Close
Menu

56 ਇੰਚ ਕੀ ਛਾਤੀ ਹੈ, ਸਾਤ ਦਿਨ ਬਾਕੀ ਹੈਂ: ਰਾਹੁਲ

-- 17 May,2019

ਨਵੀਂ ਦਿੱਲੀ/ਕੁਸ਼ੀਨਗਰ (ਯੂਪੀ), 17 ਮਈ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ‘56 ਇੰਚ ਕੀ ਛਾਤੀ ਹੈ, ਬਸ ਸੱਤ ਦਿਨ ਬਾਕੀ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਪੰਜ ਸਾਲਾਂ ’ਚ ਇਕ ਵਾਅਦਾ ਪੂਰਾ ਨਹੀਂ ਕੀਤਾ। ਇਸ ਦੌਰਾਨ ਰਾਹੁਲ ਨੇ ਇਕ ਟਵੀਟ ਵਿੱਚ ਕਿਹਾ ਕਿ ਅੱਜਕੱਲ੍ਹ ਆਲਮੀ ਪੱਧਰ ’ਤੇ ਡਿਕਸ਼ਨਰੀ ਵਿੱਚ ਇਕ ਨਵਾਂ ਸ਼ਬਦ ‘ਮੋਦੀਲਾਈ’ (ਮੋਦੀ ਦਾ ਝੂਠ) ਕਾਫ਼ੀ ਮਕਬੂਲ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਇਕ ਵੈੱਬਸਾਈਟ ਵੀ ਹੈ, ਜਿਸ ਨੇ ਮੋਦੀ ਦੇ ਬਿਹਤਰੀਨ ਝੂਠ ਆਪਣੀ ਫਹਿਰਿਸਤ ’ਚ ਦਰਜ ਕੀਤੇ ਹਨ। ਉਨ੍ਹਾਂ ਟਵੀਟ ਵਿੱਚ ਵੈੱਬਸਾਈਟ ਦਾ ਲਿੰਕ ‘ਮੋਦੀ ਲਾਈਜ਼: ਦਿ ਮੋਸਟ ਐਕੁਰੇਟ ਲਿਸਟ ਆਫ਼ ਪੀਐਮ ਮੋਦੀ’ਜ਼ ਮੈਨੀ ਲਾਈਜ਼’ ਸਾਂਝੀ ਕੀਤੀ ਹੈ। ਇਸ ਫੋਟੋਸ਼ੋਪਡ ਪੇਜ ਵਿੱਚ ਇਸ ਨਵੇਂ ਸ਼ਬਦ ਦੇ ਤਿੰਨ ਮਤਲਬ ਤੇ ਸ਼ਬਦ ਦੀ ਵਰਤੋਂ ਲਈ ਮਿਸਾਲਾਂ ਦਿੱਤੀਆਂ ਗਈਆਂ ਹਨ। ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਦੀ ਜਨਤਾ ਨਾਲ ਕੀਤਾ ਇਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਵਿਅੰਗ ਵਿੱਚ ਕਿਹਾ ਕਿ ਨਾ ਤਾਂ ਚੰਗੇ ਦਿਨ ਆਏ, ਨਾ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਿਆ ਤੇ ਨਾ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਮੁੱਲ ਮਿਲਿਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਖਾਤਿਆਂ ’ਚ ਭਾਵੇਂ 15-15 ਲੱਖ ਨਹੀਂ ਆਏ, ਪਰ ਅਨਿਲ ਅੰਬਾਨੀ ਦੇ ਬੈਂਕ ਖਾਤੇ ’ਚ ਨਰਿੰਦਰ ਮੋਦੀ ਨੇ ਸਿੱਧੇ ਤੀਹ ਹਜ਼ਾਰ ਕਰੋੜ ਰੁਪਏ ਜ਼ਰੂਰ ਪਾ ਦਿੱਤੇ। ਉਨ੍ਹਾਂ ਦਾਅਵਾ ਕੀਤਾ ਕਿ ‘ਨਿਆਏ’ ਯੋਜਨਾ ਨਾਲ ਮੁਲਕ ਦੀ ਗਰੀਬੀ ਖ਼ਤਮ ਹੋ ਜਾਵੇਗੀ।
ਉਧਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮਹਾਰਾਜਗੰਜ ਵਿੱਚ ਰੈਲੀ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਨੂੰ ‘ਮਗਰੂਰ ਤੇ ਕਮਜ਼ੋਰ’ ਸਰਕਾਰ ਦੱਸਿਆ ਹੈ। ਉਨ੍ਹਾਂ ਵੀ ਪ੍ਰਧਾਨ ਮੰਤਰੀ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ।

Facebook Comment
Project by : XtremeStudioz