Close
Menu

ਸੱਚ-ਝੂਠ ਦੀ ਪਰਖ

-- 27 August,2015

ਇਹ ਕਹਾਣੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੀ ਹੈ, ਜੋ ਕਿ ਉਸ ਮਹਾਨ ਰਾਜੇ ਦੇ ਇਨਸਾਫ ਕਰਨ ਦੇ ਮਨਮੋਹਕ ਅੰਦਾਜ਼ ਦੀ ਲਾਮਿਸਾਲ ਮਿਸਾਲ ਪੇਸ਼ ਕਰਦੀ ਹੈ | ਇਸ ਕਹਾਣੀ ਮੁਤਾਬਿਕ ਲਾਹੌਰ ਦੇ ਨੇੜੇ ਇਕ ਕਸਬੇ ਵਿਚ ਇਕ ਹਲਵਾਈ ਦੀ ਦੁਕਾਨ ਸੀ | ਉਸ ਦੀਆਂ ਮਠਿਆਈਆਂ ਆਪਣੇ ਲਾਜਵਾਬ ਸੁਆਦ ਕਰਕੇ ਲੋਕਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਸਨ | ਲੋਕੀਂ ਦੂਰੋਂ-ਦੂਰੋਂ ਵਿਸ਼ੇਸ਼ ਤੌਰ ‘ਤੇ ਮਠਿਆਈ ਖਰੀਦਣ ਲਈ ਆਇਆ ਕਰਦੇ ਸਨ, ਜਿਸ ਕਰਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਬਹੁਤ ਸਾਰੇ ਰੁਪਏ ਵੱਟ ਲੈਂਦਾ | ਜਿੰਨੀ ਕਮਾਈ ਹੁੰਦੀ, ਉਹ ਥੈਲੀ ਭਰ ਕੇ ਸ਼ਾਮ ਨੂੰ ਘਰ ਲੈ ਜਾਂਦਾ |
ਇਕ ਦਿਨ ਜਦੋਂ ਹਲਵਾਈ ਸਵੇਰੇ-ਸਵੇਰੇ ਆਪਣੀ ਦੁਕਾਨ ਖੋਲ੍ਹਣ ਗਿਆ ਤਾਂ ਉਸ ਨੇ ਦੇਖਿਆ ਕਿ ਦੋ ਫਕੀਰ ਆ ਕੇ ਦੁਕਾਨ ਦੇ ਅੱਗੇ ਬੈਠੇ ਹੋਏ ਹਨ | ਦੁਕਾਨ ਖੁੱਲ੍ਹਣ ਸਾਰ ਉਨ੍ਹਾਂ ਸਾਧੂਆਂ ਨੇ ਹਲਵਾਈ ਤੋਂ ਮਠਿਆਈ ਖਰੀਦੀ ਅਤੇ ਹੌਲੀ-ਹੌਲੀ ਬਹਿ ਕੇ ਖਾਣ ਲੱਗੇ | ਉਨ੍ਹਾਂ ਦੋਵਾਂ ਦਾ ਧਿਆਨ ਦੁਕਾਨ ਤੋਂ ਮਠਿਆਈ ਖਰੀਦਣ ਆਉਂਦੇ ਗਾਹਕਾਂ ਵੱਲ ਲੱਗਾ ਰਿਹਾ | ਉਹ ਦੋਵੇਂ ਆਪਣੇ ਮਨ ਵਿਚ ਹਿਸਾਬ ਲਗਾਉਂਦੇ ਰਹੇ ਕਿ ਕਿਹੜੇ-ਕਿਹੜੇ ਗਾਹਕ ਨੇ ਕਿੰਨੇ-ਕਿੰਨੇ ਪੈਸਿਆਂ ਦੀ ਮਠਿਆਈ ਖਰੀਦੀ ਹੈ | ਇਸ ਤਰ੍ਹਾਂ ਉਹ ਲਗਾਤਾਰ ਹਲਵਾਈ ਤੋਂ ਮਠਿਆਈ ਖਰੀਦ ਕੇ ਖਾਂਦੇ ਰਹੇ ਅਤੇ ਹਲਵਾਈ ਨੂੰ ਹੋਣ ਵਾਲੀ ਕਮਾਈ ਦਾ ਹਿਸਾਬ ਲਗਾਉਂਦੇ ਰਹੇ | ਹਲਵਾਈ ਆਪਣੇ ਕੰਮ ਵਿਚ ਏਨਾ ਰੁੱਝਿਆ ਰਿਹਾ ਕਿ ਉਸ ਨੂੰ ਧਿਆਨ ਹੀ ਨਾ ਰਿਹਾ ਕਿ ਦੋਵੇਂ ਸਾਧੂ ਉਥੇ ਬੈਠੇ ਕੀ ਕਰ ਰਹੇ ਹਨ |
ਹਨੇਰਾ ਪੈਂਦਿਆਂ ਹੀ ਹਲਵਾਈ ਨੇ ਬਿਨਾਂ ਥੈਲੀ ਦੇ ਪੈਸੇ ਗਿਣਿਆਂ ਥੈਲੀ ਸਾਂਭੀ ਅਤੇ ਦੁਕਾਨ ਬੰਦ ਕਰਕੇ ਘਰ ਨੂੰ ਤੁਰ ਪਿਆ | ਉਹ ਸਾਧੂ ਜੋ ਸਾਰੀ ਦਿਹਾੜੀ ਹਲਵਾਈ ਵੱਲੋਂ ਵੱਟੇ ਜਾਣ ਵਾਲੇ ਰੁਪਏ ਗਿਣਦੇ ਰਹੇ ਸਨ, ਨੂੰ ਪਤਾ ਸੀ ਕਿ ਥੈਲੀ ਵਿਚ ਕਿੰਨੇ ਰੁਪਏ ਹਨ | ਉਹ ਦੋਵੇਂ ਸਾਧੂ ਅਸਲ ਵਿਚ ਠੱਗ ਸਨ, ਜੋ ਹਲਵਾਈ ਤੋਂ ਉਸ ਦੀ ਦਿਨ ਭਰ ਦੀ ਕਮਾਈ ਵਾਲੀ ਥੈਲੀ ਲੁੱਟਣਾ ਚਾਹੁੰਦੇ ਸਨ | ਇਸ ਮੰਦੀ ਨੀਅਤ ਨਾਲ ਸਾਧੂ ਬਣੇ ਠੱਗ ਹਲਵਾਈ ਦਾ ਪਿੱਛਾ ਕਰਨ ਲੱਗੇ | ਅੰਤ ਵਿਚ ਉਨ੍ਹਾਂ ਪਿੱਛਿਓਾ ਜਾਂਦੇ ਹਲਵਾਈ ਦੀ ਥੈਲੀ ਨੂੰ ਇਹ ਕਹਿ ਕੇ ਹੱਥ ਪਾਉਣਾ ਚਾਹਿਆ ਕਿ ਇਹ ਥੈਲੀ ਉਨ੍ਹਾਂ ਦੀ ਹੈ | ਹਲਵਾਈ ਉਨ੍ਹਾਂ ਦੀ ਇਹ ਗੱਲ ਸੁਣ ਕੇ ਹੱਕਾ-ਬੱਕਾ ਰਹਿ ਗਿਆ | ਹਲਵਾਈ ਅਤੇ ਠੱਗਾਂ ਦਰਮਿਆਨ ਥੈਲੀ ਨੂੰ ਲੈ ਕੇ ਬਹਿਸ ਅਤੇ ਹੱਥੋਪਾਈ ਹੋਣ ਲੱਗੀ | ਅੰਤ ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਲੜਾਈ ਦਾ ਕਾਰਨ ਪੁੱਛਿਆ | ਠੱਗਾਂ ਨੇ ਕਿਹਾ ਕਿ ਇਹ ਥੈਲੀ ਉਨ੍ਹਾਂ ਦੀ ਹੈ | ਹਲਵਾਈ ਕਹਿੰਦਾ ਕਿ ਉਸ ਦੀ ਹੈ | ਜਦੋਂ ਕੋਈ ਫੈਸਲਾ ਨਾ ਹੋਇਆ ਤਾਂ ਲੋਕ ਤਿੰਨਾਂ ਨੂੰ ਫੜ ਕੇ ਪਿੰਡ ਦੇ ਇਕ ਪੰਚ ਕੋਲ ਲੈ ਗਏ | ਪੰਚ ਨੇ ਸਾਰੀ ਗੱਲ ਸੁਣੀ ਤਾਂ ਉਸ ਨੇ ਫੈਸਲਾ ਕੀਤਾ ਕਿ ਇਹ ਫੈਸਲਾ ਕਰਾਉਣਾ ਉਸ ਦੇ ਵੱਸ ਦੀ ਗੱਲ ਨਹੀਂ, ਕਿਉਂ ਨਾ ਇਹ ਮਾਮਲਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ‘ਚ ਲਿਜਾਇਆ ਜਾਵੇ?
ਅਗਲੇ ਦਿਨ ਪੰਚ ਤਿੰਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਲੈ ਗਿਆ | ਮਹਾਰਾਜੇ ਦੇ ਸਨਮੁਖ ਜਾ ਕੇ ਪਹਿਲਾਂ ਹਲਵਾਈ ਨੇ ਆਪਣਾ ਪੱਖ ਰੱਖਿਆ ਅਤੇ ਕਿਹਾ ਕਿ ਇਹ ਥੈਲੀ ਉਸ ਦੀ ਦਿਨ ਭਰ ਦੀ ਕਮਾਈ ਨਾਲ ਭਰੀ ਹੋਈ ਹੈ | ਇਸ ਵਿਚ ਕਿੰਨੇ ਰੁਪਏ ਹਨ, ਉਹ ਘਰ ਜਾਣ ਦੀ ਕਾਹਲੀ ਵਿਚ ਗਿਣ ਨਹੀਂ ਸਕਿਆ | ਦੋਵੇਂ ਠੱਗ ਆਪਣਾ ਪੱਖ ਰੱਖਦੇ ਹੋਏ ਬੋਲੇ, ‘ਮਹਾਰਾਜ, ਅਗਰ ਇਹ ਥੈਲੀ ਇਸ ਦੀ ਹੈ ਤਾਂ ਇਹ ਦੱਸੇ ਕਿ ਇਸ ਵਿਚ ਕਿੰਨੇ ਰੁਪਏ ਹਨ?’ ਇਹ ਸੁਣ ਕੇ ਮਹਾਰਾਜੇ ਨੇ ਪਹਿਲਾਂ ਇਕ ਸੇਵਕ ਨੂੰ ਕਿਹਾ ਕਿ ਉਹ ਥੈਲੀ ਦੇ ਰੁਪਏ ਗਿਣੇ | ਜਦੋਂ ਸੇਵਕ ਨੇ ਉਨ੍ਹਾਂ ਨੂੰ ਦੱਸਿਆ ਕਿ ‘ਥੈਲੀ ਵਿਚ ਜੋ ਰੁਪਏ ਹਨ, ਉਹ ਓਨੇ ਹੀ ਹਨ ਜਿੰਨੇ ਉਹ ਦੋਵੇਂ ਸਾਧੂ ਕਹਿੰਦੇ ਹਨ’, ਤਾਂ ਮਹਾਰਾਜੇ ਨੇ ਪੂਰੇ ਰੋਹਬ ਨਾਲ ਹਲਵਾਈ ਨੂੰ ਸੱਚ ਬੋਲਣ ਲਈ ਕਿਹਾ | ਹਲਵਾਈ ਹੱਥ ਜੋੜ ਕੇ ਬੋਲਿਆ ਕਿ ‘ਹਜ਼ੂਰ, ਮੈਂ ਮਠਿਆਈਆਂ ਤਲ ਕੇ ਵੇਚਦਾ ਹਾਂ | ਇਸ ਕਰਕੇ ਇਸ ਥੈਲੀ ਵਿਚ ਉਸ ਦੀ ਦਿਨ ਭਰ ਦੀ ਮਿਹਨਤ ਦੀ ਕਮਾਈ ਹੈ |’ ਫਿਰ ਉਹ ਠੱਗਾਂ ਵੱਲ ਗਹੁ ਨਾਲ ਤੱਕ ਕੇ ਪੁੱਛਣ ਲੱਗੇ ਕਿ ਉਹ ਦੋਵੇਂ ਕੀ ਕੰਮ ਕਰਦੇ ਹਨ? ਇਹ ਸਵਾਲ ਸੁਣ ਕੇ ਉਹ ਘਬਰਾ ਗਏ ਅਤੇ ਕੰਬਦੀ ਜ਼ਬਾਨ ਨਾਲ ਬੋਲੇ ਕਿ ਉਹ ਫਲ-ਸਬਜ਼ੀਆਂ ਵੇਚ ਕੇ ਗੁਜ਼ਾਰਾ ਕਰਦੇ ਹਨ | ਇਸ ਕਰਕੇ ਇਸ ਥੈਲੀ ਵਿਚ ਉਨ੍ਹਾਂ ਦੀ ਦਿਨ ਭਰ ਦੀ ਕਮਾਈ ਹੈ | ਮਹਾਰਾਜੇ ਨੇ ਕੁਝ ਸੋਚ ਕੇ ਇਕ ਸੇਵਕ ਤੋਂ ਗਰਮ ਪਾਣੀ ਦਾ ਪਤੀਲਾ ਮੰਗਵਾ ਕੇ ਸਾਰੇ ਚਾਂਦੀ ਦੇ ਰੁਪਏ ਉਸ ਵਿਚ ਪਾ ਦਿੱਤੇ | ਇਹ ਦੇਖ ਕੇ ਸਾਰੇ ਹੈਰਾਨ ਸਨ | ਮਹਾਰਾਜੇ ਨੇ ਦੇਖਿਆ ਕਿ ਪਤੀਲੇ ਵਿਚ ਘੁਲੇ ਰੁਪਿਆਂ ਤੋਂ ਲਹਿ ਕੇ ਘਿਓ ਦਾ ਅਸਰ ਪਾਣੀ ‘ਤੇ ਤੈਰ ਰਿਹਾ ਸੀ | ਇਸ ਦੇ ਨਾਲ ਹੀ ਥੈਲੀ ਦੇ ਖੁੱਲ੍ਹਣ ਕਰਕੇ ਵਾਤਾਵਰਨ ਵਿਚ ਮਠਿਆਈ ਦੀ ਮਹਿਕ ਵੀ ਘੁਲ ਗਈ | ਮਹਾਰਾਜੇ ਨੇ ਸੱਚ-ਝੂਠ ਦੀ ਪਰਖ ਕਰ ਲਈ ਸੀ | ਹਲਵਾਈ ਸੱਚ ਕਹਿ ਰਿਹਾ ਸੀ | ਇਹ ਥੈਲੀ ਉਸੇ ਦੀ ਸੀ | ਜਦੋਂ ਮਹਾਰਾਜੇ ਨੇ ਠੱਗਾਂ ਤੋਂ ਸਜ਼ਾ ਦੀ ਧਮਕੀ ਦੇ ਕੇ ਪੁੱਛਿਆ ਤਾਂ ਉਹ ਕੰਬਦੇ ਹੋਏ ਸਾਰਾ ਸੱਚ ਬਿਆਨ ਕਰ ਗਏ | ਇੰਜ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਇਨਸਾਫ ਕਰਨ ਦੀ ਲਾਜਵਾਬ ਸ਼ੈਲੀ ਨਾਲ ਦਰਬਾਰ ਵਿਚ ਹਾਜ਼ਰ ਲੋਕਾਂ ਨੂੰ ਮੋਹ ਲਿਆ |

Facebook Comment
Project by : XtremeStudioz