Close
Menu

ਸੰਗਮ ਵਿੱਚ ਡੁਬਕੀ ਨਾਲ ਪਾਪ ਨਹੀਂ ਧੋਤੇ ਜਾਣੇ: ਮਾਇਆਵਤੀ

-- 26 February,2019

ਲਖਨਊ, 26 ਫਰਵਰੀ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸੱਜਰਾ ਹੱਲਾ ਬੋਲਦਿਆਂ ਕਿਹਾ ਕਿ ਉਹ ਸੰਗਮ ਵਿੱਚ ਜਿੰਨੀਆਂ ਮਰਜ਼ੀ ਡੁਬਕੀਆਂ ਮਾਰ ਲੈਣ ਪਰ ਇਸ ਨਾਲ ਉਨ੍ਹਾਂ ਦੇ ਪਾਪ ਨਹੀਂ ਧੋਤੇ ਜਾਣਗੇ। ਬਸਪਾ ਮੁਖੀ ਨੇ ਟਵੀਟ ਕਰਦਿਆਂ ਕਿਹਾ ਕਿ ਭਾਜਪਾ ਨੇ ਨੋਟਬੰਦੀ ਤੇ ਜੀਐਸਟੀ ਨਾਲ ਲੋਕਾਂ ਦਾ ਜਿਹੜਾ ਜਿਊਣਾ ਦੁਸ਼ਵਾਰ ਕੀਤਾ ਸੀ, ਉਸ ਨੂੰ ਲੋਕ ਕਦੇ ਨਹੀਂ ਭੁੱਲਣਗੇ। ਕੇਂਦਰ ਦੀ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਨੂੰ ਭੰਡਦਿਆਂ ਬਸਪਾ ਸੁਪਰੀਮੋ ਨੇ ਕਿਹਾ ਕਿ 500 ਰੁਪਏ ਮਹੀਨਾ ਕਿਰਤੀਆਂ ਲਈ ਤਾਂ ਹਿਤਕਾਰੀ ਹੋ ਸਕਦਾ ਹੈ, ਪਰ ਕਿਸਾਨਾਂ ਲਈ ਨਹੀਂ, ਜਿਨ੍ਹਾਂ ਨੂੰ ਆਪਣੀਆਂ ਫਸਲਾਂ ਲਈ ਲਾਹੇਵੰਦੇ ਭਾਅ ਦੀ ਦਰਕਾਰ ਹੈ। ਸ੍ਰੀ ਮੋਦੀ ਨੇ ਲੰਘੇ ਦਿਨ ਅਲਾਹਾਬਾਦ ਵਿੱਚ ਗੰਗਾ, ਯਮੁਨਾ ਤੇ ਸਰਸਵਤੀ ਨਦੀਆਂ ਦੇ ਸੰਗਮ ਵਾਲੀ ਥਾਂ ਡੁੱਬਕੀ ਲਾਉਣ ਮਗਰੋਂ ਸਫ਼ਾਈ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਸੀ।
ਇਸ ਦੌਰਾਨ ਬਸਪਾ ਤੇ ਸਪਾ ਨੇ ਅੱਜ ਐਲਾਨ ਕੀਤਾ ਕਿ ਦੋਵੇਂ ਪਾਰਟੀਆਂ ਮੱਧ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਆਗਾਮੀ ਲੋਕ ਸਭਾ ਚੋਣਾਂ ਮਿਲ ਕੇ ਲੜਨਗੇ। ਇਸ ਚੋਣ ਗੱਠਜੋੜ ਤਹਿਤ ਸਮਾਜਵਾਦੀ ਪਾਰਟੀ ਜਿੱਥੇ ਮੱਧ ਪ੍ਰਦੇਸ਼ ਦੀਆਂ ਤਿੰਨ ਸੀਟਾਂ- ਬਾਲਾਘਾਟ, ਟੀਕਮਗੜ੍ਹ ਤੇ ਖਜੁਰਾਹੋ ਅਤੇ ਉੱਤਰਾਖੰਡ ਦੀ ਇਕ ਸੀਟ ਗੜਵਾਲ (ਪੌੜੀ) ਤੋਂ ਚੋਣ ਲੜੇਗੀ, ਉਥੇ ਬਸਪਾ ਬਾਕੀ ਰਹਿੰਦੀਆਂ ਸਾਰੀ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਮੱਧ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਲੋਕ ਸਭਾ ਦੀਆਂ ਕ੍ਰਮਵਾਰ 29 ਤੇ 5 ਸੀਟਾਂ ਹਨ। ਕਾਬਿਲੇਗੌਰ ਹੈ ਕਿ ਉੱਤਰਾਖੰਡ ਤੇ ਮੱਧਪ੍ਰਦੇਸ਼ ਵਿੱਚ ਚੋਣ ਗੱਠਜੋੜ ਕੀਤੇ ਜਾਣ ਤੋਂ ਪਹਿਲਾਂ ਬਸਪਾ ਤੇ ਸਪਾ ਉੱਤਰ ਪ੍ਰਦੇਸ਼ ਵਿੱਚ ਵੀ ਮਿਲ ਕੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਹਨ।

Facebook Comment
Project by : XtremeStudioz