ ਉਹ ਕਿਹੜੇ ਮੂੰਹ ਨਾਲ ਬਠਿੰਡਾ ਵਾਸੀਆਂ ਤੋਂ ਵੋਟਾਂ ਮੰਗ ਰਿਹਾ ਹੈ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਿੱਧੂ ਨੂੰ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਤੋਂ ਲਾਂਭੇ ਰੱਖਿਆ ਗਿਆ ਸੀ ਅਤੇ ਉਹ ਬਠਿੰਡਾ ਵਿਚ ਵੀ ਸਿਰਫ ਗਾਂਧੀ ਪਰਿਵਾਰ ਦੀ ਖੁਸ਼ਾਮਦ ਕਰਨ ਵਾਸਤੇ ਆਇਆ ਸੀ।  ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸਿੱਧੂ ਨੂੰ ਪੰਜਾਬ ਵਿਚ ਖੂੰਜੇ ਲਾ ਰੱਖਿਆ ਹੈ।ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚ ਸਿੱਧੂ ਨੂੰ ਕਿਸੇ ਇੱਕ ਹਲਕੇ ਅੰਦਰ ਵੀ ਚੋਣ ਪ੍ਰਚਾਰ ਲਈ ਸੱਦਿਆ ਗਿਆ, ਕਿਉਂਕਿ ਕਾਂਗਰਸੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਕੋਈ ਵੀ ਸਮਝਦਾਰ ਵੋਟਰ ਸਿੱਧੂ ਨੂੰ ਗੰਭੀਰਤਾ ਨਾਲ ਲਵੇਗਾ।

Facebook Comment
Project by : XtremeStudioz