Close
Menu

ਜ਼ਿੰਦਗੀ

-- 18 September,2015

ਜ਼ਿੰਦਗੀ ਦਾ ਗੁੜ ਖਾਵੀਂ ਚੰਨਾ ,
ਜ਼ਿੰਦਗੀ ਦਾ ਹੋ ਜਾਵੀਂ ।

ਜੇ ਜ਼ਿੰਦਗੀ ਕਦੇ ਕੌੜੀ ਲੱਗੇ
ਬਹੁਤਾ ਦੂਰ ਨਾਂ ਜਾਵੀਂ ।

ਪੈਰਾਂ ਦੇ ਚਿੰਨ੍ਹ ਯਾਦ ਤੂੰ ਰੱਖੀਂ
ਜਿਸ ਰਸਤੇ ਤੂੰ ਜਾਵੇਂ,…

ਆਵਾਜ਼ ਮਾਰਾਂ ਤਾਂ ਸੁਣ ਲਈਂ ਮੈਨੂੰ
ਝੱਟ ਤੂੰ ਵਾਪਸ ਆਵੀਂ।

ਰੁੱਤਾਂ ਦਾ ਕੰਮ ਆਉਣਾ ਜਾਣਾ
ਰੁੱਤਾਂ ਨਾਲ ਨਾ ਰੁੱਸੀਏ,

ਕੋਈ ਇਕ ਰੁੱਤ ਜੇ ਵੈਰ ਕਮਾਵੇ
ਚਿੰਤਾ ਚਿੱਤ ਨਾ ਲਾਵੀਂ।

ਦਿਲ ਦਾ ਹੰਸ ਤਾਂ ਮੋਤੀ ਚਾਹੇ
ਕਾਹਨੂੰ ਕੰਕਰ ਚੁਣੀਏ,

ਵਗਦੇ ਪਾਣੀ ਜੀਵਨ ਵਰਗੇ
ਚਿੱਕੜੀਂ ਹੱਥ ਨਾ ਪਾਵੀਂ।

ਪਲ ਪਲ ਜੋੜ ਕੇ ਉਮਰਾਂ ਰਚੀਏ
ਸਾਹਾਂ ਦੀ ਨਾ ਗਿਣਤੀ ਕਰੀਏ,

ਸ਼ਹਿਦ ਤੋਂ ਮਿੱਠੜੇ ਪਲ ਮੈਂ ਦਿੱਤੇ
ਐਵੇਂ ਨਾ ਸੁੱਟ ਗਵਾਵੀਂ।

ਅੱਖਰਾਂ ਦੇ ਵਿਚ ਦਿਲ ਦੇ ਰਿਸ਼ਤੇ
ਕਦੀ ਨਾ ਪੂਰੇ ਆਉਂਦੇ,

ਝੂਠ ਸੱਚ ਜ਼ਿੰਦਗੀ ਤੋਂ ਛੋਟੇ
ਕੋਈ ਸ਼ੱਕ ਨਾ ਮੰਨ ਲਿਆਵੀਂ

ਅਗਲੇ ਪਿਛਲੇ ਸਮੇਂ ਦੀ ਦੁਬਿਧਾ
ਕਿਉਂ ਤੂੰ ਬੋਝਾ ਚੁੱਕਿਆ,

ਇਹ ਜੀਵਨ ਬਸ ‘ਤੂੰ ‘ ਤੇ ‘ਤੇਰਾ”
ਅੱਜ ਨੂੰ ਅੱਜ ਹੰਢਾਵੀਂ।

ਦਿਲਜੋਧ ਸਿੰਘ

Facebook Comment
Project by : XtremeStudioz