Close
Menu

ਸੁਰੱਖਿਆ ਏਜੰਸੀਆਂ ਨੇ ਰਾਜਨਾਥ ਨੂੰ ਸੜਕੀ ਸਫ਼ਰ ਤੋਂ ਰੋਕਿਆ

-- 17 May,2019

ਪਟਿਆਲਾ, 17 ਮਈ
ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਕੌਮੀ ਆਗੂ ਰਾਜਨਾਥ ਸਿੰਘ ਨੂੰ ਚੰਡੀਗੜ੍ਹ ਤੋਂ ਪਟਿਆਲਾ ਸੜਕੀ ਰਸਤੇ ਜਾਣ ਦੀ ਅੱਜ ਸੁਰੱਖਿਆ ਏਜੰਸੀਆਂ ਵੱਲੋਂ ਮਨਜ਼ੂਰੀ ਨਾ ਦਿੱਤੇ ਜਾਣ ਕਾਰਨ ਉਹ ਪਟਿਆਲਾ ’ਚ ਅਕਾਲੀ-ਭਾਜਪਾ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ’ਚ ਕੀਤੀ ਜਾਣ ਵਾਲੀ ਚੋਣ ਰੈਲੀ ’ਚ ਸ਼ਿਰਕਤ ਨਾ ਕਰ ਸਕੇ| ਉਂਜ ਉਨ੍ਹਾਂ ਆਡੀਓ ਕਾਨਫਰੰਸ ਰਾਹੀਂ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ’ਚ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਅੱਜ ਪਟਿਆਲਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਬਾਅਦ ਦੁਪਹਿਰ 4.10 ਵਜੇ ਆਉਣ ਦਾ ਪ੍ਰੋਗਰਾਮ ਸੀ, ਪਰ ਉਹ ਜਦੋਂ ਦੁਆਬੇ ’ਚ ਇੱਕ ਰੈਲੀ ਕਰਨ ਮਗਰੋਂ ਅਗਲੀ ਰੈਲੀ ਲਈ ਸੰਗਰੂਰ ਵੱਲ ਆਪਣੇ ਹੈਲੀਕਾਪਟਰ ਰਾਹੀਂ ਉਡਾਣ ਭਰ ਰਹੇ ਸਨ ਤਾਂ ਅਚਾਨਕ ਤਕਨੀਕੀ ਨੁਕਸ ਕਰਕੇ ਹੈਲੀਕਾਪਟਰ ਨੂੰ ਚੰਡੀਗੜ੍ਹ ਉਤਾਰਨਾ ਪਿਆ| ਇੱਥੋਂ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਸੜਕ ਰਾਹੀਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ| ਇਸ ਕਾਰਨ ਉਹ ਬਦਲਵੇਂ ਜਹਾਜ਼ ਰਾਹੀਂ ਦਿੱਲੀ ਨੂੰ ਪਰਤ ਗਏ|
ਭਾਜਪਾ ਦੇ ਪ੍ਰਦੇਸ਼ ਆਗੂ ਤੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਦੱਸਿਆ ਕਿ ਰਾਜਨਾਥ ਸਿੰਘ ਪਟਿਆਲਾ ਆਉਣ ਦੇ ਪ੍ਰਬੰਧ ਕਰਨ ਲਈ ਕਰੀਬ ਇੱਕ ਘੰਟਾ ਚੰਡੀਗੜ੍ਹ ਹਵਾਈ ਅੱਡੇ ’ਤੇ ਰੁਕੇ ਰਹੇ। ਉਨ੍ਹਾਂ ਪਟਿਆਲਾ ਪੁੱਜਣ ਲਈ ਸੜਕ ਮਾਰਗ ਰਾਹੀਂ ਜਾਣ ਦਾ ਸੁਝਾਅ ਵੀ ਆਪਣੇ ਨਿੱਜੀ ਅਮਲੇ ਨਾਲ ਸਾਂਝਾ ਕੀਤਾ, ਪਰ ਜਦੋਂ ਮਾਮਲਾ ਸੁਰੱਖਿਆ ਏਜੰਸੀਆਂ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਸੁਰੱਖਿਆ ਏਜੰਸੀਆਂ ਨੇ ਖੜ੍ਹੇ ਪੈਰੀਂ ਸੜਕੀ ਰਸਤੇ ਦੀ ਪ੍ਰਵਾਨਗੀ ਦੇਣ ਤੋਂ ਹਿਚਕਾਹਟ ਕੀਤੀ| ਸ੍ਰੀ ਢਿੱਲੋਂ ਨੇ ਦੱਸਿਆ ਕਿ ਇਸ ਮਗਰੋਂ ਰਾਜਨਾਥ ਸਿੰਘ ਨੇ ਆਡੀਓ ਕਾਨਫਰੰਸ ਰਾਹੀਂ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਕੈਪਟਨ ਸਰਕਾਰ ’ਤੇ ਜਿੱਥੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਗਾਏ ਉਥੇ ਬਾਦਲ ਸਰਕਾਰ ਵੇਲੇ ਦੇ ਵਿਕਾਸ ਕਾਰਜਾਂ ਦਾ ਗੁਣਗਾਣ ਕੀਤਾ|

Facebook Comment
Project by : XtremeStudioz