Close
Menu

ਹੈਨੋਈ ਵਾਰਤਾ ਮਗਰੋਂ ਵੀ ਸੰਵਾਦ ਜਾਰੀ ਰੱਖਣਗੇ ਕਿਮ ਤੇ ਟਰੰਪ

-- 02 March,2019

ਹੈਨੋਈ, 2 ਮਾਰਚ
ਉੱਤਰੀ ਕੋਰੀਆ ਨੇ ਅੱਜ ਕਿਹਾ ਕਿ ਹੈਨੋਈ ਵਾਰਤਾ ਦੌਰਾਨ ਭਾਵੇਂ ਉਹ ਅਮਰੀਕਾ ਨਾਲ ਪਰਮਾਣੂ ਸਮਝੌਤਾ ਕਰਨ ਵਿੱਚ ਨਾਕਾਮ ਰਿਹਾ, ਪਰ ਦੋਵੇਂ ਮੁਲਕ ਗੱਲਬਾਤ ਦੇ ਦੌਰ ਨੂੰ ਜਾਰੀ ਰੱਖਣਗੇ। ਉੱਤਰੀ ਕੋਰੀਆ ਨੇ ਕਿਹਾ ਮੀਟਿੰਗ ਬੇਸਿੱਟਾ ਰਹਿਣ ਦੇ ਬਾਵਜੂਦ ਦੋਵੇਂ ਮੁਲਕ ਕੂਟਨੀਤੀ ਦੇ ਦਰਾਂ ਨੂੰ ਖੁੱਲ੍ਹਾ ਰੱਖਣਗੇ। ਯਾਦ ਰਹੇ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਤੇ ਅਮਰੀਕੀ ਸਦਰ ਡੋਨਲਡ ਟਰੰਪ ਵਿਚਾਲੇ ਹੋਈ ਉੱਚ ਪੱਧਰੀ ਵਾਰਤਾ ਬਿਨਾਂ ਕਿਸੇ ਸਾਂਝੇ ਐਲਾਨਨਾਮੇ ਦੇ ਸਮਾਪਤ ਹੋ ਗਈ ਸੀ। ਹਾਲਾਂਕਿ ਮੀਟਿੰਗ ਉਪਰੰਤ ਦੋਵਾਂ ਮੁਲਕਾਂ ਨੇ ਜਮੂਦ ਤੋੜਨ ਵਿੱਚ ਨਾਕਾਮ ਰਹਿਣ ਦਾ ਦੋਸ਼ ਇਕ ਦੂਜੇ ਸਿਰ ਮੜਨ ਦੇ ਯਤਨ ਵੀ ਕੀਤੇ ਸਨ। ਸਿੰਗਾਪੁਰ ਵਿੱਚ ਇਤਿਹਾਸਕ ਸਿਖਰ ਵਾਰਤਾ ਮਗਰੋਂ ਵੀਅਤਨਾਮ ਵਿੱਚ ਦੋਵਾਂ ਆਗੂਆਂ ਦੀ ਇਹ ਦੂਜੀ ਮੀਟਿੰਗ ਸੀ।
ਉੱਤਰੀ ਕੋਰੀਆ ਦੀ ਅਧਿਕਾਰਤ ਖ਼ਬਰ ਏਜੰਸੀ ਕੇਸੀਐਨਏ ਨੇ ਕਿਹਾ ਕਿ ਕਿਮ ਤੇ ਟਰੰਪ ਕੋਰਿਆਈ ਪ੍ਰਾਇਦੀਪ ਵਿੱਚ ਨਿਸ਼ਸਤਰੀਕਰਨ ਤੇ ਦੋਵਾਂ ਮੁਲਕਾਂ ਵਿੱਚ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਰਚਨਾਤਮਕ ਗੱਲਬਾਤ ਲਈ ਸਹਿਮਤ ਹੋ ਗਏ ਸਨ। ਏਜੰਸੀ ਨੇ ਸਿਖਰ ਵਾਰਤਾ ਦਾ ਜ਼ਿਕਰ ਕਰਦਿਆਂ ਕਿਹਾ, ‘ਚੇਅਰਮੈਨ ਕਿਮ ਤੇ ਰਾਸ਼ਟਰਪਤੀ ਟਰੰਪ ਨੇ ਭਰੋਸਾ ਜਤਾਇਆ ਹੈ ਕਿ ਜੇਕਰ ਉੱਤਰੀ ਕੋਰੀਆ ਤੇ ਅਮਰੀਕਾ ਸੰਜਮ ਤੇ ਸਮਝ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਜ਼ਮੀਨੀ ਪੱਧਰ ’ਤੇ ਸੁਧਾਰ ਆ ਸਕਦਾ ਹੈ ਹਾਲਾਂਕਿ ਰਾਹ ਵਿੱਚ ਅੱਗੇ ਖਾਸੇ ਅੜਿੱਕੇ ਹਨ। ਉਂਜ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ ਹੋ ਨੇ ਟਰੰਪ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਪਿਓਂਗਯਾਂਗ ਉਸ ’ਤੇ ਲੱਗੀਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤੇ ਜਾਣ ਦੀ ਮੰਗ ਕਰ ਰਿਹਾ ਹੈ। ਰੀ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਪਾਬੰਦੀਆਂ ਆਰਜ਼ੀ ਤੌਰ ’ਤੇ ਖ਼ਤਮ ਕੀਤੇ ਜਾਣ ’ਤੇ ‘ਯੋਂਗਬਿਓਨ ਪ੍ਰਮਾਣੂ ਕੰਪਲੈਕਸ ਦਾ ਇਕ ਹਿੱਸਾ ਬੰਦ ਕਰਨ ਦੀ ਪੇਸ਼ਕਸ਼ ਕੀਤੀ ਸੀ।

Facebook Comment
Project by : XtremeStudioz