Close
Menu

ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਖਿਡਾਰੀਆਂ ਨੂੰ ਮਿਲਿਆ ਔਖਾ ਡਰਾਅ

-- 14 February,2019

ਬਰਮਿੰਘਮ, 14 ਫਰਵਰੀ
ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਸਮੇਤ ਭਾਰਤੀ ਬੈਡਮਿੰਟਨ ਖਿਡਾਰੀਆਂ ਨੂੰ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਮੁਸ਼ਕਿਲ ਡਰਾਅ ਮਿਲਿਆ ਹੈ। ਅਠਾਰਾਂ ਸਾਲ ਬਾਅਦ ਇੱਥੇ ਖ਼ਿਤਾਬ ਜਿੱਤਣ ਦਾ ਸੁਪਨਾ ਪੂਰਾ ਕਰਨ ਦੇ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਪਿਛਲੇ ਸਾਲ ਸੈਮੀਫਾਈਨਲ ਤੱਕ ਪੁੱਜੀ ਸੀ।ਇਸ ਵਾਰ ਉਹ ਦੱਖਣੀ ਕੋਰੀਆ ਦੀ ਸੁੰਗ ਜੀ ਹਿਊਨ ਦੇ ਨਾਲ ਪਹਿਲਾ ਮੈਚ ਖੇਡੇਗੀ ਜਦੋਂ ਕਿ ਇੰਡੋਨੇਸ਼ੀਆ ਮਾਸਟਰਜ਼ ਚੈਂਪੀਅਨਜ਼ ਸਾਇਨਾ ਦਾ ਮੁਕਾਬਲਾ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨਾਲ ਹੋਵੇਗਾ। ਸਾਇਨਾ ਅਤੇ ਸਿੰਧੂ ਕੌਮੀ ਚੈਂਪੀਅਨਸ਼ਿਪ ਖੇਡ ਕੇ ਇੱਥੋਂ ਸਿੱਧੀਆਂ ਬਰਮਿੰਘਮ ਜਾਣਗੀਆਂ। ਇੱਥੇ ਛੇ ਮਾਰਚ ਨੂੰ ਆਲ ਇੰਗਲੈਂਡ ਚੈਂਪੀਅਨਸ਼ਿਪ ਸ਼ੁਰੂ ਹੋਵੇਗੀ। ਸਿੰਧੂ ਨੂੰ ਪਿਛਲੇ ਸਾਲ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਹਿਊਨ ਨੇ ਹਰਾ ਦਿੱਤਾ ਸੀ।
ਦੁਨੀਆਂ ਦੀ ਸਾਬਕਾ ਨੰਬਰ ਇੰਕ ਖਿਡਾਰਨ ਸਾਇਨਾ ਨੇਹਵਾਲ 2015 ਵਿਚ ਆਲ ਇੰਗਲੈਂਡ ਦੇ ਫਾਈਨਲ ਵਿਚ ਪੁੱਜੀ ਸੀ। ਇਸ ਸਾਲ ਉਹ ਮਲੇਸ਼ੀਆ ਮਾਸਟਰਜ਼ ਸੈਮੀਫਾਈਨਲਜ਼ ਵਿਚ ਪੁੱਜੀ ਸੀ ਤੇ ਖਿਤਾਬ ਜਿੱਤਿਆ ਸੀ। ਲੰਡਨ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਦਾ ਸਾਹਮਣਾ ਕੁਆਰਟਰ ਫਾਈਨਲ ਵਿਚ ਦੁਨੀਆਂ ਦੀ ਨੰਬਰ ਇੱਕ ਖਿਡਾਰਨ ਚੀਨੀ ਤਾਇਪੈ ਦੀ ਤਾਈ ਝੂ ਯਿੰਗ ਦੇ ਨਾਲ ਹੋ ਸਕਦਾ ਹੈ, ਜਿਸ ਦੇ ਨਾਲ ਉਹ ਪਿਛਲੇ 11 ਮੈਚ ਹਾਰ ਚੁੱਕੀ ਹੈ। ਤਿੰਨ ਵਾਰ ਦੀ ਚੈਂਪੀਅਨ ਕੈਰੋਲਿਨ ਮਾਰਿਨ ਗੋਡੇ ਦੀ ਸੱਟ ਕਾਰਨ ਟੂਰਨਾਮੈਂਟ ਨਹੀਂ ਖੇਡ ਰਹੀ।
ਪੁਰਸ਼ਾਂ ਦੇ ਸਿੰਗਲਜ਼ ਵਰਗ ਵਿਚ ਕਿਦੰਬੀ ਸ੍ਰੀਕਾਂਤ ਦਾ ਮੁਕਾਬਲਾ ਪਹਿਲੇ ਦੌਰ ਵਿਚ ਫਰਾਂਸ ਦੇ ਬਰਾਈਸ ਲੀਵਰਦੇਜ ਨਾਲ ਹੋਵੇਗਾ। ਕੁਆਰਟਰ ਫਾਈਨਲ ਵਿਚ ਉਸਦੀ ਟੱਕਰ ਕੇਂਤੋ ਮੋਮਾਂਤਾ ਨਾਲ ਹੋ ਸਕਦੀ ਹੈ,ਜਿਸ ਤੋਂ ਉਹ ਪਿਛਲੇ ਸੈਸ਼ਨ ਵਿੱਚ ਪੰਜ ਵਾਰ ਹਾਰ ਚੁੱਕਾ ਹੈ। ਵਿਸ਼ਵ ਟੂਰ ਫਾਈਨਲਜ਼ ਦੇ ਸੈਮੀ ਫਾਈਨਲਜ਼ ਵਿਚ ਪੁੱਜੇ ਸਮੀਰ ਵਰਮਾ ਦੀ ਟੱਕਰ ਦੁਨੀਆਂ ਦੇ ਸਾਬਕਾ ਨੰਬਰ ਇੱਕ ਖਿਡਾਰੀ ਡੈਨਮਾਰਕ ਦੇ ਵਿਕਟਰ ਐਕਸੇਲਸਨ ਨਾਲ ਹੋਵੇਗੀ। ਬੀ ਸਾਈ ਪ੍ਰਣੀਤ ਅਤੇ ਐੱਚਐੱਸ ਪ੍ਰਣਾਏ ਇੱਕ ਦੂਜੇ ਦੇ ਨਾਲ ਖੇਡਣਗੇ। ਮਹਿਲਾ ਡਬਲਜ਼ ਵਿਚ ਅਸ਼ਿਵਨੀ ਪੁਨੱਪਾ ਅਤੇ ਐੱਨ ਸਿੱਕੀ ਰੈਡੀ ਦੀ ਜੋੜੀ ਦੀ ਟੱਕਰ ਸੱਤਵਾਂ ਦਰਜਾ ਪ੍ਰਾਪਤ ਜਪਾਨ ਦੀ ਸ਼ੀਹੋ ਤਨਾਕਾ ਅਤੇ ਕੋਹਾਰੂ ਯੋਨੇਮੋਤੋ ਨਾਲ ਹੋਵੇਗੀ। ਮੇਘਨਾ ਅਤੇ ਪੁਰਵਿਸ਼ਾ ਐੱਸ ਰਾਮ ਦਾ ਸਾਹਮਣਾ ਰੂਸ ਦੀ ਐਕਟੇਰੀਨਾਬੋਲੋਤੋਵਾ ਅਤੇ ਐਲੀਨਾ ਡੀ ਨਾਲ ਹੋਵੇਗਾ।

Facebook Comment
Project by : XtremeStudioz