Close
Menu

ਇਰਾਨੀ ਜਹਾਜ਼ ਹਾਦਸਾਗ੍ਰਸਤ; 66 ਹਲਾਕ

-- 19 February,2018

ਤਹਿਰਾਨ, 19 ਫਰਵਰੀ
ਇਰਾਨ ਦਾ ਇਕ ਹਵਾਈ ਜਹਾਜ਼ ਅੱਜ ਜ਼ਗਰੌੌਸ ਪਹਾੜੀਆਂ ’ਤੇ ਡਿੱਗ ਕੇ ਤਬਾਹ ਹੋ ਗਿਆ ਜਿਸ ਵਿੱਚ ਸਵਾਰ ਸਾਰੇ 66 ਮੁਸਾਫ਼ਰ ਮਾਰੇ ਗਏ ਹਨ। ਏਅਰਲਾਈਨ ਦੇ ਲੋਕ ਸੰਪਰਕ ਅਧਿਕਾਰੀ ਮੁਹੰਮਦ ਤਬਤਾਬਾਈ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਆਸਮਾਨ ਏਅਰਲਾਈਨਜ਼ ਦੀ ਉਡਾਣ ਤਹਿਰਾਨ ਦੇ ਮੇਹਰਾਬਾਦ ਹਵਾਈ ਅੱਡੇ ਤੋਂ ਉਡੀ ਸੀ ਜੋ ਇਸਫਾਹਨ ਪ੍ਰਾਂਤ ਦੇ ਯਾਸੁਜ ਸ਼ਹਿਰ ਵੱਲ ਜਾ ਰਹੀ ਸੀ। ਉਨ੍ਹਾਂ ਸਰਕਾਰੀ ਟੀਵੀ ਆਈਆਰਆਈਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੇਨਾ ਤੋਂ ਲਗਪਗ 25 ਕੁ ਕਿਲੋਮੀਟਰ ਦੂਰ ਜਹਾਜ਼ ਜਗਰੌਸ ਰੇਂਜ ਦੇ ਦੇਨਾ ਖੇਤਰ ਵਿੱਚ ਡਿਗ ਕੇ ਤਬਾਹ ਹੋ ਗਿਆ। ਸ਼੍ਰੀ ਤਬਤਾਬਾਈ ਨੇ ਦੱਸਿਆ ‘‘ ਇਲਾਕੇ ਵਿੱਚ ਭਾਲ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਮੰਦੇ ਭਾਗੀਂ ਇਸ ਘਟਨਾ ਵਿੱਚ ਸਾਡੇ ਸਾਰੇ ਅਜ਼ੀਜ਼ ਹਲਾਕ ਹੋ ਗਏ ਹਨ। ਜਹਾਜ਼ ਵਿੱਚ ਇਕ ਬੱਚੇ ਸਣੇ 60 ਮੁਸਾਫ਼ਰ ਤੇ ਚਾਲਕ ਦਸਤੇ ਦੇ ਛੇ ਮੈਂਬਰ ਸਵਾਰ ਸਨ। ਇਰਾਨ ਦੀ ਰੈੱਡ ਕ੍ਰੀਸੈਂਟ ਦੇ ਬਚਾਓ ਤੇ ਰਾਹਤ ਅਦਾਰੇ ਨੇ ਕਿਹਾ ਕਿ ਉਸ ਨੇ ਖਿੱਤੇ ਅੰਦਰ 12 ਟੀਮਾਂ ਭੇਜੀਆਂ ਹਨ। ਕੌਮੀ ਹੰਗਾਮੀ ਸੇਵਾਵਾਂ ਦੇ ਤਰਜਮਾਨ ਮੁਜਤਬਾ ਖਾਲਦੀ ਨੇ ਕਿਹਾ ਕਿ ਪਹਾੜੀ ਖੇਤਰ ਹੋਣ ਕਰ ਕੇ ਐਂਬੂਲੈਂਸਾਂ ਭੇਜਣੀਆਂ ਸੰਭਵ ਨਹੀਂ। ਇਰਾਨ ’ਤੇ ਕਈ ਦਹਾਕੇ ਪਾਬੰਦੀਆਂ ਲੱਗਣ ਕਰ ਕੇ ਦੇਸ਼ ਦੇ ਹਵਾਬਾਜ਼ੀ ਖੇਤਰ ਨੂੰ ਗਹਿਰੀ ਸੱਟ ਵੱਜੀ ਸੀ ਤੇ ਹਾਲੀਆ ਸਾਲਾਂ ਦੌਰਾਨ ਕਈ ਹਾਦਸੇ ਵਾਪਰ ਚੁੱਕੇ ਹਨ। 2104 ਵਿੱਚ ਇਕ ਸੀਪਾਹਨ ਜਹਾਜ਼ ਨਾਲ ਹੋਏ ਹਾਦਸੇ ਵਿੱਚ 39 ਮੁਸਾਫ਼ਰ ਮਾਰੇ ਗਏ ਸਨ। ਸ੍ਰੀ ਤਬਤਾਬਾਈ ਨੇ ਕਿਹਾ ਕਿ ਹਾਦਸੇ ਦਾ ਸ਼ਿਕਾਰ ਬਣਿਆ ਦੋ ਇੰਜਣਾਂ ਵਾਲਾ ਟਰਬੋਪਰੌਪ ਏਟੀਆਰ-72 ਜਹਾਜ਼ ਸੀ। ਆਸਮਾਨ ਕੰਪਨੀ ਦੇ ਬੇੜੇ ਵਿੱਚ 36 ਜਹਾਜ਼ ਹਨ ਜਿਨ੍ਹਾਂ ’ਚੋਂ ਅੱਧ ਤੋਂ ਵੱਧ 105 ਸੀਟਾਂ ਵਾਲੇ ਡੱਚ ਫੌਕਰ 100 ਜਹਾਜ਼ ਹਨ। ਇਸ ਦੇ ਤਿੰਨ ਬੋਇੰਗ 727-200 ਜਹਾਜ਼ ਇਸਲਾਮੀ ਕ੍ਰਾਂਤੀ ਵੇਲਿਆਂ ਦੇ ਹਨ ਜਿਨ੍ਹਾਂ ਨੇ ਪਹਿਲੀ ਵਾਰ 1980 ਵਿੱਚ ਉਡਾਣ ਭਰੀ ਸੀ।

Facebook Comment
Project by : XtremeStudioz