Close
Menu

ਅਪਲਾਈ ਕਰਨ ਵਾਲੇ ਉਮੀਦਵਾਰਾਂ ’ਚੋਂ ਹੀ ਬਣੇਗਾ ਵੀਸੀ: ਸੰਧੂ

-- 20 July,2017

ਪਟਿਆਲਾ, ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਐੱਸ.ਕੇ. ਸੰਧੂ ਨੇ ਕਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਨ ਲਈ ਜਿਨ੍ਹਾਂ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ, ਉਨ੍ਹਾਂ ਵਿੱਚੋਂ ਹੀ ਵਾਈਸ ਚਾਂਸਲਰ ਲਗਾਇਆ ਜਾਵੇਗਾ। ਬਣਾਈ ਗਈ ਸੂਚੀ ਵਿੱਚੋਂ ਪੈਨਲ ਬਣਾਇਆ ਗਿਆ ਹੈ ਅਤੇ ਇਸੇ ਵਿੱਚੋਂ ਹੀ ਵੀਸੀ ਲੱਗੇਗਾ। ਸ੍ਰੀ ਸੰਧੂ ਅੱਜ ਯੂਨੀਵਰਸਿਟੀ ਆਏ ਸਨ ਅਤੇ ਉਨ੍ਹਾਂ ਮੀਡੀਆ ਨਾਲ ਗੈਰ-ਰਸਮੀ ਗੱਲਬਾਤ ਕੀਤੀ। ਪੰਜਾਬੀ ਯੂਨੀਵਰਸਿਟੀ ’ਤੇ ਛਾਏ ਵਿੱਤੀ ਸੰਕਟ ਬਾਰੇ ਉਨ੍ਹਾਂ ਕਿਹਾ,‘‘ਮੇਰੇ ਕੋਲ ਕੋਈ ਜਾਦੂ ਮੰਤਰ ਨਹੀਂ ਹੈ ਕਿ ਮੈਂ ਅੱਜ ਹੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢ ਦੇਵਾਂ। ਇਸ ਸਬੰਧੀ ਕਾਫ਼ੀ ਮਿਹਨਤ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਨਾਲ ਵੀ ਗੱਲ ਕੀਤੀ ਜਾ ਰਹੀ ਹੈ। ਹੌਲੀ-ਹੌਲੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਿਆ ਜਾਵੇਗਾ।’’ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅੱਜ ਸਾਰੇ ਅਧਿਆਪਕਾਂ ਦੀ ਤਨਖ਼ਾਹ ਵੀ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਅੱਜ ਕਾਰਜਕਾਰੀ ਵੀਸੀ ਨੇ ਬਜਟ ਸ਼ਾਖਾ ਤੋਂ ਸਾਰੇ ਬਜਟ ਸਬੰਧੀ ਜਾਣਕਾਰੀ ਹਾਸਲ ਕੀਤੀ।

ਮਹਾਨ ਕੋਸ਼ ਦੀ ਵਿਕਰੀ ’ਤੇ ਲਗਾਈ ਪਾਬੰਦੀ

ਮਹਾਨ ਕੋਸ਼ ਸਬੰਧੀ ਬਣੀ ਕਮੇਟੀ ਵੱਲੋਂ ਸਿਫ਼ਾਰਸ਼ ਕਰਨ ਤੋਂ ਬਾਅਦ ਅੱਜ ਕਾਰਜਕਾਰੀ ਵੀਸੀ ਨੇ ਮਹਾਨ ਕੋਸ਼ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਸ੍ਰੀ ਸੰਧੂ ਨੇ ਕਿਹਾ ਹੈ ਕਿ ਕਮੇਟੀ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਅੱਜ ਮਹਾਨ ਕੋਸ਼ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਹਾਨ ਕੋਸ਼ ਬਾਰੇ ਇੱਕ ਮਹੀਨੇ ’ਚ ਰਿਪੋਰਟ ਆਉਣ ਤੋਂ ਬਾਅਦ ਮੁੜ ਵਿਚਾਰ ਕੀਤਾ ਜਾਵੇਗਾ।

Facebook Comment
Project by : XtremeStudioz