Close
Menu

ਅਮਨ ਅਰੋੜਾ ਨੇ ਲਿਖਿਆ ਕੈਪਟਨ ਨੂੰ ਪੱਤਰ, ਸੂਬੇ ਵਿਚ ਸਬਜ਼ੀਆਂ ਦੀ ਰਿਟੇਲ ਪ੍ਰਾਈਸ, ਰੈਗੂਲੇਟਰੀ ਅਥਾਰਿਟੀ ਬਣਾਉਣ ਦੀ ਕੀਤੀ ਮੰਗ

-- 16 February,2019

ਚੰਡੀਗੜ੍ਹ, 16 ਫਰਵਰੀ 2019

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸੂਬੇ ਵਿਚ ਸਬਜ਼ੀਆਂ ਦੇ ਮੁੱਲ ਨੂੰ ਕੰਟਰੋਲ ਵਿਚ ਰੱਖਣ ਲਈ ਸਬਜ਼ੀਆਂ ਦੀ ਰਿਟੇਲ ਪ੍ਰਾਈਸ ਰੈਗੂਲੇਟਰੀ ਅਥਾਰਿਟੀ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਅਰੋੜਾ ਨੇ ਕਿਹਾ ਕਿ ਸੂਬੇ ਭਰ ਵਿਚੋਂ ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਵੱਖ-ਵੱਖ ਸਥਾਨਾਂ ‘ਤੇ ਸਬਜ਼ੀਆਂ ਦੀ ਖ਼ਰੀਦ ਅਤੇ ਵੇਚ ਵੱਖ-ਵੱਖ ਮੁੱਲ ‘ਤੇ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਵਿਚ ਸਬਜ਼ੀ ਕਾਸ਼ਤਕਾਰਾਂ ਲਈ ਦੋਚਿੱਤੀ ਦੀ ਸਥਿਤੀ ਬਣੀ ਹੋਈ ਹੈ।

ਅਰੋੜਾ ਨੇ ਕਿਹਾ ਕਿ ਕਿਸੇ ਰੈਗੂਲੇਟਰੀ ਅਥਾਰਿਟੀ ਦੀ ਅਣਹੋਂਦ ਕਾਰਨ ਕਿਸਾਨਾਂ ਨੂੰ ਮਜਬੂਰੀ ਕਾਰਨ ਆਪਣੀਆਂ ਸਬਜ਼ੀਆਂ ਘੱਟ ਮੁੱਲ ‘ਤੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦਕਿ ਵਿਚੋਲੀਏ ਵਿਚੋਂ ਮੋਟਾ ਮੁਨਾਫ਼ਾ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਖ਼ਰੀਦਦਾਰ ਨੂੰ ਸਬਜ਼ੀਆਂ ਮਹਿੰਗੇ ਭਾਅ ‘ਤੇ ਮਿਲ ਰਹੀਆਂ ਹਨ। ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਨਾ ਤਾਂ ਕਿਸਾਨਾਂ ਨੂੰ ਸਬਜ਼ੀਆਂ ਦੇ ਚੰਗੇ ਮੁੱਲ ਮਿਲ ਰਹੇ ਹਨ ਅਤੇ ਨਾ ਹੀ ਆਮ ਲੋਕਾਂ ਨੂੰ ਸਸਤੀ ਸਬਜ਼ੀ ਮਿਲ ਰਹੀ ਹੈ।

ਅਰੋੜਾ ਨੇ ਕਿਹਾ ਕਿ ਸਮੇਂ ਦੀ ਮੁੱਖ ਮੰਗ ਹੈ ਕਿ ਸਬਜ਼ੀਆਂ ਦੀ ਭਾਅ ਨਿਰਧਾਰਿਤ ਕਰਨ ਲਈ ਰੈਗੂਲੇਟਰੀ ਅਥਾਰਿਟੀ ਬਣਾਈ ਜਾਵੇ ਤਾਂ ਜੋ ਸਬਜ਼ੀ ਕਾਸ਼ਤਕਾਰ ਕਿਸਾਨਾਂ ਦੀ ਆਮਦਨੀ ਵਿਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਮੰਡੀਆਂ ਵਿਚ ਨਜਾਇਜ਼ ਢੰਗ ਨਾਲ ਮੁਨਾਫ਼ਾ ਕਮਾ ਰਹੇ ਵਿਚੋਲਿਆਂ ਉੱਤੇ ਲਗਾਮ ਲੱਗੇਗੀ ਅਤੇ ਆਮ ਜਨਤਾ ਨੂੰ ਮਹਿੰਗਾਈ ਦੀ ਮਾਰ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਿਸਾਨਾਂ ਨੂੰ ਉਤਸ਼ਾਹਿਤ ਕਰ ਕੇ ਕਣਕ-ਝੋਨੇ ਦੇ ਚੱਕਰ ਵਿਚੋਂ ਕੱਢ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਵੱਲ ਲਗਾਇਆ ਜਾ ਸਕਦਾ ਹੈ।

Facebook Comment
Project by : XtremeStudioz