Close
Menu

ਹਾਸੇ-ਮਜ਼ਾਕ ਦਾ ਸਿਹਤਮੰਦ ਦਿਨ ਐਪਰਲ ਫੂਲ

-- 06 August,2013

pops-gag

ਪਹਿਲੀ ਅਪ੍ਰੈਲ ਦਾ ਦਿਨ, ਜਿਹੜਾ ਐਪਰਲ ਫੂਲ ਦੇ ਨਾਂ ‘ਤੇ ਜਾਣਿਆ ਜਾਂਦਾ ਹੈ, ਇਸ ਨੂੰ ਮੂਰਖ ਦਿਵਸ ਦੇ ਨਾਂ ਨਾਲ ਵੀ ਪ੍ਰਸਿੱਧੀ ਪ੍ਰਾਪਤ ਹੈ। ਇਸ ਦਿਨ ਕੋਈ ਕਿਸੇ ਨੂੰ ਮੂਰਖ ਬਣਾਉਂਦਾ ਹੈ ਅਤੇ ਕੋਈ ਖੁਦ ਮੂਰਖ ਬਣ ਜਾਂਦਾ ਹੈ। ਇਸ ਤਰ੍ਹਾਂ ਇਹ ਪਹਿਲੀ ਅਪ੍ਰੈਲ ਦਾ ਦਿਨ ਇੱਕ ਹਾਸੇ-ਮਜ਼ਾਕ ਦੇ ਸਿਹਤਮੰਦ ਦਿਨ ਵਜੋਂ ਮਾਣਿਆ ਜਾ ਸਕਦਾ ਹੈ।
ਭਾਵੇਂ ਇਸ ਮੂਰਖ ਦਿਵਸ ਜਾਂ ਐਪਰਲ ਫੂਲ ਡੇ ਦਾ ਰਿਵਾਜ ਬਹੁਤ ਪੁਰਾਣਾ ਹੈ, ਪਰ ਇਸ ਦੀ ਸ਼ੁਰੂਆਤ ਕਿਥੋਂ ਹੋਈ, ਇਸ ਸਬੰਧੀ ਵੱਖੋ-ਵੱਖਰੇ ਵਿਚਾਰਾਂ ਹਨ। ਇੱਕ ਧਾਰਨਾ ਅਨੁਸਾਰ ਇਸ ਦੀ ਸ਼ੁਰੂਆਤ ਰੋਮ, ਯੂਰਪ, ਫਰਾਂਸ, ਯੂਨਾਨ, ਇਟਲੀ ਆਦਿ ਤੋਂ ਹੋਈ, ਜਿਸ ਦੀਆਾਂ ਕਈ ਮਿਸਾਲਾਂ ਪ੍ਰਚੱਲਤ ਹਨ, ਜਿਵੇਂ ਯੂਰਪ ਵਿੱਚ ਪਹਿਲੀ ਅਪ੍ਰੈਲ ਮਨਾਉਣ ਦਾ ਰਿਵਾਜ ਇਸ ਤਰ੍ਹਾਂ ਸੀ ਕਿ ਇਸ ਦਿਨ ਯੂਰਪ ਦੇ ਹਰ ਘਰ ਵਿੱਚ ਨੌਕਰ ਮਾਲਕ ਬਣਦਾ ਸੀ ਅਤੇ ਮਾਲਕ ਨੌਕਰ। ਨੌਕਰ ਮਾਲਕ ਬਣ ਕੇ ਆਪਣੇ ਮਾਲਕ ਦੇ ਸੋਹਣੇ ਕੱਪੜੇ ਪਹਿਨਦਾ ਸੀ ਤੇ ਮਾਲਕ ਵਾਲੀ ਕੁਰਸੀ ‘ਤੇ ਬੈਠ ਕੇ ਹੁਕਮ ਚਲਾਉਂਦਾ ਸੀ। ਇਸ ਦਿਨ ਮਾਲਕ ਬਣੇ ਨੌਕਰ ਨੂੰ ਇਹ ਹੱਕ ਸੀ ਕਿ ਉਹ ਨੌਕਰ ਬਣੇ ਮਾਲਕ ਨੂੰ ਸਜ਼ਾ ਵੀ ਦੇ ਸਕਦਾ ਸੀ। ਆਪਣੇ-ਆਪ ਨੂੰ ਬਹੁਤ ਵੱਡੇ ਕਹਾਉਣ ਵਾਲੇ ਕਈ ਯੂਰਪੀਅਨਾਂ ਨੇ ਕਈ ਵਾਰੀ ਇਸ ਪ੍ਰੰਪਰਾ ਨੂੰ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਪ੍ਰੰਪਰਾ ਜਾਰੀ ਰੱਖਣ ਵਾਲਿਆਂ ਦਾ ਵਿਚਾਰ ਹੈ ਕਿ ਸਾਲ ਵਿੱਚ ਇੱਕ ਵਾਰ ਮੂਰਖ ਬਣ ਕੇ ਅਸੀਂ ਆਪਣੀ ਬੁੱਧੀ ਦਾ ਵਿਖਾਵਾ ਕਰਨਾ ਚਾਹੁੰਦੇ ਹਾਂ।
ਫਰਾਂਸ ਵਿੱਚ ਇਸ ਬਾਰੇ ਕਿਹਾ ਜਾਂਦਾ ਹੈ ਕਿ ਪੁਰਾਣੇ ਸਮੇਂ ਵਿੱਚ ਪਹਿਲੀ ਅਪ੍ਰੈਲ ਨੂੰ ਇੱਕ ਸਭਾ ਹੁੰਦੀ ਸੀ। ਉਸ ਦਿਨ ਰਾਜਾ, ਰਾਜਗੁਰੂ ਅਤੇ ਆਮ ਲੋਕ ਸ਼ਾਮਲ ਹੁੰਦੇ ਸਨ। ਇਸ ਸਭਾ ਦਾ ਇੱਕ ਪ੍ਰਧਾਨ ਚੁਣਿਆ ਜਾਂਦਾ, ਜਿਸ ਨੂੰ ਮੂਰਖਾਂ ਦਾ ਗੁਰੁੂ ਕਿਹਾ ਜਾਂਦਾ ਸੀ। ਇਸ ਪਿੱਛੋਂ ਹਾਸੇ ਵਾਲੇ ਭਾਸ਼ਣ ਹੁੰਦੇ, ਜਿਸ ਵਿੱਚ ਰਾਜਾ, ਰਾਜਗੁਰੂ ਅਤੇ ਧਰਮ ਪ੍ਰਚਾਰਕਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਉਥੇ ਇੱਕ ਗਧਾ (ਖੋਤਾ) ਸੰਮੇਲਨ ਹੁੰਦਾ ਸੀ, ਜਿਸ ਵਿੱਚ ਹਿੱਸਾ ਲੈਣ ਵਾਲੇ ਲੋਕ ਚਿਹਰੇ ‘ਤੇ ਗਧੇ ਦਾ ਮੁਖੌਟਾ ਚੜ੍ਹਾਉਂਦੇ, ਜਿਸ ਦੌਰਾਨ ਸਭ ਗਧੇ ਦੀ ਆਵਾਜ਼ ਕੱਢ ਕੇ ਇਸ ਤਰ੍ਹਾਂ ਇੱਕ ਦੂਜੇ ਨੂੰ ਮੂਰਖ ਸਮਝਦੇ ਹੋਏ ਸ਼ੌਕ ਪੂਰਾ ਕਰਦੇ।
ਯੂਨਾਨ ਬਾਰੇ ਕਿਹਾ ਜਾਂਦਾ ਹੈ ਕਿ ਉਥੇ ਇੱਕ ਸ਼ੇਖੀਖੋਰ ਹੁੰਦਾ ਸੀ, ਜਿਸ ਨੂੰ ਮੂਰਖ ਬਣਾਉਣ ਲਈ ਲੋਕਾਂ ਨੇ ਕਿਹਾ ਕਿ ਅੱਜ ਰਾਤ ਪਹਾੜੀ ‘ਤੇ ਦੇਵਤਾ ਪ੍ਰਗਟ ਹੋਵੇਗਾ, ਜਿਹੜਾ ਮੂੰਹ ਮੰਗਿਆ ਵਰ ਦੇਵੇਗਾ। ਇਹ ਸੁਣ ਕੇ ਸ਼ੇਖੀਖੋਰ ਕੁਝ ਹੋਰਨਾਂ ਲੋਕਾਂ ਨੂੰ ਨਾਲ ਲੈ ਕੇ ਪਹਾੜੀ ‘ਤੇ ਪੁੱਜਾ, ਪਰ ਜਦੋਂ ਦੇਵਤਾ ਪ੍ਰਗਟ ਨਾ ਹੋਇਆ ਤਾਂ ਉਹ ਆਪਣੇ ਸਾਥੀਆਂ ਸਮੇਤ ਵਾਪਸ ਮੁੜ ਪਿਆ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਜਿਨ੍ਹਾਂ ਲੋਕਾਂ ਨੇ ਸ਼ੇਖੀਖੋਰ ਨੂੰ ਦੇਵਤਾ ਪ੍ਰਗਟ ਹੋਣ ਦੀ ਗੱਲ ਕਹੀ ਸੀ, ਉਨ੍ਹਾਂ ਨੇ ਉਸ ਦਾ ਖੂਬ ਮਜ਼ਾਕ ਉਡਾਇਆ। ਉਸ ਦਿਨ ਪਹਿਲੀ ਅਪ੍ਰੈਲ ਸੀ। ਕਿਹਾ ਜਾਂਦਾ ਸੀ ਕਿ ਉਥੋਂ ਇਹ ਮਜ਼ਾਕ ਦਾ ਦਿਨ ਚੱਲਿਆ।
ਇਟਲੀ ਵਿੱਚ ਇਸ ਦਿਨ ਮਰਦ ਤੇ ਔਰਤ ਨੱਚਦੇ-ਗਾਉਂਦੇ ਅਤੇ ਮਜ਼ਾਕ ਕਰਦੇ ਹਨ, ਜਦ ਕਿ ਸਕਾਟਲੈਂਡ ਵਿੱਚ ਪਹਿਲੀ ਅਪ੍ਰੈਲ ਨੂੰ ਮੂਰਖ ਬਣਾਉਣ ਦੇ ਰਿਵਾਜ ਨੂੰ ਮੁਰਗਿਆਂ ਦਾ ਦਿਨ ਕਿਹਾ ਜਾਂਦਾ ਹੈ ਤੇ ਮਜ਼ਾਕ ਉਡਾਇਆ ਜਾਂਦਾ ਹੈ, ਕਿਉਂਕਿ ਉਥੇ ਮੁਰਗੇ ਨੂੰ ਮੂਰਖਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹੋਰ ਕਈ ਪ੍ਰਸੰਗ ਵੀ ਵਿਸ਼ੇਸ਼ ਤੌਰ ‘ਤੇ ਵਿਦੇਸ਼ਾਂ ਨਾਲ ਸਬੰਧਤ ਕਹੇ ਜਾਂਦੇ ਹਨ।
ਜਿਥੋਂ ਤੱਕ ਭਾਰਤ ਦਾ ਸੰਬੰਧ ਹੈ, ਇਸ ਬਾਰੇ ਇਹੋ ਕਿਹਾ ਜਾ ਸਕਦਾ ਹੈ ਕਿ ਇਹ ਪੱਛਮੀ ਸਭਿਅਤਾ ਦੀ ਦੇਣ ਹੈ। ਇਸ ਤੋਂ ਵਧੇਰੇ ਇਹ ਦਿਨ ਅੰਗਰੇਜ਼ੀਅਤ ਦੀ ਦੇਣ ਹੈ, ਕਿਉਂਕਿ ਜਿਵੇਂ ਅਸੀਂ ਅੰਗਰੇਜ਼ੀ ਅਤੇ ਅੰਗਰੇਜ਼ ਦਾ ਪਹਿਰਾਵਾ ਸਿਖਿਆ ਹੈ, ਕਲਰਕੀ ਅੰਗਰੇਜ਼ਾਂ ਨੇ ਸਿਖਾਈ ਹੈ, ਅੰਗਰੇਜ਼ੀ ਸ਼ਰਾਬ ਤੇ ਵ੍ਹਿਸਕੀ ਦਾ ਸੁਆਦ ਦਿੱਤਾ ਹੈ, ਇਸ ਤਰ੍ਹਾਂ ਕੁਝ ਮਜ਼ਾਕਾਂ ਦੀ ਦੇਣ ਵੀ ਉਸ ਤੋਂ ਸਾਨੂੰ ਹਾਸਲ ਹੋਈ ਹੈ। ਇਹੋ ਕਾਰਨ ਹੈ ਕਿ ਇਹ ਗੱਲ ਕਿਸੇ ਨੂੰ ਪਤਾ ਨਹੀਂ ਕਿ ਇਸ ਦਿਨ ਦੀ ਪ੍ਰੰਪਰਾ ਕਿਥੋਂ ਚੱਲੀ, ਪਰ ਇਹ ਗੱਲ ਪ੍ਰਚੱਲਤ ਜ਼ਰੂਰ ਹੈ ਕਿ ਪੀੜ੍ਹੀ-ਦਰ ਪੀੜ੍ਹੀ ਅਸੀਂ ਇੱਕ ਦੂਜੇ ਨੂੰ ਬੇਵਕੂਫ ਬਣਾ ਕੇ ਇਸ ਹਾਸੇ-ਮਜ਼ਾਕ ਵਾਲੇ ਦਿਨ ਐਪਰਲ ਫੂਲ ਦਾ ਆਨੰਦ ਮਾਣ ਰਹੇ ਹਾਂ।

Facebook Comment
Project by : XtremeStudioz