Close
Menu

ਇਸ਼ਰਤ ਜਹਾਂ ਕੇਸ: ਗੁਜਰਾਤ ਦਾ ਸਾਬਕਾ ਪੁਲੀਸ ਮੁਖੀ ਪਾਂਡੇ ਬਰੀ

-- 22 February,2018

ਅਹਿਮਦਾਬਾਦ, 22 ਫਰਵਰੀ
ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਗੁਜਰਾਤ ਦੇ ਸਾਬਕਾ ਡੀਜੀਪੀ ਪੀ.ਪੀ. ਪਾਂਡੇ ਨੂੰ ਇਸ਼ਰਤ ਜਹਾਂ ਤੇ ਤਿੰਨ ਹੋਰਨਾਂ ਦੇ ਝੂਠੇ ਪੁਲੀਸ ਮੁਕਾਬਲੇ ਸਬੰਧੀ ਕੇਸ ਵਿੱਚੋਂ ਅੱਜ ਬਰੀ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਜੇ.ਕੇ. ਪਾਂਡਿਆ ਨੇ ਇਸ ਆਧਾਰ ’ਤੇ ਸ੍ਰੀ ਪਾਂਡੇ ਨੂੰ ਕੇਸ ਵਿੱਚੋਂ ਲਾਂਭੇ ਕੀਤੇ ਜਾਣ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਕਿ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ।
ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਦੋਸ਼ ਲਾਇਆ ਸੀ ਕਿ 2004 ਵਿੱਚ ਇਸ਼ਰਤ ਜਹਾਂ ਤੇ ਤਿੰਨ ਹੋਰਨਾਂ ਨੂੰ ਅਗਵਾ ਕਰ ਕੇ ਕਤਲ ਕਰਨ ਪਿੱਛੋਂ ਘਟਨਾ ਨੂੰ ਪੁਲੀਸ ਮੁਕਾਬਲਾ ਕਰਾਰ ਦੇਣ ਦੇ ਕੇਸ ਵਿੱਚ ਸ੍ਰੀ ਪਾਂਡੇ ਵੀ ਸ਼ਾਮਲ ਸਨ। ਉਸ ਵਕਤ ਉਹ ਅਹਿਮਦਾਬਾਦ ਕਰਾਈਮ ਬਰਾਂਚ ਦੇ ਮੁਖੀ ਸਨ।
ਅਦਾਲਤ ਨੇ ਅੱਜ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਕਿਸੇ ਵੀ ਗਵਾਹ ਨੇ ਸ੍ਰੀ ਪਾਂਡੇ ਦੀ ਮਾਮਲੇ ਵਿੱਚ ਸ਼ਮੂਲੀਅਤ ਦੀ ਗੱਲ ਨਹੀਂ ਆਖੀ। ਅਦਾਲਤ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਖ਼ਿਲਾਫ਼ ਗਵਾਹਾਂ ਨੇ ਜੋ ਸਬੂਤ ਪੇਸ਼ ਵੀ ਕੀਤੇ ਹਨ, ਉਹ ਵੀ ਆਪਾ ਵਿਰੋਧੀ ਹਨ ਕਿਉਂਕਿ ਉਨ੍ਹਾਂ ਵੱਖੋ-ਵੱਖ ਜਾਂਚ ਏਜੰਸੀਆਂ ਨੂੰ ਵੱਖੋ-ਵੱਖ ਸਬੂਤ ਦਿੱਤੇ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਇਕ ਸਰਕਾਰੀ ਅਫ਼ਸਰ ਹੋਣ ਕਾਰਨ ਸ੍ਰੀ ਪਾਂਡੇ ਖ਼ਿਲਾਫ਼ ਕੇਸ ਚਲਾਉਣ ਲਈ ਲੋੜੀਂਦੀ ਇਜਾਜ਼ਤ ਵੀ ਜਾਂਚ ਅਧਿਕਾਰੀ ਨੇ ਉਨ੍ਹਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰਨ ਤੋਂ ਪਹਿਲਾਂ ਹਾਸਲ ਨਹੀਂ ਸੀ ਕੀਤੀ। 

Facebook Comment
Project by : XtremeStudioz