Close
Menu

ਆਇਫਾ 2017: ਸ਼ਾਹਿਦ ਤੇ ਆਲੀਆ ਨੂੰ ਬਿਹਤਰੀਨ ਅਦਾਕਾਰ ਦਾ ਐਵਾਰਡ

-- 17 July,2017

ਨਿਊਯਾਰਕ, ਇਸ ਸ਼ਹਿਰ ਦਾ ‘ਕਦੇ ਨਾ ਸੌਣ ਵਾਲਾ’ ਤਖੱਲਸ ਮੈੱਟਲਾਈਫ ਸਟੇਡੀਅਮ ਵਿੱਚ ਸ਼ਨਿੱਚਰਵਾਰ ਰਾਤੀਂ ਆਇਫਾ ਐਵਾਰਡਜ਼ ਸਮਾਰੋਹ ਦੌਰਾਨ ਸੱਚ ਸਾਬਤ ਹੋਇਆ। ਸਮਾਰੋਹ ਦੌਰਾਨ ‘ਉੜਤਾ ਪੰਜਾਬ’ ਫਿਲਮ ਵਿੱਚ ਕੀਤੇ ਵਧੀਆ ਕੰਮ ਲਈ ਸ਼ਾਹਿਦ ਕਪੂਰ ਤੇ ਆਲੀਆ ਭੱਟ ਨੂੰ ਬਿਹਤਰੀਨ ਅਦਾਕਾਰ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ।
ਆਪਣੇ ਵਿਸ਼ਾ ਵਸਤੂ ਕਾਰਨ ਸੈਂਸਰ ਬੋਰਡ ਨਾਲ ਵਿਵਾਦਾਂ ਵਿੱਚ ਫਸੀ ਇਸ ਫਿਲਮ ਨਾਲ ਸਫ਼ਲਤਾ ਦਾ ਸਵਾਦ ਚੱਖਣ ਵਾਲੇ ਅਦਾਕਾਰਾਂ ਵਿੱਚ ਦਿਲਜੀਤ ਦੁਸਾਂਝ ਵੀ ਸ਼ਾਮਲ ਹੈ। ਉਸ ਨੂੰ ਬਿਹਤਰੀਨ ਸ਼ੁਰੂਆਤ (ਪੁਰਸ਼ ਅਦਾਕਾਰ) ਦੇ ਵਰਗ ਵਿੱਚ ਪੁਰਸਕਾਰ ਮਿਲਿਆ। ਇਸ ਫਿਲਮ ਲਈ ਐਵਾਰਡ ਪ੍ਰਾਪਤ ਕਰਨ ਵੇਲੇ ਤਿੰਨੇ ਕਲਾਕਾਰ ਭਾਵੁਕ ਹੋ ਗਏ। ਬਿਹਤਰੀਨ ਫਿਲਮ ਦਾ ਐਵਾਰਡ ਸੋਨਮ ਕਪੂਰ ਦੀ ਫਿਲਮ ‘ਨੀਰਜਾ’ ਨੂੰ ਮਿਲਿਆ, ਜੋ ਏਅਰ ਹੋਸਟਸ ਨੀਰਜਾ ਭਨੋਟ ਦੇ ਅਸਲ ਜੀਵਨ ਉਤੇ ਆਧਾਰਤ ਹੈ। ਅਦਾਕਾਰ ਜਿਮ ਸਰਭ ਨੂੰ ਇਸ ਫਿਲਮ ਵਿੱਚ ਆਪਣੀ ਖਲਨਾਇਕ ਵਾਲੀ ਭੂਮਿਕਾ ਲਈ ਪੁਰਸਕਾਰ ਮਿਲਿਆ।
ਅਨਿਰੁੱਧ ਰਾਏ ਚੌਧਰੀ ਨੂੰ ‘ਪਿੰਕ’ ਲਈ ਬਿਹਤਰੀਨ ਨਿਰਦੇਸ਼ਨ ਦਾ ਸਨਮਾਨ ਮਿਲਿਆ। ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਤਾਪਸੀ ਪੰਨੂ ਨੂੰ ‘ਵਿਮੈਨ ਆਫ ਦਿ ਈਅਰ’ ਪੁਰਸਕਾਰ ਲਈ ਚੁਣਿਆ ਗਿਆ। ਸੰਗੀਤਕਾਰ ਏ.ਆਰ. ਰਹਿਮਾਨ ਨੂੰ ਫਿਲਮ ਸੰਗੀਤ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਐਵਾਰਡ ਦਿੱਤਾ ਗਿਆ। ਬਿਹਤਰੀਨ ਸਹਾਇਕ ਅਦਾਕਾਰ ਦੇ ਵਰਗ ਵਿੱਚ ‘ਨੀਰਜਾ’ ਲਈ ਸ਼ਬਾਨਾ ਆਜ਼ਮੀ ਤੇ ਫਿਲਮ ‘ਐਮ.ਐਸ. ਧੋਨੀ: ਦਿ ਅਨਟੋਲਡ ਸਟੋਰੀ’ ਲਈ ਅਨੁਪਮ ਖੇਰ ਨੂੰ ਸਨਮਾਨ ਮਿਲਿਆ। ‘ਡਿਸ਼ੂਮ’ ਲਈ ਵਰੁਣ ਧਵਨ ਨੂੰ ਬਿਹਤਰੀਨ ਹਾਸਰਸ ਕਲਾਕਾਰ ਦਾ ਐਵਾਰਡ ਮਿਲਿਆ।
ਬਿਹਤਰੀਨ ਸੰਗੀਤ ਨਿਰਦੇਸ਼ਨ ਦਾ ਪੁਰਸਕਾਰ ‘ਐ ਦਿਲ ਹੈ ਮੁਸ਼ਕਲ’ ਲਈ ਪ੍ਰੀਤਮ ਦੀ ਝੋਲੀ ਪਿਆ ਅਤੇ ਅਮਿਤਾਭ ਭੱਟਾਚਾਰੀਆ ਨੂੰ ‘ਚੰਨਾ ਮੇਰਿਆ’ ਲਈ ਬਿਹਤਰੀਨ ਗੀਤਕਾਰ ਦਾ ਮਾਣ ਮਿਲਿਆ। ਗਾਇਕਾਂ ਵਿੱਚ ਕਨਿਕਾ ਕਪੂਰ ਨੂੰ ‘ਦਾ ਦਾ ਦਾਸੇ’ ਤੇ ਤੁਲਸੀ ਕੁਮਾਰ ਨੂੰ ‘ਸੋਚ ਨਾ ਸਕੇ’ ਲਈ ਮਹਿਲਾ ਵਰਗ ਵਿੱਚ ਸਾਂਝੇ ਤੌਰ ਉਤੇ ਪੁਰਸਕਾਰ ਮਿਲਿਆ, ਜਦੋਂ ਕਿ ਅਮਿਤ ਮਿਸ਼ਰਾ ਪੁਰਸ਼ ਵਰਗ ਵਿੱਚ ਜੇਤੂ ਰਿਹਾ।

Facebook Comment
Project by : XtremeStudioz