Close
Menu

‘ਆਪ’ ਵੱਲੋਂ ਬਗ਼ਾਵਤ ਸ਼ਾਂਤ ਕਰਨ ਦੇ ਯਤਨ

-- 18 March,2018

ਚੰਡੀਗਡ਼੍ਹ, ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕੁਝ ਵਿਧਾਇਕਾਂ ਅਤੇ ਆਗੂਆਂ ਨੇ ਅੱਜ ਦਿੱਲੀ ’ਚ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਨਵੇਂ ਘਟਨਾਕ੍ਰਮ ਬਾਰੇ ਚਰਚਾ ਕੀਤੀ। ਇਸ ਦੌਰਾਨ ਸ੍ਰੀ ਕੇਜਰੀਵਾਲ ਨੇ ਸੰਕੇਤ ਦਿੱਤੇ ਕਿ ਉਨ੍ਹਾਂ ਆਪਣੇ ਵਿਰੁੱਧ ਚਲਦੇ ਮਾਣਹਾਨੀ ਦੇ ਸਾਰੇ ਕੇਸਾਂ ਵਿੱਚ ਮੁਆਫ਼ੀ ਮੰਗਣ ਦਾ ਮਨ ਬਣਾ ਲਿਆ ਹੈ। ‘ਆਪ’ ਵਿਧਾਇਕ ਦਲ ਦੀ ਕੱਲ ਹੋਈ ਮੀਟਿੰਗ ਵਿੱਚ ਵੱਖਰੀ ਪਾਰਟੀ ਬਣਾਉਣ ਦੇ ਹੋਏ ਯਤਨਾਂ ਦੀ ਪੂਰੀ ਰਿਪੋਰਟ ਸ੍ਰੀ ਕੇਜਰੀਵਾਲ ਕੋਲ ਪੁੱਜ ਗਈ ਹੈ। ਹਾਈਕਮਾਂਡ ਨੇ ਇਕੱਲੇ-ਇਕੱਲੇ ਵਿਧਾਇਕ ਨਾਲ ਸੰਪਰਕ ਬਣਾਇਆ ਅਤੇ ਕਈਆਂ ਨੂੰ ਸ਼ਾਂਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸੂਬੇ ਦੇ ਸਾਰੇ 20 ਵਿਧਾਇਕਾਂ ਦੀ ਐਤਵਾਰ ਨੂੰ ਦਿੱਲੀ ਵਿੱਚ ਮੀਟਿੰਗ ਸੱਦ ਲਈ ਹੈ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਐਲਾਨ ਕੀਤਾ ਹੈ ਕਿ ਉਹ ਹਾਈਕਮਾਂਡ ਵੱਲੋਂ ਕੱਲ ਸੱਦੀ ਗਈ ਬੈਠਕ ’ਚ ਸ਼ਾਮਲ ਨਹੀਂ ਹੋਣਗੇ। ਸ੍ਰੀ ਕੇਜਰੀਵਾਲ ਨੂੰ ਮਿਲਣ ਗਏ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ ਅਤੇ ਅਮਰਜੀਤ ਸਿੰਘ ਸੰਦੋਆ ਤੇ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਤੇ ਸੂਬੇ ਦੇ ਮੁੱਖ ਬੁਲਾਰੇ ਹਰਜੋਤ ਬੈਂਸ ਆਦਿ ਨੇ ਉਨ੍ਹਾਂ ਤੋਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਕੋਲੋਂ ਮੁਆਫ਼ੀ ਮੰਗਣ ਦਾ ਕਾਰਨ ਵੀ ਪੁੱਛਿਆ।
ਸੂਤਰਾਂ ਅਨੁਸਾਰ ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਉਨ੍ਹਾਂ ਵਿਰੁੱਧ ਮਾਣਹਾਨੀ ਦੇ ਕਈ ਕੇਸ ਚਲਣ ਕਾਰਨ ਉਹ ਬਹੁਤਾ ਸਮਾਂ ਅਦਾਲਤੀ ਚੱਕਰਵਿਊ ਵਿੱਚ ਹੀ ਫਸੇ ਰਹਿੰਦੇ ਹਨ। ਇਸ ਤੋਂ ਇਲਾਵਾ ਪਾਰਟੀ ਕੋਲ ਫੰਡਾਂ ਦੀ ਭਾਰੀ ਤੋਟ ਹੈ ਅਤੇ ਵਕੀਲਾਂ ਆਦਿ ਦੀਆਂ ਫੀਸਾਂ ਦੇਣੀਆਂ ਅੌਖੀਆਂ ਹੋਈਆਂ ਪਈਆਂ ਹਨ। ਸ੍ਰੀ ਕੇਜਰੀਵਾਲ ਨੇ ਦਲੀਲ ਦਿੱਤੀ ਕਿ ਸਿਆਸੀ ਆਗੂਆਂ ਵਿਰੁੱਧ ਕੇਸਾਂ ਨੂੰ ਤੁਰੰਤ ਨਿਪਟਾਉਣ ਲਈ ਫਾਸਟ ਟਰੈਕ ਕੋਰਟ ਬਣਾਏ ਜਾ ਰਹੇ ਹਨ ਅਤੇ ਅਜਿਹੇ ਸ਼ੰਕੇ ਵੀ ਪੈਦਾ ਹੋ ਰਹੇ ਹਨ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਮਾਮਲਿਆਂ ਦੇ ਤੁਰੰਤ ਫ਼ੈਸਲੇ ਕਰਵਾ ਕੇ ਸਜ਼ਾ ਦਿਵਾਉਣ ਉਪਰੰਤ ਉਨ੍ਹਾਂ ਨੂੰ ਸਿਆਸੀ ਮੈਦਾਨ ’ਚੋਂ ਹੀ ਬਾਹਰ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਕੇਜਰੀਵਾਲ ਵਿਰੁੱਧ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਸਮੇਤ ਕਈ ਹੋਰ ਅਹਿਮ ਵਿਅਕਤੀਆਂ ਨੇ ਮਾਣਹਾਨੀ ਦੇ ਕੇਸ ਪਾਏ ਹੋਏ ਹਨ। ਪਾਰਟੀ ਦੇ ਪੰਜ ਜ਼ੋਨ ਪ੍ਰਧਾਨਾਂ ਕੁਲਦੀਪ ਧਾਲੀਵਾਲ, ਦਲਬੀਰ ਸਿੰਘ ਢਿੱਲੋਂ, ਅਨਿਲ ਠਾਕੁਰ, ਪਰਮਜੀਤ ਸਿੰਘ ਸਚਦੇਵਾ ਅਤੇ ਗੁਰਦਿੱਤ ਸਿੰਘ ਸੇਖੋਂ ਨੇ ਅੱਜ ਹੰਗਾਮੀ ਮੀਟਿੰਗ ਕਰਕੇ ਕਿਹਾ ਕਿ ਵੱਖਰੀ ਪਾਰਟੀ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਡਰੱਗਜ਼ ਦੇ ਮਾਮਲੇ ਵਿੱਚ ਸ੍ਰੀ ਮਜੀਠੀਆ ਵਿਰੁੱਧ ਲੋਕ ਲਹਿਰ ਖਡ਼੍ਹੀ ਕਰਨ ਦਾ ਐਲਾਨ ਵੀ ਕੀਤਾ। ਜ਼ੋਨ ਪ੍ਰਧਾਨਾਂ ਨੇ ਪਾਰਟੀ ਦੇ ਸੰਕਟ ਨੂੰ ਦੂਰ ਕਰਨ ਲਈ ਸ੍ਰੀ ਕੇਜਰੀਵਾਲ, ਇੰਚਾਰਜ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਵਿਧਾਇਕ ਅਮਨ ਅਰੋਡ਼ਾ ਨੂੰ ਮਿਲਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਹਾਈਕਮਾਂਡ ਨੂੰ ਮਾਨ ਅਤੇ ਅਰੋਡ਼ਾ ਦਾ ਅਸਤੀਫ਼ਾ ਨਾਮਨਜ਼ੂਰ ਕਰਨ ਦੀ ਅਪੀਲ ਕੀਤੀ ਹੈ।

ਫੂਲਕਾ ਨੇ ‘ਆਪ’ ਦੀ ਪੰਜਾਬ ਇਕਾਈ ਲਈ ਖੁਦਮੁਖ਼ਤਿਆਰੀ ਮੰਗੀ

ਵਿਧਾਇਕ ਐਚ ਐਸ ਫੂਲਕਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਵੱਖਰੀ ਪਾਰਟੀ ਬਣਾਉਣ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਦੀ ਦਲੀਲ ਹੈ ਕਿ ਪੰਜਾਬ ਦੀ ਇਕਾਈ ਖੁਦਮੁਖਤਿਆਰ ਹੋਣੀ ਚਾਹੀਦੀ ਹੈ ਅਤੇ ਸੂਬੇ ਵਿੱਚ ਪਾਰਟੀ ਦੇ ਸਾਰੇ ਫ਼ੈਸਲੇ ਲੈਣ ਦਾ ਅਧਿਕਾਰ ਸਥਾਨਕ ਲੀਡਰਸ਼ਿਪ ਕੋਲ ਹੀ ਹੋਣਾ ਚਾਹੀਦਾ ਹੈ। ਸ੍ਰੀ ਫੂਲਕਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਨ੍ਹਾਂ ਸ੍ਰੀ ਕੇਜਰੀਵਾਲ ਵੱਲੋਂ ਮੁਆਫ਼ੀ ਮੰਗਣ ’ਤੇ ਹੀ ਰੋਸ ਪ੍ਰਗਟ ਕੀਤਾ ਹੈ ਪਰ ਵੱਖਰੀ ਪਾਰਟੀ ਬਣਾਉਣ ਦੀ ਕੋਈ ਗੱਲ ਨਹੀਂ ਆਖੀ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਵੱਖਰੀ ਪਾਰਟੀ ਬਣਾਉਣ ਦੀ ਕੋਈ ਸਹਿਮਤੀ ਨਹੀਂ ਦਿੱਤੀ ਹੈ ਅਤੇ ਸਿਰਫ਼ ਇਹੋ ਕਿਹਾ ਸੀ ਕਿ ਉਨ੍ਹਾਂ ਵੱਲੋਂ ਲਏ ਜਾਣ ਵਾਲੇ ਫ਼ੈਸਲਿਆਂ ਨਾਲ ਉਹ ਸਹਿਮਤ ਹੋਣਗੇ। ਉਧਰ ਭਗਵੰਤ ਮਾਨ ਵੀ ਫਿਲਹਾਲ ਵੱਖਰੀ ਪਾਰਟੀ ਬਣਾਉਣ ਦੇ ਹੱਕ ’ਚ ਨਹੀਂ ਜਾਪਦੇ। ਇਸ ਦੌਰਾਨ ਸ੍ਰੀ ਖਹਿਰਾ ਅਤੇ ਉਨ੍ਹਾਂ ਦੇ ਸਮਰਥਕ ਅੱਜ ਸਿਆਸੀ ਗੁਣਾ-ਘਟਾਓ ਕਰਦੇ ਰਹੇ।

Facebook Comment
Project by : XtremeStudioz