Close
Menu

ਆਖ਼ਰ ਟਰੰਪ ਮਾਰੂ ਹਥਿਆਰਾਂ ’ਤੇ ਪਾਬੰਦੀ ਬਾਰੇ ਸੋਚਣ ਲੱਗੇ

-- 21 February,2018

ਵਾਸ਼ਿੰਗਟਨ, 21 ਫਰਵਰੀ
ਫਲੋਰਿਡਾ ਦੇ ਇਕ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 17 ਜਾਨਾਂ ਲਏ ਜਾਣ ਦੀ ਘਟਨਾ ਤੋਂ ਬਾਅਦ ਲੋਕ ਰੋਹ ਦਾ ਸਾਹਮਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਮਾਰੂ ਹਥਿਆਰਾਂ ’ਤੇ ਰੋਕ ਲਾਉਣ ਬਾਰੇ ਸੋਚਣ ਲੱਗੇ ਹਨ। ਉਨ੍ਹਾਂ ਨਿਆਂ ਵਿਭਾਗ ਨੂੰ ਉਨ੍ਹਾਂ ਵਿਵਾਦਗ੍ਰਸਤ ‘ਬੰਪ ਸਟੌਕ’ ਯੰਤਰਾਂ ਉਤੇ ਪਾਬੰਦੀ ਲਾਉਣ ਬਾਰੇ ਵਿਚਾਰ ਲਈ ਕਿਹਾ ਹੈ, ਜਿਨ੍ਹਾਂ ਨਾਲ ਨੀਮ-ਆਟੋਮੈਟਿਕ ਰਾਈਫਲ ਨੂੰ ਪੂਰੀ ਆਟੋਮੈਟਿਕ ਬਣਾਇਆ ਜਾ ਸਕਦਾ ਹੈ।
ਅਜਿਹੇ ਯੰਤਰਾਂ ਨਾਲ ਰਾਈਫਲ ਤੋਂ ਇਕ ਮਿੰਟ ਵਿੱਚ ਸੈਂਕੜੇ ਗੋਲੀਆਂ ਦਾਗ਼ੀਆਂ ਜਾ ਸਕਦੀਆਂ ਹਨ। ਸ੍ਰੀ ਟਰੰਪ ਨੇ ਬੀਤੇ ਦਿਨ ਆਖਿਆ ਸੀ ਕਿ ਉਨ੍ਹਾਂ ਇਕ ਹੁਕਮ ਜਾਰੀ ਕਰ ਕੇ ਅਟਾਰਨੀ ਜਨਰਲ ਜੈੱਫ਼ ਸੈਸ਼ਨਜ਼ ਨੂੰ ਕਿਹਾ ਕਿ ਉਹ ਕਾਨੂੰਨਨ ਵਰਤੀਆਂ ਜਾ ਸਕਣ ਵਾਲੀਆਂ ਬੰਦੂਕਾਂ ਨੂੰ ਮਸ਼ੀਨਗੰਨਾਂ ਵਿੱਚ ਤਬਦੀਲ ਕਰਨ ਵਾਲੇ ਸਾਰੇ ਯੰਤਰਾਂ ਉਤੇ ਪਾਬੰਦੀ ਲਾਉਣ ਸਬੰਧੀ ਕਾਨੂੰਨ ਤਿਆਰ ਕਰਨ। ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਇਹ ਅਹਿਮ ਕਾਨੂੰਨ ਛੇਤੀ ਹੀ ਤਿਆਰ ਕਰ ਲਏ ਜਾਣਗੇ।’’ ਸ੍ਰੀ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਇਕ ਸਮਾਗਮ ਦੌਰਾਨ ਕਿਹਾ, ‘‘ਮੈਂ ਲਾਸ ਵੇਗਾਸ ਵਾਲੀ ਘਟਨਾ ਤੋਂ ਬਾਅਦ ਹੀ ਇਸ ਸਬੰਧੀ ਅਟਾਰਨੀ ਜਨਰਲ ਨੂੰ ਹੁਕਮ ਜਾਰੀ ਕੀਤੇ ਸਨ।’’

ਸਕੂਲਾਂ ’ਚ ਹਮਲਿਆਂ ਦੀਆਂ ਧਮਕੀਆਂ ਵਧੀਆਂ

ਹਿਊਸਟਨ: ਫਲੋਰਿਡਾ ਦੇ ਪਾਰਕਲੈਂਡ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸੋਸ਼ਲ ਮੀਡਆ ’ਤੇ ਅਮਰੀਕਾ ਭਰ ਦੇ ਸਕੂਲਾਂ ’ਚ ਹਮਲੇ ਦੀਆਂ ਝੂਠੀਆਂ ਧਮਕੀਆਂ ਦਾ ਹੜ੍ਹ ਆਇਆ ਹੋਇਆ ਹੈ। ਇਸ ਕਾਰਨ ਸਕੂਲ ਪ੍ਰਬੰਧਕਾਂ ਤੇ ਪੁਲੀਸ ਨੂੰ ਚੌਕਸੀ ਰੱਖਣੀ ਪੈ ਰਹੀ ਹੈ। ਪੁਲੀਸ ਵੱਲੋਂ ਅਜਿਹੀਆਂ ਧਮਕੀਆਂ ਪੋਸਟ ਕਰਨ ਵਾਲੇ ਵਿਦਿਆਰਥੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ।

Facebook Comment
Project by : XtremeStudioz