Close
Menu

ਅਮੀਰ\ਗ਼ਰੀਬ ਵਿਚਲਾ ਖੱਪਾ ਢਹਿੰਦੀਆਂ ਕਲਾ ’ਚ ਜਾਣ ਦਾ ਸੰਕੇਤ

-- 23 January,2018

ਦਾਵੋਸ, 23 ਜਨਵਰੀ
ਭਾਰਤ ਦੀ ਕੁੱਲ ਆਬਾਦੀ 1.3 ਅਰਬ ਹੈ ਤੇ ਇਨ੍ਹਾਂ ਵਿੱਚ ਅਮੀਰਾਂ ਦੀ ਗਿਣਤੀ ਮਹਿਜ਼ ਇਕ ਫੀਸਦ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਇਕ ਫੀਸਦ ਵਰਗ ਹੀ ਕੁੱਲ ਪੂੰਜੀ ਦਾ 73 ਫੀਸਦ ਸਾਂਭੀ ਬੈਠਾ ਹੈ। ਗ਼ਰੀਬ ਗੁਰਬੇ ਦੀ ਗੱਲ ਕਰੀਏ ਤਾਂ ਅੱਧੇ ਨਾਲੋਂ ਵੱਧ ਭਾਰਤੀ ਲਗਪਗ 67 ਕਰੋੜ ਲੋਕਾਂ ਦੀ ਪੂੰਜੀ ਵਿੱਚ ਮਹਿਜ਼ ਇਕ ਫੀਸਦ ਦਾ ਵਾਧਾ ਹੋਇਆ ਹੈ। ਇਹ ਦਾਅਵਾ ਓਕਸਫੈਮ ਨੇ ਇਕ ਰਿਪੋਰਟ ਵਿੱਚ ਕੀਤਾ ਹੈ।  ਓਕਸਫੈਮ ਇੰਡੀਆ ਦੀ ਸੀਈਓ ਨਿਸ਼ਾ ਅਗਰਵਾਲ ਨੇ ਕਿਹਾ, ‘ਆਰਥਿਕ ਵਿਕਾਸ ਦਾ ਲਾਹਾ ਕੁਝ ਮੁੱਠੀ ਭਰ ਲੋਕਾਂ ਹੱਥ   ਜਾਣਾ ਚਿੰਤਾਜਨਕ ਹੈ। ਅਰਬਪਤੀਆਂ ਦੀ ਪੂੰਜੀ ਦਾ ਲਗਾਤਾਰ ਤਾਂਹ ਨੂੰ ਚੜ੍ਹਨਾ ਸੰਪੰਨ ਅਰਥਚਾਰੇ ਦਾ ਨਹੀਂ ਬਲਕਿ ਆਰਥਿਕ ਪ੍ਰਬੰਧ ਦੇ ਢਹਿੰਦੀਆਂ ਕਲਾ ’ਚ ਜਾਣ ਦਾ ਸੰਕੇਤ ਹੈ।’ ‘ਰਿਵਾਰਡ ਵਰਕ, ਨੌਟ ਵੈਲਥ’ ਨਾਂ ਦੀ ਇਸ ਰਿਪੋਰਟ ਮੁਤਾਬਕ, ‘ਮਿਹਨਤ ਮੁਸ਼ੱਕਤ ਕਰਨ ਵਾਲੇ, ਕਾਸ਼ਤਕਾਰਾਂ, ਬੁਨਿਆਦੀ ਢਾਂਚੇ ਦੀ ਉਸਾਰੀ ’ਚ ਯੋਗਦਾਨ ਪਾਉਣ ਵਾਲੇ ਤੇ ਫੈਕਟਰੀਆਂ ’ਚ ਕੰਮ ਕਰਦੇ ਲੋਕਾਂ ਕੋਲ ਆਪਣੇ ਬੱਚਿਆਂ ਦੀ ਸਿੱਖਿਆ, ਪਰਿਵਾਰਕ ਮੈਂਬਰਾਂ ਦੀ ਦਵਾ ਦਾਰੂ ਤੇ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਜੋਗੇ ਵੀ ਪੈਸੇ ਨਹੀਂ ਹਨ। ਅਮੀਰ ਤੇ ਗ਼ਰੀਬ ’ਚ ਵਧਦਾ ਪਾੜਾ ਜਿੱਥੇ ਜਮਹੂਰੀਅਤ ਨੂੰ ਛੁਟਿਆਉਂਦਾ ਹੈ, ਉਥੇ ਭ੍ਰਿਸ਼ਟਾਚਾਰ ਤੇ ਪੂੰਜੀਵਾਦ ਨੂੰ ਵਧਾਉਂਦਾ ਹੈ।’ ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਪਿਛਲੇ ਇਕ ਸਾਲ ਵਿੱਚ ਅਰਬਪਤੀਆਂ ਦੀ ਸੂਚੀ ਵਿੱਚ 17 ਨਵੇਂ ਨਾਂਅ ਜੁੜਨ ਨਾਲ ਇਹ ਅੰਕੜਾ 101 ਨੂੰ ਪੁੱਜ ਗਿਆ ਹੈ। ਇਨ੍ਹਾਂ ਵਿੱਚੋਂ 37 ਫੀਸਦ ਧਨਕੁਬੇਰਾਂ ਨੂੰ ਇਹ ਪੂੰਜੀ ਵਿਰਸੇ ਵਿੱਚ ਮਿਲੀ ਹੈ। ਕੁੱਲ 101 ਅਰਬਪਤੀਆਂ ’ਚੋਂ 51 ਅਜਿਹੇ ਹਨ, ਜਿਨ੍ਹਾਂ ਦੀ ਉਮਰ 65 ਸਾਲ ਜਾਂ ਇਸ ਤੋਂ ਵੱਧ ਹੈ।
ਰਿਪੋਰਟ ਮੁਤਾਬਕ ਇਨ੍ਹਾਂ ਧਨਕੁਬੇਰਾਂ ਵੱਲੋਂ ਅਗਲੇ 20 ਸਾਲਾਂ ਵਿੱਚ ਘੱਟੋ-ਘੱਟ 10,544 ਅਰਬ ਰੁਪਏ ਅੱਗੇ ਵਾਰਸਾਂ ਨੂੰ ਦਿੱਤੇ ਜਾਣਗੇ ਅਤੇ ਜੇਕਰ ਇਸ ਰਕਮ ’ਤੇ ਜਾਇਦਾਦ ਟੈਕਸ ਲਾਇਆ ਜਾਵੇ ਸਰਕਾਰ ਨੂੰ 3176 ਅਰਬ ਰੁਪਏ ਦੀ ਕਮਾਈ ਹੋ ਸਕਦੀ ਹੈ। ਰਿਪੋਰਟ ਵਿੱਚ ਆਮਦਨ ਵਿਚਲੇ ਖੱਪੇ ਨੂੰ ਪੂਰਨ ਲਈ ਜਾਇਦਾਦ ਟੈਕਸ ਮੁੜ ਲਾਗੂ ਕਰਨ, ਪੂੰਜੀ ਟੈਕਸ ਵਧਾਉਣ, ਕਾਰਪੋਰੇਟ ਟੈਕਸ ਬ੍ਰੇਕ ਨੂੰ ਘਟਾਉਂਦਿਆਂ ਬਿਲਕੁਲ ਖ਼ਤਮ ਕਰਨ ਤੇ ਬਰਾਬਰ ਦੇ ਮੌਕੇ ਮੁਹੱਈਆ ਕਰਾਉਣ ਜਿਹੇ ਸੁਝਾਅ ਵੀ ਦਿੱਤੇ ਗਏ ਹਨ।

Facebook Comment
Project by : XtremeStudioz